ਪੰਜਾਬ/ਹਰਿਆਣਾ - ਹਰਿਆਣੇ ਦੇ ਸਿਰਸਾ, ਫਤਿਹਾਬਾਦ, ਹਿਸਾਰ, ਜੀਂਦ, ਕੈਥਲ, ਕੁਰੂਕਸ਼ੇਤਰ, ਅੰਬਾਲਾ, ਪੰਚਕੂਲਾ ਅਤੇ ਝਾਂਸੀ ਨੂੰ ਨਾਜ਼ੁਕ ਜ਼ਿਲਿਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਡੀ. ਜੀ. ਪੀ. ਡੀ. ਐੱਸ. ਸੰਧੂ ਨੇ ਦੱਸਿਆ ਕਿ ਸਿਰਸਾ, ਫਤਿਹਾਬਾਦ ਅਤੇ ਪੰਚਕੂਲਾ ਨੂੰ ਬੇਹੱਦ ਨਾਜ਼ੁਕ ਜ਼ਿਲਿਆਂ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਸਿਰਸਾ ਤੋਂ ਪੰਚਕੂਲਾ ਤੱਕ ਸਭ ਜ਼ਿਲਿਆਂ ਨੂੰ ਨਾਜ਼ੁਕ ਸ਼੍ਰੇਣੀ ਵਿਚ ਲਿਆਂਦਾ ਗਿਆ ਹੈ। ਹਿਸਾਰ, ਫਤਿਆਬਾਦ, ਜੀਂਦ, ਕੈਥਲ ਵਿਖੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਜਿਥੇ ਵੀ ਹਾਲਾਤ ਵਿਗੜਨ ਦਾ ਡਰ ਹੈ, ਉਥੇ ਧਾਰਾ 144 ਲਾਗੂ ਕੀਤੀ ਜਾ ਰਹੀ ਹੈ।
ਪੰਜਾਬ ਨੂੰ 3 ਸ਼੍ਰੇਣੀਆਂ 'ਚ ਵੰਡਿਆ
ਪੇਸ਼ੀ ਨੂੰ ਲੈ ਕੇ ਪੰਜਾਬ ਨੂੰ 3 ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ। ਪਹਿਲਾ ਅਤਿਅੰਤ ਨਾਜ਼ੁਕ ਜ਼ਿਲਿਆਂ ਵਿਚ ਬਠਿੰਡਾ, ਸੰਗਰੂਰ, ਮਾਨਸਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਹਨ। ਨਾਜ਼ੁਕ ਜ਼ਿਲਿਆਂ ਵਿਚ ਮੋਹਾਲੀ, ਰੋਪੜ, ਨਵਾਂਸ਼ਹਿਰ, ਜਲੰਧਰ, ਅੰਮ੍ਰਿਤਸਰ, ਕਪੂਰਥਲਾ ਆਉਂਦੇ ਹਨ। ਇਸ ਲਈ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਬਟਾਲਾ, ਮਜੀਠਾ, ਅੰਮ੍ਰਿਤਸਰ ਦਿਹਾਤੀ ਖੇਤਰਾਂ ਵਿਚ ਨੀਮ ਸੁਰੱਖਿਆ ਫੋਰਸਾਂ ਦੇ ਵਧੇਰੇ ਜਵਾਨ ਤਾਇਨਾਤ ਕੀਤੇ ਗਏ ਹਨ।
ਓਧਰ ਖੁਫੀਆ ਵਿਭਾਗ ਨੇ ਜੋ ਅਲਰਟ ਜਾਰੀ ਕੀਤਾ ਹੈ, ਉਸ ਵਿਚ ਕਿਹਾ ਗਿਆ ਹੈ ਕਿ ਜੇ ਫੈਸਲਾ ਡੇਰਾ ਮੁਖੀ ਦੇ ਹੱਕ ਵਿਚ ਆਉਂਦਾ ਹੈ ਤਾਂ ਕੱਟੜਪੰਥੀ ਸਿੱਖਾਂ ਵਲੋਂ ਵਿਰੋਧ ਕੀਤੇ ਜਾਣ ਦਾ ਡਰ ਹੈ। ਜੇ ਫੈਸਲਾ ਵਿਰੁੱਧ ਆਉਂਦਾ ਹੈ ਤਾਂ ਪ੍ਰੇਮੀਆਂ ਦੇ ਭੜਕਣ ਦਾ ਡਰ ਹੈ। ਇਸ ਹਾਲਤ ਵਿਚ ਇਹ ਤੈਅ ਹੈ ਕਿ ਹਾਲਾਤ ਖਰਾਬ ਹੋ ਸਕਦੇ ਹਨ। ਇਹੀ ਕਾਰਨ ਹੈ ਕਿ ਦੋਵਾਂ ਤਰ੍ਹਾਂ ਦੀ ਸਥਿਤੀ ਨੂੰ ਵੇਖਦਿਆਂ ਹਰਿਆਣਾ ਅਤੇ ਪੰਜਾਬ ਦੀ ਪੁਲਸ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਵਿਚ ਸਰਗਰਮ ਹੈ।
ਜਿੱਥੋਂ ਆ ਸਕਦੇ ਹਨ ਡੇਰਾ ਮੁਖੀ
ਸਿਰਸਾ ਸਥਿਤ ਡੇਰਾ ਸੱਚਾ ਸੌਦਾ ਤੋਂ ਪੰਚਕੂਲਾ ਆਉਣ ਲਈ ਮੁੱਖ 3 ਸੜਕ ਮਾਰਗ ਹਨ। ਪਹਿਲਾ ਸਿਰਸਾ-ਫਤਿਆਬਾਦ-ਨਰਵਾਣਾ-ਕੈਥਲ-ਅੰਬਾਲਾ-ਪੰਚਕੂਲਾ, ਦੂਸਰਾ ਸਿਰਸਾ-ਫਤਿਆਬਾਦ-ਸਮਾਣਾ-ਪਟਿਆਲਾ-ਜ਼ੀਰਕਪੁਰ-ਪੰਚਕੂਲਾ ਅਤੇ ਤੀਸਰਾ ਸਿਰਸਾ-ਹਿਸਾਰ-ਜੀਂਦ-ਕੈਥਲ-ਕੁਰੂਕਸ਼ੇਤਰ-ਅੰਬਾਲਾ ਤੋਂ ਪੰਚਕੂਲਾ ਆ ਸਕਦੇ ਹਨ।
ਪੰਚਕੂਲਾ ਵਿਖੇ 25 ਅਗਸਤ ਨੂੰ ਡੇਰਾ ਮੁਖੀ ਦੀ ਪੇਸ਼ੀ ਨੂੰ ਲੈ ਕੇ ਨਾਲ ਲੱਗਦੇ ਖੇਤਰਾਂ ਵਿਚ ਵੀ ਮਾਹੌਲ ਬਹੁਤ ਖਿਚਾਅ ਭਰਪੂਰ ਹੈ।
ਚੰਡੀਗੜ੍ਹ ਦਾ ਗੇਟਵੇ ਹੈ। ਰੇਲਵੇ ਦਾ ਨਾਰਥ ਦਾ ਵੱਡਾ ਜੰਕਸ਼ਨ ਹੋਣ ਕਾਰਨ ਅਤਿਅੰਤ ਨਾਜ਼ੁਕ ਮੰਨਿਆ ਜਾ ਰਿਹਾ ਹੈ। ਹਰਿਆਣਾ, ਪੰਜਾਬ ਅਤੇ ਹੋਰਨਾਂ ਸੂਬਿਆਂ ਲਈ ਰੇਲ ਮਾਰਗ ਇਥੋਂ ਹੋ ਕੇ ਲੰਘਦਾ ਹੈ।
ਜੀ. ਟੀ. ਰੋਡ ਦਾ ਵੱਡਾ ਸਟੇਸ਼ਨ ਹੋਣ ਕਾਰਨ ਕੁਰੂਕਸ਼ੇਤਰ ਵੀ ਅਤਿ ਸੰਵੇਦਨਸ਼ੀਲ ਇਲਾਕਿਆਂ ਦੀ ਸ਼੍ਰੇਣੀ 'ਚ ਆ ਰਿਹਾ ਹੈ। ਬਾਬਾ ਗੁਰਮੀਤ ਰਾਮ ਰਹੀਮ ਜੇਕਰ ਇਸ ਰੋਡ ਤੋਂ ਪੰਚਕੂਲਾ ਦੀ ਸੀ. ਬੀ. ਆਈ. ਦੀ ਅਦਾਲਤ 'ਚ ਸੁਣਵਾਈ ਦੇ ਸਿਲਸਿਲੇ 'ਚ ਆਉਂਦੇ ਹਨ ਤਾਂ ਸਥਾਨਕ ਸਮਰਥਕ ਇਥੋਂ ਹੀ ਪੰਚਕੂਲਾ ਵੱਲ ਚੱਲ ਪੈਣਗੇ। ਨੈਸ਼ਨਲ ਹਾਈਵੇ ਹੋਣ ਕਾਰਨ ਇਹ ਰਾਜਧਾਨੀ ਦਿੱਲੀ ਨੂੰ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਅੰਮ੍ਰਿਤਸਰ ਨਾਲ ਜੋੜਦਾ ਹੈ। ਅਜਿਹੇ 'ਚ ਇਸ ਰਸਤੇ 'ਤੇ ਪੰਜ ਮਿੰਟ ਦਾ ਜਾਮ ਵੀ ਦਿੱਲੀ ਤੱਕ ਮਹਿਸੂਸ ਕੀਤਾ ਜਾ ਸਕਦਾ ਹੈ। ਇਥੇ ਕੁਰੂਕਸ਼ੇਤਰ 'ਚ ਜਾਮ ਲੱਗਣ ਦੀ ਸਥਿਤੀ 'ਚ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਜੀ. ਟੀ. ਰੋਡ ਤੋਂ ਹੋਰ ਮਾਰਗਾਂ 'ਤੇ ਜਾਣਾ ਵੀ ਕਾਫੀ ਮੁਸ਼ਕਿਲ ਹੋ ਜਾਵੇਗਾ।
ਕੈਥਲ : ਟ੍ਰਾਈ ਜੰਕਸ਼ਨ
ਕੈਥਲ, ਪੰਜਾਬ ਦੇ ਬਾਰਡਰ ਸਣੇ ਹਰਿਆਣਾ ਦੇ ਤਿੰਨ ਜ਼ਿਲਿਆਂ ਜੀਂਦ ਅਤੇ ਕਰਨਾਲ ਦੇ ਨਾਲ-ਨਾਲ ਅੰਬਾਲਾ ਜ਼ਿਲੇ ਦੇ ਨਾਲ ਵੀ ਲੱਗਦਾ ਹੈ। ਇਸ ਲਈ ਇਸ ਨੂੰ ਟ੍ਰਾਈ ਜੰਕਸ਼ਨ ਵੀ ਕਿਹਾ ਜਾਂਦਾ ਹੈ। ਸੂਬੇ 'ਚ ਸਰਕਾਰ ਤੇ ਪ੍ਰਸ਼ਾਸਨ 'ਤੇ ਦਬਾਅ ਬਣਾਉਣ ਲਈ ਇਕ ਵੀ ਸੜਕ 'ਤੇ ਜੇਕਰ ਡੇਰਾ ਪ੍ਰੇਮੀਆਂ ਨੇ ਜਾਮ ਲਗਾ ਦਿੱਤਾ ਤਾਂ ਇਸ ਪੂਰੇ ਏਰੀਏ 'ਚ ਹਫੜਾ-ਦਫੜੀ ਦਾ ਮਾਹੌਲ ਬਣ ਸਕਦਾ ਹੈ। ਖੁਫੀਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ ਕਿ ਇਸ ਜਗ੍ਹਾ 'ਤੇ ਡੇਰਾ ਪ੍ਰੇਮੀ ਇਕੱਤਰ ਹੋ ਕੇ ਸੜਕ ਜਾਮ ਕਰ ਸਕਦੇ ਹਨ, ਜਿਸ ਕਾਰਨ ਇਥੇ ਹਾਲਾਤ ਵਿਗੜ ਸਕਦੇ ਹਨ। ਇਹ ਵੀ ਕਾਰਨ ਹੈ ਕਿ ਇਸ ਜ਼ਿਲੇ 'ਚ ਵੀ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਮੁਸਤੈਦੀ ਵਰਤ ਰਿਹਾ ਹੈ ਤਾਂ ਕਿ ਅਜਿਹੀ ਕਿਸੇ ਵੀ ਸਥਿਤੀ ਨਾਲ ਆਸਾਨੀ ਨਾਲ ਨਿਪਟਿਆ ਜਾ ਸਕੇ।
ਜੇਕਰ ਜ਼ਰੂਰੀ ਨਾ ਹੋਵੇ ਤਾਂ ਬਾਹਰ ਨਾ ਜਾਓ
ਜੇਕਰ ਬਹੁਤ ਜ਼ਰੂਰੀ ਨਾ ਹੋਵੇ ਤਾਂ ਅਗਲੇ 2-3 ਦਿਨ ਬਾਹਰ ਨਾ ਜਾਓ ਕਿਉਂਕਿ ਡੇਰਾ ਪ੍ਰੇਮੀਆਂ ਅਤੇ ਸਿੱਖ ਸੰਠਗਨਾਂ ਦਰਮਿਆਨ ਟਕਰਾਅ ਦੇ ਹਾਲਾਤ ਬਣ ਸਕਦੇ ਹਨ। ਇਹ ਅਸਰ ਰੇਲ ਅਤੇ ਸੜਕ ਮਾਰਗ 'ਤੇ ਵੀ ਪੈ ਸਕਦਾ ਹੈ। ਖੁਫੀਆ ਵਿਭਾਗ ਅਨੁਸਾਰ ਪੰਜਾਬ ਦੇ ਮਾਲਵਾ ਖੇਤਰ ਅਤੇ ਦੁਆਬਾ ਦੇ ਰੋਪੜ, ਨਵਾਂਸ਼ਹਿਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਅਤੇ ਮੋਹਾਲੀ 'ਚ ਸਫਰ ਕਰਨ ਤੋਂ ਬਚੋ। ਇਸੇ ਤਰ੍ਹਾਂ ਹਰਿਆਣਾ 'ਚ ਜੀ. ਟੀ. ਰੋਡ ਬੈਲਟ ਅਤੇ ਸਿਰਸਾ, ਜੀਂਦ, ਕੈਥਲ, ਅੰਬਾਲਾ ਤੋਂ ਚੰਡੀਗੜ੍ਹ ਅਤੇ ਰੇਲ ਮਾਰਗ 'ਤੇ ਵੀ ਅਸਰ ਪੈ ਸਕਦਾ ਹੈ।
ਐਮਰਜੈਂਸੀ 'ਚ ਇਹ ਹਨ ਬਦਲਵੇਂ ਮਾਰਗ
ਅੰਬਾਲਾ 'ਚ ਜਾਮ ਹੈ ਤਾਂ ਤੁਸੀਂ ਡੇਰਾ ਬੱਸੀ ਤੋਂ ਨਾਰਾਇਣਗੜ੍ਹ ਹੁੰਦੇ ਹੋਏ ਸਾਹਾ ਤੋਂ ਜੀ. ਟੀ. ਰੋਡ 'ਤੇ ਪਹੁੰਚ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਕੁਰੂਕਸ਼ੇਤਰ 'ਚ ਜਾਮ ਹੈ ਤਾਂ ਨਾਰਾਇਣਗੜ੍ਹ ਤੋਂ ਕਾਲਾ ਅੰਬ ਦੇ ਰਸਤੇ ਯਮੁਨਾਨਗਰ ਅਤੇ ਇੱਥੋਂ ਸਿੱਧੇ ਕਰਨਾਲ ਬਾਏ ਰੋਡ ਨਿਕਲ ਸਕਦੇ ਹੋ। ਅੰਬਾਲਾ ਤੋਂ ਵਾਇਆ ਜਗਾਧਰੀ ਰੇਲ ਮਾਰਗ ਉਮੀਦ ਮੁਤਾਬਿਕ ਸੁਰੱਖਿਅਤ ਮੰਨਿਆ ਜਾ ਰਿਹਾ ਹੈ, ਜਦਕਿ ਅੰਬਾਲਾ ਤੋਂ ਵਾਇਆ ਪਾਣੀਪਤ ਰੇਲ ਮਾਰਗ ਨੂੰ ਸੰਵੇਦਨਸ਼ੀਲ ਸ਼੍ਰੇਣੀ 'ਚ ਰੱਖਿਆ ਗਿਆ ਹੈ।
ਬਦਲ ਇਹ ਵੀ : ਬਦਲ ਇਹ ਵੀ ਹੈ ਕਿ ਖੁਦ ਅਮਨ-ਕਾਨੂੰਨ ਦਾ ਹਵਾਲਾ ਦਿੰਦੇ ਹੋਏ ਬਾਬੇ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕਰਨ ਦੀ ਅਪੀਲ ਕਰਨ ਪਰ ਇਸਦੀ ਸੰਭਾਵਨਾ ਬਹੁਤ ਘੱਟ ਨਜ਼ਰ ਆ ਰਹੀ ਹੈ। ਇਸਦੇ ਲਈ ਪੁਲਸ ਨੂੰ ਪਹਿਲਾਂ ਅਦਾਲਤ ਵਿਚ ਜਾਣਾ ਹੋਵੇਗਾ। ਉਥੋਂ ਇਜਾਜ਼ਤ ਮਿਲਣ ਮਗਰੋਂ ਹੀ ਇਹ ਵਿਵਸਥਾ ਅਮਲ ਵਿਚ ਲਿਆਂਦੀ ਜਾ ਸਕਦੀ ਹੈ।
ਮਾਮਲਾ ਡੇਰਾ ਮੁਖੀ ਦੀ ਸੁਣਵਾਈ ਦਾ, ਹਾਈਕੋਰਟ ਤੋਂ ਸੁਰੱਖਿਆ 'ਤੇ ਨਿਗਰਾਨੀ ਦੀ ਮੰਗ
NEXT STORY