ਅੰਮ੍ਰਿਤਸਰ (ਸੰਜੀਵ) : ਮਾਂ ਅਤੇ ਭੈਣ ਨਾਲ ਰਣਜੀਤ ਐਵੀਨਿਊ ਦੇ ਇਕ ਰੈਸਟੋਰੈਂਟ ਵਿਚ ਜਨਮ ਦਿਨ ਮਨਾਉਣ ਜਾ ਰਹੀ ਕੁੜੀ ਨਾਲ ਕੈਬ ਡਰਾਈਵਰ ਨੇ ਛੇੜਛਾੜ ਕੀਤੀ ਅਤੇ ਦੋਵਾਂ ਭੈਣਾਂ ਨੂੰ ਕੈਬ ’ਚੋਂ ਛਾਲ ਮਾਰ ਕੇ ਆਪਣੀ ਇੱਜ਼ਤ ਬਚਾਉਣੀ ਪਈ, ਜਦੋਂ ਕਿ ਕਾਰ ’ਚ ਸਵਾਰ ਦੋਵਾਂ ਕੁੜੀਆਂ ਦੀ ਮਾਂ ਨੇ ਡਰਾਈਵਰ ਨੂੰ ਫੜ੍ਹੀ ਰੱਖਿਆ ਅਤੇ ਆਖ਼ਰ ਮਾਂ ਵੀ ਕੈਬ 'ਚੋਂ ਉਤਰ ਗਈ ਅਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ, ਜਿਸ ’ਤੇ ਥਾਣਾ ਰਣਜੀਤ ਐਵੀਨਿਊ ਦੇ ਇੰਚਾਰਜ ਐੱਸ. ਆਈ. ਰੌਬਿਨ ਹੰਸ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਜ਼ਖ਼ਮੀ ਕੁੜੀਆਂ ਅਤੇ ਉਨ੍ਹਾਂ ਦੀ ਮਾਂ ਨੂੰ ਇਲਾਜ ਲਈ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਸ ਨੇ ਕੈਬ ਡਰਾਈਵਰ ਖ਼ਿਲਾਫ਼ ਅਗਵਾ ਅਤੇ ਛੇੜਛਾੜ ਦਾ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਹੈ ਮਾਮਲਾ
ਪੂਜਾ ਨੇ ਦੱਸਿਆ ਕਿ ਉਹ ਆਪਣੀਆਂ 2 ਧੀਆਂ ਨਾਲ ਰਣਜੀਤ ਐਵੀਨਿਊ ਸਥਿਤ ਹੂਪਰਜ ਰੈਸਟੋਰੈਂਟ ਵਿਖੇ ਆਪਣੀ ਧੀ ਦਾ ਜਨਮ ਦਿਨ ਮਨਾਉਣ ਲਈ ਜਾ ਰਹੀ ਸੀ। ਮਜੀਠਾ ਰੋਡ ਤੋਂ ਉਨ੍ਹਾਂ ਨੇ ਕੈਬ ਲਈ, ਜਿਹੜੀ ਉਨ੍ਹਾਂ ਨੂੰ ਰਣਜੀਤ ਐਵੀਨਿਊ ਛੱਡਣ ਲਈ ਆ ਰਹੀ ਸੀ। ਰਸਤੇ ਵਿਚ ਕੈਬ ਡਰਾਈਵਰ ਨੇ ਉਸਦੀ ਧੀ ਨਾਲ ਛੇੜਛਾੜ ਕੀਤੀ। ਜਦੋਂ ਰੈਸਟੋਰੈਂਟ ਦੇ ਬਾਹਰ ਆ ਕੇ ਕੈਬ ਰੁਕੀ ਅਤੇ ਡਰਾਈਵਰ ਨੇ ਓ. ਟੀ. ਪੀ. ਮੰਗਿਆ ਤਾਂ ਉਸਦੀ ਧੀ ਨੇ ਉਸਨੂੰ ਕਿਹਾ ਕਿ ਤੁਹਾਨੂੰ ਛੇੜਛਾੜ ਕਰਦਿਆਂ ਸ਼ਰਮ ਨਹੀਂ ਆਈ, ਜਿਸ ਤੋਂ ਬਾਅਦ ਕੈਬ ਡਰਾਈਵਰ ਨੇ ਗੱਡੀ ਭਜਾ ਲਈ ਅਤੇ ਉਨ੍ਹਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਉਸ ਦੀ ਦੋਵੇਂ ਧੀਆਂ ਨੇ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਛਾਲ ਮਾਰ ਦਿੱਤੀ। ਜਿਵੇਂ ਹੀ ਕਾਰ ਰੁਕੀ, ਉਹ ਵੀ ਕਾਰ ਤੋਂ ਹੇਠਾਂ ਉੱਤਰ ਗਈ, ਜਦੋਂ ਤਕ ਲੋਕ ਇਕੱਠੇ ਹੁੰਦੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਬਾਰੇ ਥਾਣਾ ਇੰਚਾਰਜ ਰਣਜੀਤ ਐਵੀਨਿਊ ਰੌਬਿਨ ਹੰਸ ਦਾ ਕਹਿਣਾ ਹੈ ਕਿ ਫਿਲਹਾਲ ਕੈਬ ਡਰਾਈਵਰ ਖ਼ਿਲਾਫ਼ ਅਗਵਾ ਅਤੇ ਛੇੜਛਾੜ ਦਾ ਮਾਮਲਾ ਦਰਜ ਕਰ ਲਿਆ ਹੈ। ਉਸਦੀ ਪਛਾਣ ਕੈਬ ਬੁਕਿੰਗ ’ਤੇ ਆਏ ਓ. ਟੀ. ਪੀ. ਤੋਂ ਹੋ ਚੁੱਕੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੰਚਾਇਤਾਂ ਪਿੰਡਾਂ 'ਚ ਗ੍ਰਾਮ ਸਭਾਵਾਂ ਬੁਲਾ ਕੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਮਤੇ ਪਾਉਣ : ਚੀਮਾ
NEXT STORY