ਪਟਿਆਲਾ (ਬਲਜਿੰਦਰ) : ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਠੱਗੀ ਮਾਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸ਼ੋਸਲ ਮੀਡੀਆ ’ਤੇ ਅਤੇ ਪੁਲਸ ਵੱਲੋਂ ਵਾਰ-ਵਾਰ ਜਾਗਰੂਕ ਕਰਨ ਦੇ ਬਾਵਜੂਦ ਇਸ ਤਰ੍ਹਾਂ ਦੀਆਂ ਠੱਗੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਜ਼ਾ ਘਟਨਾ ’ਚ ਕਿਰਪਾਲ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਅਰਸ਼ਨਗਰ ਨੇੜੇ ਅਲੀਪੁਰ ਅਰਾਈਆਂ ਪਟਿਆਲਾ ਵੀ ਇਸ ਠੱਗੀ ਦਾ ਸ਼ਿਕਾਰ ਹੋਏ ਹਨ। ਕਿਰਪਾਲ ਸਿੰਘ ਨੂੰ ਇਕ ਅਣਪਛਾਤੇ ਵਿਅਕਤੀ ਨੇ ਵਟਸਐਪ ਕਾਲ ਕਰ ਕੇ ਕਿਹਾ ਕਿ ਤੁਹਾਡਾ ਲੜਕਾ ਕੈਨੇਡਾ ਰਹਿੰਦਾ ਹੈ। ਉਸ ਦੀ ਕਲੱਬ ਪਾਰਟੀ ਦੌਰਾਨ ਲੜਾਈ ਹੋ ਗਈ ਹੈ, ਜਿਸ ਕਾਰਨ ਉਸ ’ਤੇ ਪੁਲਸ ਕੇਸ ਬਣ ਗਿਆ ਹੈ, ਜਿਸ ਦੀ ਜ਼ਮਾਨਤ ਕਰਵਾਉਣੀ ਹੈ। ਕਿਰਪਾਲ ਸਿੰਘ ਨੇ ਫੋਨ ਕਰਨ ਵਾਲੇ ਵਿਅਕਤੀ ਦੀਆਂ ਗੱਲਾਂ ’ਚ ਆ ਕੇ ਉਸ ਵਿਅਕਤੀ ਵੱਲੋਂ ਦੱਸੇ ਖਾਤਿਆਂ ’ਚ 6 ਲੱਖ 95 ਹਜ਼ਾਰ ਰੁਪਏ ਪਾ ਦਿੱਤੇ। ਬਾਅਦ ’ਚ ਜਦੋਂ ਆਪਣੇ ਬੇਟੇ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੀ ਕੋਈ ਲੜਾਈ ਨਹੀਂ ਹੋਈ।
ਪੁਲਸ ਨੇ ਇਸ ਮਾਮਲੇ ’ਚ ਅਣਪਛਾਤੇ ਵਿਅਕਤੀ ਖ਼ਿਲਾਫ 420 ਅਤੇ 120-ਬੀ ਆਈ. ਪੀ. ਸੀ., ਆਈ. ਟੀ. ਐਕਟ 66 ਡੀ ਤਹਿਤ ਕੇਸ ਦਰਜ ਕਰ ਕੇ ਅੱਗੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਤਰ੍ਹਾਂ ਦੀਆਂ ਕਾਲਾਂ ਕਰ ਕੇ ਕਈ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਚੁੱਕਿਆ ਹੈ। ਪਟਿਆਲਾ ਪੁਲਸ ਦੇ ਸਾਈਬਰ ਸੈੱਲ ਵੱਲੋਂ ਇਸ ਨੂੰ ਲੈ ਕੇ ਕਾਫੀ ਸਖ਼ਤੀ ਕੀਤੀ ਗਈ ਹੈ ਪਰ ਲੋਕਾਂ ’ਚ ਜਾਗਰੂਕਤਾ ਨਾਲ ਹੀ ਇਸ ’ਤੇ ਕਾਬੂ ਪਾਇਆ ਜਾ ਸਕਦਾ ਹੈ।
PSEB 10ਵੀਂ ਦਾ ਨਤੀਜਾ : ਲੁਧਿਆਣਾ ਜ਼ਿਲ੍ਹੇ ਦੇ ਪਹਿਲੇ 3 ਸਥਾਨਾਂ 'ਤੇ ਧੀਆਂ ਨੇ ਗੱਡੇ ਝੰਡੇ
NEXT STORY