ਫਿਰੋਜ਼ਪੁਰ (ਕੁਮਾਰ)—ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਹਰ ਕਦਮ 'ਤੇ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਕੇ ਠੱਗਿਆ ਹੈ ਤੇ ਹੋਣ ਵਾਲੀਆਂ ਸੰਸਦੀ ਚੋਣਾਂ ਵਿਚ ਪੰਜਾਬ ਦੇ ਲੋਕ ਕਾਂਗਰਸ ਦਾ ਸਫਾਇਆ ਕਰ ਕੇ ਆਪਣੇ ਗੁੱਸੇ ਦਾ ਇਜ਼ਹਾਰ ਕਰਨਗੇ। ਭਾਰੀ ਗਿਣਤੀ ਵਿਚ ਆਪਣੇ ਸਮਰਥਕਾਂ ਨਾਲ ਨਾਮਜ਼ਦਗੀ ਪੱਤਰ ਭਰਨ ਜਾਣ ਤੋਂ ਪਹਿਲਾਂ ਫਿਰੋਜ਼ਪੁਰ ਸੰਸਦੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਦਿਨ-ਰਾਤ ਇਕ ਕਰ ਕੇ ਬੜੀ ਮਿਹਨਤ ਨਾਲ ਪੰਜਾਬ ਦੇ ਲੋਕਾਂ ਕੋਲ ਜਾ ਰਹੇ ਹਾਂ ਅਤੇ ਲੋਕਾਂ ਦਾ ਸਹਿਯੋਗ, ਸਮਰਥਨ ਤੇ ਪਿਆਰ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੀਆਂ ਸਾਰੀਆਂ ਸੰਸਦੀ ਸੀਟਾਂ 'ਤੇ ਇਸ ਵਾਰ ਅਕਾਲੀ- ਭਾਜਪਾ ਉਮੀਦਵਾਰਾਂ ਦੀ ਜਿੱਤ ਹੋਵੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕਾਂਗਰਸ 'ਤੇ ਬਿਲਕੁਲ ਵਿਸ਼ਵਾਸ ਨਹੀਂ ਰਿਹਾ। ਕੈਪਟਨ ਸਰਕਾਰ ਦੇ ਕਾਰਜਕਾਲ 'ਚ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਦਿਨ-ਦਿਹਾੜੇ ਕਤਲ, ਲੁੱਟਾਂ-ਚੋਰੀਆਂ ਤੇ ਅਗਵਾ ਆਦਿ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੰਜਾਬ 'ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਅਤੇ ਸਭ ਤਰ੍ਹਾਂ ਦੇ ਮਾਫੀਆ ਸਰਗਰਮ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਬੌਖਲਾ ਗਏ ਹਨ ਅਤੇ ਸਾਰੀਆਂ 13 ਸੀਟਾਂ 'ਤੇ ਉਨ੍ਹਾਂ ਨੂੰ ਹਾਰ ਹੁੰਦੀ ਦਿਖਾਈ ਦੇ ਰਹੀ ਹੈ। ਸੁਖਬੀਰ ਬਾਦਲ ਨੇ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਕਾਂਗਰਸ ਦੇ ਉਮੀਦਵਾਰਾਂ ਦੀਆਂ ਵੋਟਾਂ ਘੱਟ ਹੋਣ 'ਤੇ ਮੰਤਰੀ ਪਦ ਤੋਂ ਹਟਾਉਣ ਅਤੇ ਚੋਣਾਂ 'ਚ ਕਾਂਗਰਸ ਦੀਆਂ ਟਿਕਟਾਂ ਨਾ ਦੇਣ ਦੀਆਂ ਧਮਕੀਆਂ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਵੀ ਅਸਤੀਫਾ ਦੇਣ ਲਈ ਤਿਆਰ ਰਹਿਣ ਲਈ ਕਿਹਾ ਹੈ ਤੇ ਦੱਸਿਆ ਕਿ ਪੰਜਾਬ 'ਚ ਕਾਂਗਰਸ ਦੀ ਸ਼ਰਮਨਾਕ ਹਾਰ ਹੋਣ 'ਤੇ ਉਨ੍ਹਾਂ ਨੂੰ ਵੀ ਨੈਤਿਕਤਾ ਦੇ ਆਧਾਰ 'ਤੇ ਤਿਆਗ ਪੱਤਰ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ, ਸਾਬਕਾ ਪੰਜਾਬ ਪ੍ਰਧਾਨ ਕਮਲ ਸ਼ਰਮਾ, ਜਗਮੀਤ ਸਿੰਘ ਬਰਾੜ, ਮਾਟੂ ਵੋਹਰਾ, ਜੋਗਿੰਦਰ ਸਿੰਘ ਜਿੰਦੂ, ਨੀਲੂ ਸਾਈਆਂ ਵਾਲਾ, ਅਸ਼ੀਸ਼ ਪ੍ਰੀਤ ਸਿੰਘ ਸਾਈਆਂ ਵਾਲਾ, ਸੁਰਿੰਦਰ ਸਿੰਘ ਬੱਬੂ ਪ੍ਰਧਾਨ ਆਦਿ ਮੌਜੂਦ ਸਨ।
ਲੁਧਿਆਣਾ 'ਚ ਗਰਮੀ ਨੇ ਕੱਢੇ ਵੱਟ, ਛੁੱਟਣ ਲੱਗੇ ਪਸੀਨੇ
NEXT STORY