ਜਲੰਧਰ,(ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ 'ਚ ਅਕਾਲੀਆਂ ਦੇ ਸ਼ਾਸਨਕਾਲ 'ਚ ਧਾਰਮਿਕ ਗ੍ਰੰਥਾਂ ਦੀਆਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਐੱਸ. ਆਈ. ਟੀ. (ਵਿਸ਼ੇਸ਼ ਜਾਂਚ ਟੀਮ) ਵਲੋਂ ਪੂਰੀ ਕਰ ਕੇ ਰਿਪੋਰਟ ਅਦਾਲਤ 'ਚ ਰੱਖੀ ਜਾਵੇਗੀ ਅਤੇ ਅਦਾਲਤ ਨੇ ਜੇਕਰ ਅਕਾਲੀਆਂ ਨੂੰ ਜੇਲ ਭੇਜਣ ਦੇ ਨਿਰਦੇਸ਼ ਦਿੱਤੇ ਤਾਂ ਕਾਂਗਰਸ ਸਰਕਾਰ ਇਸ ਮਾਮਲੇ 'ਚ ਪਿੱਛੇ ਹਟਣ ਵਾਲੀ ਨਹੀਂ ਹੈ। ਦੋਸ਼ੀਆਂ ਨੂੰ ਜੇਲ ਭੇਜਣ ਤੋਂ ਪ੍ਰਹੇਜ਼ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਅੱਜ ਕਰਤਾਰਪੁਰ 'ਚ ਆਪਣੇ ਨਵੇਂ ਪ੍ਰੋਗਰਾਮ 'ਸਾਰਾ ਪੰਜਾਬ ਕੈਪਟਨ ਦੇ ਨਾਲ' ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਸਨ। ਜਿਸ 'ਚ ਉਨ੍ਹਾਂ ਨੇ ਲੋਕਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਮੁੱਖ ਮੰਤਰੀ ਤੋਂ ਪੁੱਛਿਆ ਗਿਆ ਕਿ ਤੁਸੀਂ ਪਿਛਲੀਆਂ ਚੋਣਾਂ ਸਮੇਂ ਬਾਦਲਾਂ ਨੂੰ ਜੇਲ ਭੇਜਣ ਦੀ ਗੱਲ ਕਹੀ ਸੀ, ਜੋ ਅੱਜ ਤਕ ਪੂਰੀ ਨਹੀਂ ਹੋਈ, ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਾਨੂੰਨ ਦੀ ਪਾਲਣਾ ਕਰਨੀ ਹੁੰਦੀ ਹੈ। ਧਾਰਮਿਕ ਗ੍ਰੰਥਾਂ ਤੇ ਸੂਬੇ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਕਦੇ ਨਹੀਂ ਛੱਡਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਐੱਸ. ਆਈ. ਟੀ. ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਅਕਾਲੀ ਦਲ ਨੇ ਜਾਂਚ ਕਰ ਰਹੇ ਪੁਲਸ ਅਧਿਕਾਰੀਆਂ ਨੂੰ ਤਬਦੀਲ ਕਰਵਾ ਦਿੱਤਾ ਪਰ ਜਿਵੇਂ ਹੀ ਚੋਣਾਂ ਸੰਪੰਨ ਹੋਣਗੀਆਂ, ਉਂਝ ਹੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਨੂੰ ਮੁੜ ਉਨ੍ਹਾਂ ਦੇ ਅਹੁਦੇ 'ਤੇ ਵਾਪਸ ਲਿਆਂਦਾ ਜਾਵੇਗਾ ਅਤੇ ਉਨ੍ਹਾਂ ਨਾਲ ਜਾਂਚ ਕੰਮ ਪੂਰਾ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ 'ਚ ਕਿਸੇ ਨੂੰ ਵੀ ਬਖਸ਼ਣ ਵਾਲੇ ਨਹੀਂ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਦੋਆਬਾ 'ਚ ਆਲੂ ਦੀ ਫਸਲ ਦੇ ਬਰਬਾਦ ਹੋਣ ਦੀ ਸਮੱਸਿਆ ਹਰ ਸਾਲ ਕਿਸਾਨਾਂ ਨੂੰ ਝੱਲਣੀ ਪੈਂਦੀ ਹੈ। ਇਸ ਦਾ ਹੱਲ ਸਰਕਾਰ ਨੇ ਲੱਭ ਲਿਆ ਹੈ ਅਤੇ ਛੇਤੀ ਹੀ ਆਲੂ ਦੀ ਫਸਲ ਮੱਧ ਪੂਰਬੀ ਦੇਸ਼ਾਂ ਨੂੰ ਬਰਾਮਦ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੱਕੀ ਦੀ ਫਸਲ ਦਾ ਪੂਰਾ ਰੇਟ ਕਿਸਾਨਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਨਹੀਂ ਦੇ ਸਕੀ। ਉਨ੍ਹਾਂ ਨੇ ਮੋਦੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਉਸ ਨੇ ਪੰਜਾਬ ਦਾ ਫੂਡ ਅਕਾਊਂਟ ਦਾ 31000 ਕਰੋੜ ਰੁਪਏ ਮੁਆਫ ਨਹੀਂ ਕੀਤਾ। ਇਸੇ ਤਰ੍ਹਾਂ ਕਿਸਾਨ ਕਰਜ਼ਿਆਂ ਦੀ ਮੁਆਫੀ ਦੀ ਗੱਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ 'ਚ 17 ਲੱਖ ਪਰਿਵਾਰਾਂ 'ਤੇ ਕਰਜ਼ਾ ਚੜ੍ਹਿਆ ਹੋਇਆ ਹੈ, ਜਿਸ 'ਚੋਂ ਸਰਕਾਰ ਨੇ 10.25 ਲੱਖ ਗਰੀਬ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ ਹੈ। 2 ਤੇ 5 ਏਕੜ ਜ਼ਮੀਨ ਰੱਖਣ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ ਹੋ ਚੁੱਕਾ ਹੈ ਅਤੇ ਨਾਲ ਹੀ 1.85 ਲੱਖ ਖੇਤ ਮਜ਼ਦੂਰਾਂ ਦੇ ਕਰਜ਼ੇ ਵੀ ਮੁਆਫ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ 3500 ਕਰੋੜ ਰੁਪਏ ਦੀ ਰਾਸ਼ੀ ਹੋਰ ਰਿਲੀਜ਼ ਕੀਤੀ ਜਾਵੇਗੀ ਤਾਂ ਕਿ ਬਾਕੀ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾ ਸਕਣ। ਸਵਾਲਾਂ ਦੇ ਜਵਾਬ ਦਾ ਮੰਚ ਸੰਚਾਲਨ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਸੰਭਾਲਿਆ ਹੋਇਆ ਸੀ।
ਬਰਗਾੜੀ ਤੇ ਬਹਿਬਲਕਲਾਂ 'ਚ ਗੋਲੀ ਚਲਾਉਣ ਦੇ ਹੁਕਮ ਦੇਣ ਵਾਲੇ ਬਖਸ਼ੇ ਨਹੀਂ ਜਾਣਗੇ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਰਗਾੜੀ ਅਤੇ ਬਹਿਬਲਕਲਾਂ 'ਚ ਫਾਇਰਿੰਗ ਤੋਂ ਨਿਰਦੋਸ਼ ਲੋਕ ਮਾਰੇ ਗਏ ਸਨ। ਸਾਬਕਾ ਅਕਾਲੀ ਸਰਕਾਰ ਦੇ ਸਮੇਂ 113 ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬ ਦੇ ਅੰਗ ਪਾੜੇ ਗਏ ਅਤੇ 5 ਗੀਤਾ, 2 ਕੁਰਾਨ ਅਤੇ 1 ਬਾਈਬਲ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ। ਅਕਾਲੀ ਸਰਕਾਰ ਨੇ ਇਹ ਸਭ ਕੁਝ ਸਮਾਜ 'ਚ ਤਣਾਅ ਪੈਦਾ ਕਰਨ ਲਈ ਕੀਤਾ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਨੇ ਦੋ ਸਾਲਾਂ ਦੌਰਾਨ ਇਕ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਨਹੀਂ ਹੋਈ। ਮੁੱਖ ਮੰਤਰੀ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਹੋਵੇਗੀ ਅਤੇ ਅਜੇ ਤਕ ਐੱਸ. ਆਈ. ਟੀ. 600 ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਐੱਸ. ਆਈ. ਟੀ. ਇਹ ਪਤਾ ਲਾ ਰਹੀ ਹੈ ਕਿ ਨਿਰਦੋਸ਼ ਸਿੱਖ ਸੰਗਤ 'ਤੇ ਗੋਲੀ ਚਲਾਉਣ ਦੇ ਨਿਰਦੇਸ਼ ਕਿਸ ਨੇ ਦਿੱਤੇ ਸਨ।
'ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਕੈਪਟਨ ਸਰਕਾਰ ਵੀ ਗੰਭੀਰ ਨਹੀਂ'
NEXT STORY