ਜਲੰਧਰ,(ਧਵਨ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਵਰ੍ਹਦਿਆਂ ਕਿਹਾ ਕਿ ਸੁਖਬੀਰ ਨੇ ਅੰਮ੍ਰਿਤਸਰ ਗ੍ਰਨੇਡ ਹਮਲੇ ਨੂੰ ਲੈ ਕੇ ਉਨ੍ਹਾਂ ’ਤੇ ਗੈਰ-ਜ਼ਰੂਰੀ ਅਤੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਦੋਸ਼ ਲਾਏ ਹਨ। ਉਨ੍ਹਾਂ ਅਕਾਲੀ ਦਲ ਪ੍ਰਧਾਨ ’ਤੇ ਦੋਸ਼ ਲਾਇਆ ਕਿ ਉਹ ਆਪਣੇ ਨਿੱਜੀ ਹਿੱਤਾਂ ਖਾਤਰ ਧਾਰਮਿਕ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰਨ। ਜ਼ਿਕਰਯੋਗ ਹੈ ਕਿ ਸੁਖਬੀਰ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਬੰਬ ਧਮਾਕੇ ਲਈ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਅਜਿਹਾ ਇਸ ਲਈ ਕਰ ਰਹੇ ਹਨ ਤਾਂ ਜੋ ਉਹ ਬਰਗਾੜੀ ਮਾਮਲੇ ਵਿਚ ਐੱਸ. ਆਈ. ਟੀ. ਵਲੋਂ ਉਨ੍ਹਾਂ ਦੇ (ਸੁਖਬੀਰ) ਖਿਲਾਫ ਕੀਤੀ ਗਈ ਜਾਂਚ ਤੋਂ ਜਨਤਾ ਦਾ ਧਿਆਨ ਹਟਾ ਸਕਣ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਅਸਲ ਵਿਚ ਅਕਾਲੀ ਦਲ ਦੀ ਅਗਵਾਈ ਕਰ ਰਹੇ ਬਾਦਲਾਂ ਦੀ ਉਪਜ ਸੀ ਅਤੇ ਉਨ੍ਹਾਂ ਵਲੋਂ ਗਠਿਤ ਐੱਸ. ਆਈ. ਟੀ. ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕਰੇਗਾ।
ਮੁੱਖ ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਕਿਹਾ ਕਿ ਉਹ ਗੰਭੀਰ ਮੁੱਦੇ ’ਤੇ ਸੋਚ-ਸਮਝ ਕੇ ਬਿਆਨਬਾਜ਼ੀ ਕਰਨ ਕਿਉਂਕਿ ਇਹ ਸਮਾਂ ਪੰਜਾਬ ਨੂੰ ਮੁੜ ਅੱਤਵਾਦ ਵੱਲ ਧੱਕਣ ਦਾ ਨਹੀਂ ਹੈ। ਮੁੱਖ ਮੰਤਰੀ ਨੇ ਬਾਦਲਾਂ ਵਲੋਂ ਵਾਰ-ਵਾਰ ਧਰਮ ਦੇ ਆਧਾਰ ’ਤੇ ਲੋਕਾਂ ਨੂੰ ਵੰਡਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਦੇ ਮਾੜੇ ਨਤੀਜੇ ਨਿਕਲਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਵਿਚ ਕੱਟੜਵਾਦ ਅਤੇ ਅਜਿਹੀ ਸੋਚ ਰੱਖਣ ਵਾਲੇ ਅਨਸਰਾਂ ਦਾ ਸਫਾਇਆ ਕਰਨ ਵਿਚ ਲੱਗੀ ਹੋਈ ਹੈ ਕਿਉਂਕਿ ਉਹ ਆਈ. ਐੱਸ. ਆਈ. ਸਮਰਥਕ ਖਾਲਿਸਤਾਨੀ ਅਤੇ ਕਸ਼ਮੀਰੀ ਅੱਤਵਾਦੀ ਸੰਗਠਨਾਂ ਦੀ ਸ਼ਹਿ ’ਤੇ ਸੂਬੇ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਅਕਾਲੀ ਇਸ ਗੰਭੀਰ ਮਾਮਲੇ ’ਤੇ ਸਿਆਸਤ ਕਰ ਰਹੇ ਹਨ। ਮੁਖ ਮੰਤਰੀ ਨੇ ਕਿਹਾ ਕਿ ਬਾਦਲਾਂ ਵਲੋਂ ਆਪਣੀਆਂ ਨਿੱਜੀ ਅਤੇ ਸਿਆਸੀ ਖਾਹਿਸ਼ਾਂ ਕਾਰਨ ਧਰਮ ਦੀ ਵਰਤੋਂ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਸੁਖਬੀਰ ’ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਵਿਚ ਹੋਈਆਂ ਅੱਤਵਾਦੀ ਘਟਨਾਵਾਂ ਲਈ ਸੁਖਬੀਰ ਲਗਾਤਾਰ ਗਾਂਧੀ ਪਰਿਵਾਰ ’ਤੇ ਨਿਸ਼ਾਨਾ ਸਾਧ ਰਹੇ ਹਨ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਤਾਂ ਖੁਦ ਦੇਸ਼ ਵਿਚ ਅੱਤਵਾਦ ਕਾਰਨ ਬਲੀਦਾਨ ਦੇ ਚੁੱਕਾ ਹੈ। ਉਹ ਕਿਸ ਤਰ੍ਹਾਂ ਕੱਟੜਵਾਦੀ ਅਨਸਰਾਂ ਨੂੰ ਸ਼ਹਿ ਦੇ ਸਕਦਾ ਹੈ। ਮੁੱਖ ਮੰਤਰੀ ਨੇ ਸੁਖਬੀਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਅੱਗ ਨਾਲ ਖੇਡਣ ਦੀ ਕੋਸ਼ਿ²ਸ਼ ਨਾ ਕਰਨ। ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਨੇ ਪਹਿਲੀ ਵਾਰ ਅਜਿਹਾ ਨਹੀਂ ਕੀਤਾ ਸਗੋਂ ਇਸ ਤੋਂ ਪਹਿਲਾਂ ਵੀ ਉਹ ਅਜਿਹਾ ਕਰਦੇ ਰਹੇ ਹਨ। ਉਨ੍ਹਾਂ ਅਕਾਲੀ ਹਾਈ ਕਮਾਨ ਨੂੰ ਕਿਹਾ ਕਿ ਉਹ ਪੰਜਾਬ ਵਿਚ ਅੱਤਵਾਦ ਨੂੰ ਮੁੜ ਪੈਦਾ ਕਰਨ ਦੀਆਂ ਚੱਲ ਰਹੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਵਿਚ ਸਰਕਾਰ ਦਾ ਸਾਥ ਦੇਣ।
77 ਸਾਲਾ ਬਜ਼ੁਰਗ ਮਹਿਲਾ ਨੇ ਖੁਦ ਅੱਗ ਲਗਾ ਕੇ ਕੀਤੀ ਖੁਦਕੁਸ਼ੀ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY