ਰਾਮਪੁਰਾ ਫੂਲ(ਤਰਸੇਮ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਨਾਲ ਸਬੰਧਤ ਨਗਰ ਮਹਿਰਾਜ ਦੀ ਪੰਚਾਇਤੀ ਜ਼ਮੀਨ ਦਾ ਰਕਬਾ ਘਟਣ ਦਾ ਮਾਮਲਾ ਗਰਮਾਏ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਨਗਰ ਮਹਿਰਾਜ ਨਾਲ ਸਬੰਧਤ ਮੋਹਤਬਰ ਤੇ ਸੀਨੀਅਰ ਕਾਂਗਰਸੀ ਆਗੂਆਂ ਰਮੀਤ ਸਿੰਘ, ਸਾਬਕਾ ਸਰਪੰਚ ਗੁਰਮੇਲ ਸਿੰਘ ਸਿੱਧੂ, ਸੁਖਦੇਵ ਸਿੰਘ, ਮਾਸਟਰ ਰੂਪ ਸਿੰਘ, ਨਿਰੰਜਨ ਸਿੰਘ ਮਿੱਠੂ, ਮੇਜਰ ਸਿੰਘ, ਸੁਖਦੇਵ ਸਿੰਘ, ਜਤਿੰਦਰ ਸਿੰਘ ਆਦਿ ਨੇ ਸਾਂਝੇ ਰੂਪ 'ਚ ਪ੍ਰੈੱਸ ਕਾਨਫਰੰਸ ਦੌਰਾਨ ਇਸ ਗੱਲ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਨਗਰ ਮਹਿਰਾਜ ਦੇ ਮੋਹਤਬਰ ਵਿਅਕਤੀਆਂ ਵੱਲੋਂ ਸੂਚਨਾ ਐਕਟ ਤਹਿਤ ਮੰਗੀ ਗਈ ਜਾਣਕਾਰੀ 'ਚ ਇਹ ਤੱਥ ਸਾਹਮਣੇ ਆਏ ਹਨ ਕਿ ਨਗਰ ਮਹਿਰਾਜ ਦੀਆਂ ਚਾਰ ਪੱਤੀਆਂ ਪੱਤੀ ਕਾਲਾ, ਪੱਤੀ ਸੰਦਲੀ, ਪੱਤੀ ਸਾਉਲ ਤੇ ਪੱਤੀ ਕਰਮਚੰਦ ਨਾਲ ਸਬੰਧਤ 92 ਏਕੜ 4 ਕਨਾਲ ਅਤੇ 14 ਮਰਲੇ ਪੰਚਾਇਤੀ ਜ਼ਮੀਨ ਦਾ ਪਿਛਲੇ ਚਾਰ ਸਾਲਾਂ ਦੌਰਾਨ ਰਕਬਾ ਘਟਿਆ ਹੈ।
ਇਸ ਸਬੰਧੀ ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਮਹਿਰਾਜ ਦੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਕਰਵਾ ਕੇ ਜ਼ਮੀਨ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਚਨਾ ਐਕਟ ਤਹਿਤ ਮਿਲੀ ਜਾਣਕਾਰੀ ਦੀ ਸਹੀ ਰਿਪੋਰਟ ਤੇ ਤੱਥ ਮੁੱਖ ਮੰਤਰੀ ਨੂੰ ਭੇਜ ਕੇ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਨਿਰਪੱਖ ਤੇ ਉੱਚ-ਪੱਧਰੀ ਜਾਂਚ ਕਰਵਾ ਕੇ ਪੰਚਾਇਤੀ ਜ਼ਮੀਨ ਦੇ ਬਣਦੇ ਰਕਬੇ ਨੂੰ ਪੂਰਾ ਕਰਵਾਇਆ ਜਾਵੇ ਅਤੇ ਅਜਿਹਾ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਕੀ ਕਹਿਣਾ ਨਗਰ ਪੰਚਾਇਤ ਦੇ ਪ੍ਰਧਾਨ ਦਾ
ਇਸ ਸਬੰਧੀ ਜਦ ਨਗਰ ਪੰਚਾਇਤ ਦੇ ਅਕਾਲੀ ਪ੍ਰਧਾਨ ਹਰਿੰਦਰ ਸਿੰਘ ਹਿੰਦਾ ਦਾ ਪੱਖ ਲਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ 92 ਏਕੜ ਦਾ ਨਹੀਂ ਬਲਕਿ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਹੈ, ਜਿਹੜਾ ਕਿ ਖੁਦ ਕਾਂਗਰਸੀਆਂ ਵੱਲੋਂ ਬੀਤੇ ਸਮੇਂ ਦੌਰਾਨ ਖੁਰਦ-ਬੁਰਦ ਕੀਤਾ ਗਿਆ ਹੈ। ਉਨ੍ਹਾਂ ਇਸ ਸਬੰਧੀ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਦੱਸਿਆ ਕਿ ਉਨ੍ਹਾਂ ਦੀ ਕਥਿਤ ਸ਼ਹਿ 'ਤੇ ਹੀ ਕਾਂਗਰਸੀਆਂ ਨੇ ਪੰਚਾਇਤੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ।
ਉਨ੍ਹਾਂ ਕਿਹਾ ਕਿ ਅਜਿਹਾ ਖੁਲਾਸਾ ਕਰਨ ਵਾਲਿਆਂ 'ਚੋਂ ਇਕ ਆਗੂ ਵੱਲੋਂ ਖੁਦ ਗਊਸ਼ਾਲਾ ਦੇ ਪਿੱਛੇ ਢਾਈ ਏਕੜ ਦੇ ਕਰੀਬ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੁਦ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਲਿਖਤੀ ਰੂਪ 'ਚ ਪੱਤਰ ਭੇਜ ਕੇ ਪੰਚਾਇਤੀ ਜ਼ਮੀਨ ਦਾ ਇੰਤਕਾਲ ਨਗਰ ਪੰਚਾਇਤ ਮਹਿਰਾਜ ਦੇ ਨਾਮ 'ਤੇ ਦਰਜ ਕਰਨ ਲਈ ਲਿਖਿਆ ਹੈ। ਉਨ੍ਹਾਂ ਖੁਦ ਮੰਗ ਕੀਤੀ ਕਿ ਸਰਕਾਰ ਇਸ ਮਾਮਲੇ ਦੀ ਉੱਚ ਪੱਧਰੀ ਤੇ ਨਿਰਪੱਖ ਜਾਂਚ ਕਰਵਾ ਕੇ ਅਸਲ ਸੱਚਾਈ ਨੂੰ ਲੋਕਾਂ ਸਾਹਮਣੇ ਲਿਆਵੇ, ਜਿਸ 'ਚ ਉਹ ਆਪਣਾ ਪੂਰਨ ਸਹਿਯੋਗ ਦੇਣ ਨੂੰ ਤਿਆਰ ਹਨ।
ਨਸ਼ੀਲੇ ਪਾਊਡਰ ਸਣੇ ਔਰਤ ਕਾਬੂ
NEXT STORY