ਲੁਧਿਆਣਾ(ਪਾਲੀ)-ਪੰਜਾਬ 'ਚ ਪਿਛਲੇ ਵਰ੍ਹੇ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਅਕਾਲੀ ਲੀਡਰਸ਼ਿਪ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫੀ ਤੋਂ ਮੁਕਰਨ ਦੇ ਦੋਸ਼ ਲਾ ਕੇ ਲਗਾਤਾਰ ਭੰਡਿਆ ਜਾ ਰਿਹਾ ਹੈ, ਜਦੋਂਕਿ ਪੰਜਾਬ ਵਿਚ ਇਸ ਵੇਲੇ ਰੇਤ ਮਾਫੀਆ ਦਾ ਮੁੱਦਾ ਜ਼ੋਰਾਂ ਸ਼ੋਰਾਂ ਨਾਲ ਦੂਸਰੀ ਵਿਰੋਧੀ ਧਿਰ ਵੱਲੋਂ ਚੁੱਕਿਆ ਜਾ ਰਿਹਾ ਹੈ। ਇਸ ਮੁੱਦੇ 'ਤੇ ਕੈਪਟਨ ਸਰਕਾਰ ਦੇ ਇਕ ਸੀਨੀਅਰ ਮੰਤਰੀ ਰਾਣੀ ਗੁਰਜੀਤ ਸਿੰਘ ਦੀ ਕੁਰਸੀ ਦੀ ਬਲੀ ਚੜ੍ਹ ਚੁੱਕੀ ਹੈ। ਅਕਾਲੀ ਲੀਡਰਸ਼ਿਪ ਨੇ ਇਸ ਮਸਲੇ 'ਤੇ ਚੁੱਪੀ ਸਾਧੀ ਹੋਈ ਹੈ। ਅਕਾਲੀ ਲੀਡਰਸ਼ਿਪ ਜ਼ੋਰ-ਸ਼ੋਰ ਨਾਲ ਕਿਸਾਨਾਂ ਦੇ ਕਰਜ਼ਿਆਂ ਦਾ ਮਸਲਾ ਚੁੱਕ ਰਹੀ ਹੈ। ਇਸ ਸਬੰਧੀ ਅਕਾਲੀ ਦਲ ਵੱਲੋਂ ਪੋਲ ਖੋਲ੍ਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ 20 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਣਾ ਹੈ। ਇਸ ਸਮੇਂ ਪੰਜਾਬ 'ਚ ਭਖਦੇ ਮਸਲੇ ਰੇਤ ਬਾਰੇ ਕੈਪ. ਅਮਰਿੰਦਰ ਸਿੰਘ ਜਾਨ ਛੁਡਾਉਣ ਲਈ ਯਤਨਸ਼ੀਲ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਸਾਂਪਲਾ ਵਲੋਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਵਿਧਾਇਕਾਂ 'ਤੇ ਰੇਤ ਮਾਫੀਆ 'ਚ ਸ਼ਮੂਲੀਅਤ ਲਈ ਧਿਆਨ ਦੇ ਕੇ ਵੱਡੇ ਹਮਲੇ ਕੀਤੇ ਜਾ ਰਹੇ ਹਨ। ਪੰਜਾਬ 'ਚ ਇਸ ਵੇਲੇ ਸਨਅਤਕਾਰਾਂ ਵਪਾਰੀਆਂ ਦੀ ਮੰਦੀ ਹਾਲਤ ਹੈ ਪੜ੍ਹੇ-ਲਿਖੇ ਨੌਜਵਾਨਾਂ ਦੀ ਬੇਰੋਜ਼ਗਾਰੀ ਦੀ ਭਰਮਾਰ ਹੈ। ਨੌਜਵਾਨ ਮਜਬੂਰ ਹੋ ਕੇ ਵਿਦੇਸ਼ਾਂ 'ਚ ਜਾ ਕੇ ਸਖ਼ਤ ਮਿਹਨਤ ਕਰਨ ਲਈ ਪੈਸੇ ਖਰਚ ਕੇ ਜਾਣ ਦੀ ਦੌੜ 'ਚ ਸ਼ਾਮਲ ਹਨ ਪਰ ਕੈਪਟਨ ਸਰਕਾਰ ਖਜ਼ਾਨਾ ਖਾਲੀ ਦੱਸ ਕੇ ਨਾ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ 'ਚ ਸਫਲ ਹੋ ਰਹੀ ਹੈ ਨਾ ਪੜ੍ਹੇ-ਲਿਖੇ ਨੌਜਵਾਨਾਂ ਨੂੰ ਨੌਕਰੀਆਂ ਹੀ ਦੇਣ ਲਈ ਕੁਝ ਕਰ ਸਕੀ ਹੈ। ਜਦੋਂਕਿ ਕੈਪਟਨ ਸਰਕਾਰ ਲਿਆਉਣ ਸਮੇਂ ਕਾਂਗਰਸ ਪਾਰਟੀ ਨੇ ਪ੍ਰਸ਼ਾਂਤ ਕਿਸ਼ੋਰ ਦੇ ਦੱਸੇ 'ਤੇ ਕਰਜ਼ਾ ਕੁਰਕੀ ਮੁਆਫ, ਸਮਾਰਟ ਫੋਨ ਅਤੇ ਹਰ ਘਰ 'ਚ ਇਕ ਨੌਕਰੀ ਦੇ ਫਾਰਮ ਭਰੇ ਸਨ ਪਰ ਸਰਕਾਰ ਆਉਣ ਤੋਂ ਬਾਅਦ ਦਾਅਵਿਆਂ ਦੀ ਪੂਰਤੀ ਲਈ ਖਜ਼ਾਨੇ 'ਚ ਪੈਸੇ ਕਿੱਥੋਂ ਆਉਣੇ ਸਨ, ਇਹ ਗੱਲ ਤਾਂ ਕੈਪਟਨ ਸਾਹਿਬ ਨੇ ਪ੍ਰਸ਼ਾਂਤ ਕਿਸ਼ੋਰ ਤੋਂ ਪੁੱਛੀ ਨਹੀਂ। ਹੁਣ ਹਰ ਗੱਲ ਤੋਂ ਕੈਪਟਨ ਸਰਕਾਰ ਖਜ਼ਾਨਾ ਖਾਲੀ ਦੱਸ ਕੇ ਖਹਿੜਾ ਛੁਡਾਉਣ ਲਈ ਯਤਨਸ਼ੀਲ ਹੈ। ਅਕਾਲੀ ਦਲ ਦੇ ਸੁਪਰੀਮੋ ਪੋਲ ਖੋਲ੍ਹ ਰੈਲੀਆਂ 'ਚ ਸਰਕਾਰ ਨੂੰ ਚੈਲੰਜ ਕਰਦੇ ਹਨ ਕਿ ਇਕ ਮਹੀਨੇ ਲਈ ਸਰਕਾਰ ਉਨ੍ਹਾਂ ਦੇ ਹਵਾਲੇ ਕਰੋ, ਦੇਖੋ ਕਿਵੇਂ ਟਰਾਲੀਆਂ ਭਰ ਕੇ ਨੋਟ ਆਉਂਦੇ ਹਨ। ਇਸ ਸਬੰਧੀ ਇਕ ਸਿਆਸੀ ਨੇਤਾ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਆਪਣੇ ਰਾਜ 'ਚ ਟਰੱਕ ਭਰ ਕੇ ਸੈਂਟਰ ਤੋਂ ਨੋਟ ਲਿਆਉਣ ਦੇ ਦਾਅਵੇ ਕਰਦੇ ਰਹੇ ਪਰ ਆਏ ਕੋਈ ਨਹੀਂ। ਕੇਂਦਰ 'ਚ ਬੀਬੀ ਹਰਸਿਮਰਤ ਕੌਰ ਦੇ ਮੰਤਰੀ ਹੁੰਦਿਆਂ ਲੰਗਰਾਂ ਤੋਂ ਜੀ. ਐੱਸ. ਟੀ. ਵੀ. ਅਕਾਲੀਆਂ ਲਈ ਬੜੀ ਵੱਡੀ ਚੁਣੌਤੀ ਬਣੀ ਹੋਈ ਹੈ। ਸਿਆਸੀ ਹਲਕਿਆਂ 'ਚੋਂ ਇਸ ਸਮੇਂ ਕੈਪਟਨ ਸਰਕਾਰ ਦੇ ਦੋ ਪਾਸਿਉਂ ਸਿਆਸੀ ਹਮਲਿਆਂ ਦੀ ਬੌਛਾੜ ਹੋ ਰਹੀ ਹੈ, ਉਹ ਇਸ ਤੋਂ ਕਿਵੇਂ ਖਹਿੜਾ ਛੁਡਾਉਂਦੇ ਹਨ, ਇਹ ਤਾਂ ਸਮਾਂ ਦੱਸੇਗਾ ਸ਼ਾਇਦ ਇਸ ਮਾਮਲੇ ਦਾ ਹੱਲ ਪ੍ਰਸ਼ਾਂਤ ਕਿਸ਼ੋਰ ਕੋਲ ਹੋਵੇ?
ਦਿੱਲੀ 'ਚ ਤੈਅ ਹੋਵੇਗਾ ਲੁਧਿਆਣਾ ਦੇ ਮੇਅਰ ਦਾ ਨਾਂ
NEXT STORY