ਸੰਗਰੂਰ(ਪ੍ਰਿੰਸ)— ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਅਕਾਲੀ ਦਲ ਦੇ ਜੋ ਟਕਸਾਲੀ ਨੇਤਾ ਅਕਾਲੀ ਦਲ ਨੂੰ ਛੱਡ ਰਹੇ ਹਨ, ਉਨ੍ਹਾਂ ਨੂੰ ਸਲਾਹ ਦਿੱਤੀ ਹੈ। ਚੀਮਾ ਕਿਹਾ ਕਿ ਟਕਸਾਲੀਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਘਰ-ਘਰ ਜਾ ਕੇ ਦੱਸਣ ਕਿ ਕਿਸ ਤਰ੍ਹਾਂ ਅਕਾਲੀ ਦਲ ਪੰਥ ਦੇ ਨਾਂ 'ਤੇ ਲੋਕਾਂ ਨੂੰ ਲੁੱਟ ਰਿਹਾ ਹੈ ਅਤੇ ਧਰਮ ਦੇ ਨਾਂ 'ਤੇ ਰਾਜਨੀਤੀ ਕਰ ਰਿਹਾ ਹੈ। ਟਕਸਾਲੀਆਂ ਨੂੰ ਪਾਰਟੀ 'ਚੋਂ ਕੱਢੇ ਜਾਣ ਦੇ ਸਵਾਲ ਦੇ ਜਵਾਬ ਵਿਚ ਚੀਮਾ ਨੇ ਕਿਹਾ ਕਿ ਉਨ੍ਹਾਂ ਨੂੰ ਕੱਢਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਤਾਂ ਪਹਿਲਾਂ ਹੀ ਪਾਰਟੀ 'ਚੋਂ ਅਸਤੀਫਾ ਦੇ ਚੁੱਕੇ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਜੋ ਕਿ ਪੰਥਕ ਪਾਰਟੀ ਕਹਿਲਾਉਂਦਾ ਹੈ, ਅੱਜ ਉਹ ਪੰਥ ਦੇ ਵਿਰੁੱਧ ਹੀ ਕੰਮ ਕਰ ਰਿਹਾ ਹੈ। ਇਹ ਬਹੁਤ ਹੀ ਸ਼ਰਮਨਾਕ ਹੈ।
ਇਸ ਦੌਰਾਨ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਜਲਦੀ ਹੀ ਸਮਾਰਟਫੋਨ ਵੰਡੇ ਜਾਣ ਦੇ ਐਲਾਨ ਨੂੰ ਕਾਂਗਰਸ ਦਾ ਸਿਰਫ ਇਕ ਡਰਾਮਾ ਦੱਸਿਆ, ਕਿਉਂਕਿ ਕਾਂਗਰਸ ਨੂੰ ਪਤਾ ਹੈ ਕਿ 2019 ਵਿਚ ਲੋਕ ਸਭਾ ਚੋਣਾਂ ਆਉਣ ਵਾਲੀਆਂ ਹਨ ਅਤੇ ਉਨ੍ਹਾਂ ਨੇ ਅਜੇ ਤੱਕ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨ, ਜਿਸ ਕਾਰਨ ਇਹ ਹੁਣ ਲੋਕਾਂ ਨੂੰ ਸਮਾਰਟਫੋਨ ਦਾ ਲਾਲਚ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਲਾਲਚ ਵਿਚ ਨਹੀਂ ਆਉਣ ਵਾਲੇ। ਉਨ੍ਹਾਂ ਨੇ ਮੰਗ ਕੀਤੀ ਕਿ ਤੁਸੀਂ ਲੋਕਾਂ ਨੂੰ ਚੰਗੀ ਸਿੱਖਿਆ ਦਿਓ, ਚੰਗੇ ਰੁਜ਼ਗਾਰ ਦਿਓ, ਚੰਗੀਆਂ ਸਿਹਤ ਸੁਵਿਧਾਵਾਂ ਦਿਓ। ਤੁਸੀਂ ਜੇਕਰ ਉਨ੍ਹਾਂ ਨੂੰ ਚੰਗੇ ਰੁਜ਼ਗਾਰ ਦਿਓਗੇ ਤਾਂ ਉਹ ਸਮਾਰਟਫੋਨ ਖੁਦ ਹੀ ਲੈ ਸਕਣਗੇ।
ਇਸ ਦੌਰਾਨ ਉਨ੍ਹਾਂ ਨੇ ਸੰਗਰੂਰ ਵਿਚ ਹੋਮੀ ਭਾਬਾ ਕੈਂਸਰ ਹਸਪਤਾਲ ਦੀ ਸੌ ਬਿਸਤਰਿਆਂ ਵਾਲੀ ਨਵੀਂ ਬਣੀ ਇਮਾਰਤ ਦਾ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਉਦਘਾਟਨ ਕੀਤੇ ਜਾਣ 'ਤੇ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਪਰ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਉਹ ਸੰਗਰੂਰ ਵਿਚ ਇਸ ਹਸਪਤਾਲ ਦਾ ਉਦਘਾਟਨ ਕਰਨ ਲਈ ਜਾਣਗੇ ਤਾਂ ਉਹ ਰਸਤੇ ਵਿਚ ਪੈਂਦੇ ਸਰਕਾਰੀ ਹਸਪਤਾਲ ਵੀ ਚੈੱਕ ਕਰਨ। ਹਸਪਤਾਲ ਡੇਂਗੂ ਦੇ ਮਰੀਜ਼ਾਂ ਨਾਲ ਭਰੇ ਗਏ ਹਨ ਪਰ ਸਰਕਾਰ ਡੇਂਗੂ ਨੂੰ ਰੋਕਣ ਵਿਚ ਅਸਫਲ ਸਾਬਿਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਹਪਸਤਾਲਾਂ ਵਿਚ ਡਾਕਟਰਾਂ ਦੀ ਭਾਰੀ ਕਮੀ ਹੈ, ਜਿਸ ਕਾਰਨ ਲੋਕਾਂ ਨੂੰ ਸਿਹਤ ਸੁਵਿਧਾਵਾਂ ਲੈਣ ਵਿਚ ਮੁਸ਼ਕਲ ਆ ਰਹੀ ਹੈ। ਸਰਕਾਰ ਇਸ ਪਾਸੇ ਧਿਆਨ ਦੇਵੇ।
ਉਦਯੋਗਾਂ ਨੂੰ ਵੱਡੀ ਰਾਹਤ, 1.25 ਪੈਸੇ ਪ੍ਰਤੀ ਯੂਨਿਟ ਮਿਲੇਗੀ ਬਿਜਲੀ
NEXT STORY