ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਖੇਤਰ 'ਚ ਕਰਤਾਰਪੁਰ ਲਾਂਘੇ ਨੂੰ ਲੈ ਕੇ ਹੋਣ ਵਾਲੇ ਸਮਾਗਮ 'ਚ ਹਿੱਸਾ ਲੈਣ ਦੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ ਪਰ ਸਿੱਧੂ ਵੱਲੋਂ ਆਪਣੇ ਦੌਰੇ ਨੂੰ ਨਿੱਜੀ ਕਰਾਰ ਦੇਣ ਤੋਂ ਬਾਅਦ ਉਨ੍ਹਾਂ ਨੇ ਸਿੱਧੂ ਨੂੰ ਪਾਕਿ ਜਾਣ ਦੀ ਇਜਾਜ਼ਤ ਦਿੱਤੀ ਕਿਉਂਕਿ ਉਹ (ਕੈਪਟਨ) ਕਿਸੇ ਦੇ ਨਿੱਜੀ ਦੌਰੇ ਨੂੰ ਰੋਕਣ ਦੇ ਹੱਕ 'ਚ ਨਹੀਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਜਦੋਂ ਮੱਧ ਪ੍ਰਦੇਸ਼ 'ਚ ਚੋਣ ਦੌਰੇ 'ਤੇ ਗਏ ਸਨ ਤਾਂ ਉਨ੍ਹਾਂ ਨੇ ਸਿੱਧੂ ਨੂੰ ਆਪਣੇ ਨਾਲ ਲੈ ਕੇ ਮੁੜ ਵਿਚਾਰ ਕਰਨ ਲਈ ਕਿਹਾ ਸੀ ਪਰ ਸਿੱਧੂ ਨੇ ਉਨ੍ਹਾਂ ਨੂੰ ਕਿਹਾ ਕਿ ਪਾਕਿ ਜਾਣ ਲਈ ਦ੍ਰਿੜ੍ਹ ਸੰਕਲਪ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਸਿੱਧੂ ਨੂੰ ਕਿਹਾ ਕਿ ਪਾਕਿਸਤਾਨ ਨੂੰ ਲੈ ਕੇ ਉਨ੍ਹਾਂ (ਕੈਪਟਨ) ਨੇ ਇਕ ਸਪੱਸ਼ਟ ਸਟੈਂਡ ਲਿਆ ਹੈ ਤਾਂ ਸਿੱਧੂ ਨੇ ਜਵਾਬ ਦਿੱਤਾ ਕਿ ਇਹ ਉਨ੍ਹਾਂ ਦਾ ਨਿੱਜੀ ਪਾਕਿਸਤਾਨੀ ਦੌਰਾ ਹੈ। ਸਿੱਧੂ ਨੇ ਇਹ ਵੀ ਕਿਹਾ ਕਿ ਉਹ ਜਲਦੀ ਹੀ ਉਨ੍ਹਾਂ ਨਾਲ ਗੱਲ ਕਰਨਗੇ ਪਰ ਇਸ ਤੋਂ ਬਾਅਦ ਉਨ੍ਹਾਂ ਦੀ ਸਿੱਧੂ ਨਾਲ ਗੱਲਬਾਤ ਨਹੀਂ ਹੋਈ। ਮੁੱਖ ਮੰਤਰੀ ਨੇ ਕਿਹਾ ਕਿ ਕੈਬਨਿਟ ਮੰਤਰੀ ਨੇ ਉਨ੍ਹਾਂ ਕੋਲ ਪਾਕਿ ਜਾਣ ਦੀ ਬੇਨਤੀ ਕੀਤੀ ਸੀ, ਜਿਸ ਦੀ ਉਨ੍ਹਾਂ ਇਜਾਜ਼ਤ ਦੇ ਦਿੱਤੀ ਕਿਉਂਕਿ ਉਹ ਕਿਸੇ ਨੂੰ ਨਿੱਜੀ ਦੌਰੇ 'ਤੇ ਜਾਣ ਤੋਂ ਰੋਕਣ ਦੇ ਹੱਕ ਵਿਚ ਨਹੀਂ ਹਨ। ਸਿੱਧੂ ਦਾ ਇਹ ਅਧਿਕਾਰਤ ਦੌਰਾ ਨਹੀਂ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਦੌਰੇ ਨੂੰ ਲੈ ਕੇ ਉਹ ਸਮਝਦੇ ਹਨ ਕਿ ਜਦੋਂ ਤੱਕ ਪਾਕਿਸਤਾਨ ਅਤੇ ਉਸ ਦੀ ਫੌਜ ਭਾਰਤੀ ਸਰਹੱਦਾਂ 'ਤੇ ਭਾਰਤੀ ਜਵਾਨਾਂ 'ਤੇ ਹਮਲੇ ਨਹੀਂ ਰੋਕਦੀ ਤਦ ਤੱਕ ਉਹ ਪਾਕਿ ਜਾਣ ਦੇ ਹੱਕ 'ਚ ਨਹੀਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੇ ਜਵਾਨਾਂ ਨੂੰ ਸਰਹੱਦਾਂ 'ਤੇ ਮਰਦਾ ਨਹੀਂ ਦੇਖ ਸਕਦੇ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਅੱਤਵਾਦ ਖਿਲਾਫ ਸਟੈਂਡ ਲਿਆ ਹੈ ਅਤੇ ਨਾਲ ਹੀ ਕਿਸੇ ਨੂੰ ਦੇਸ਼ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੀ। ਪਾਕਿਸਤਾਨ 'ਚ ਮਾਹੌਲ ਅਤੇ ਸਥਿਤੀਆਂ ਹਮੇਸ਼ਾ ਗੈਰ-ਯਕੀਨੀ ਰਹਿੰਦੀਆਂ ਹਨ।
ਪਾਕਿਸਤਾਨ ਜਾਂਦਿਆਂ ਭਾਵੁਕ ਹੋਏ ਹਰਸਿਮਰਤ ਬਾਦਲ
NEXT STORY