ਚੰਡੀਗੜ੍ਹ/ਜਲੰਧਰ,(ਅਸ਼ਵਨੀ, ਧਵਨ)- ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸੰਘਰਸ਼ਸ਼ੀਲ ਕਿਸਾਨਾਂ ਦੇ ਹੱਕ ਵਿਚ ਮਤਾ ਪਾਸ ਕਰਨ ਤੋਂ ਕੁਝ ਮਿੰਟ ਪਹਿਲਾਂ ਸਰਬ ਪਾਰਟੀ ਮੀਟਿੰਗ 'ਚੋਂ ਵਾਕਆਊਟ ਕਰ ਜਾਣ ’ਤੇ ਆਮ ਆਦਮੀ ਪਾਰਟੀ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅਰਵਿੰਦ ਕੇਜਰੀਵਾਲ ਦੀ ਪਾਰਟੀ ਦਾ ਦੋਗਲਾ ਚਿਹਰਾ ਇਕ ਵਾਰ ਫਿਰ ਬੇਪਰਦ ਹੋ ਗਿਆ, ਜੋ ਕਿਸਾਨਾਂ ਦੇ ਮਾਮਲਿਆਂ ’ਤੇ ਆਪਣੇ ਸੌੜੇ ਸਿਆਸੀ ਮੁਫ਼ਾਦ ਪਾਲ ਰਹੀ ਹੈ।
ਦਿੱਲੀ ਦੀਆਂ ਸਰਹੱਦਾਂ ’ਤੇ ਸੂਬੇ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਪੰਜਾਬ ਪੁਲਸ ਦੇ ਮੁਲਾਜ਼ਮ ਤਾਇਨਾਤ ਕਰਨ ਵਾਸਤੇ ‘ਆਪ’ ਦੀ ‘ਬੇਹੂਦਾ ਅਤੇ ਗੈਰ-ਕਾਨੂੰਨੀ‘ ਮੰਗ ਨੂੰ ਮੁੱਖ ਮੰਤਰੀ ਵਲੋਂ ਮੰਨਣ ਤੋਂ ਇਨਕਾਰ ਕਰ ਦੇਣ ਤੋਂ ਬਾਅਦ ‘ਆਪ’ ਮੈਂਬਰ ਮੀਟਿੰਗ 'ਚੋਂ ਵਾਕਆਊਟ ਕਰ ਗਏ।
ਮੁੱਖ ਮੰਤਰੀ ਨੇ ਕਿਹਾ ਕਿ ਲਗਭਗ ਚਾਰ ਘੰਟੇ ਚੱਲੀ ਮੀਟਿੰਗ ਵਿਚ ਸੰਕਟ ਦੀ ਇਸ ਘੜੀ ਵਿਚ ਬਾਕੀ ਪੰਜਾਬ ਦੇ ਨਾਲ ਕਿਸਾਨਾਂ ਦੇ ਹੱਕ ਵਿਚ ਡਟੇ ਹੋਣ ਦਾ ਖੇਖਣ ਕਰਨ ਤੋਂ ਬਾਅਦ ‘ਆਪ’ ਮੈਂਬਰਾਂ ਨੇ ਉਸ ਮੰਗ ਨੂੰ ਲੈ ਕੇ ਵਾਕਆਊਟ ਕਰ ਦਿੱਤਾ, ਜਿਸ ਨੂੰ ਸੂਬਾ ਸਰਕਾਰ ਨਹੀਂ ਮੰਨ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿਵੇਂ ਸੰਭਵ ਹੋ ਸਕਦਾ ਕਿ ਕੌਮੀ ਧਿਰ ਹੋਣ ਦਾ ਢਕਵੰਜ ਕਰਨ ਵਾਲੀ ਪਾਰਟੀ ਨੂੰ ਇਹ ਨਾ ਪਤਾ ਹੋਵੇ ਕਿ ਕੋਈ ਵੀ ਸੂਬਾ ਪੁਲਸ, ਕਿਸੇ ਹੋਰ ਸੂਬੇ ਵਿਚ ਸਧਾਰਨ ਢੰਗ ਨਾਲ ਨਹੀਂ ਵੜ ਸਕਦੀ। ਕਿਸਾਨ-ਪੱਖੀ ਹੋਣ ਦਾ ਦਾਅਵਾ ਕਰਨ ਵਾਲੀ ਪਾਰਟੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਮੰਗ ਨੂੰ ਲੈ ਕੇ ਕਿਸਾਨਾਂ ਨਾਲ ਸਬੰਧਤ ਮਸਲੇ ’ਤੇ ਆਮ ਸਹਿਮਤੀ ਬਣਾਉਣ ਲਈ ਸੱਦੀ ਗਈ ਅਹਿਮ ਮੀਟਿੰਗ ’ਚੋਂ ਵਾਕਆਊਟ ਕਿਵੇਂ ਕਰ ਸਕਦੀ ਹੈ? ਜੇਕਰ ਉਨ੍ਹਾਂ ਨੂੰ ਸੱਚਮੁੱਚ ਹੀ ਸੂਬੇ ਅਤੇ ਇੱਥੋਂ ਦੇ ਲੋਕਾਂ ਦਾ ਫਿਕਰ ਸੀ ਤਾਂ ਪੰਜਾਬ ਦੇ ਹਿੱਤਾਂ ਨੂੰ ਪ੍ਰਣਾਈਆਂ ਸਾਰੀਆਂ ਪਾਰਟੀਆਂ ਵਲੋਂ ਕੀਤੇ ਗਏ ਸਾਂਝੇ ਉਦਮ ਦੀ ਉਨ੍ਹਾਂ ਨੇ ਹਮਾਇਤ ਕਿਉਂ ਨਹੀਂ ਕੀਤੀ।
ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ‘ਆਪ’ ਨੂੰ ਨਾ ਤਾਂ ਕਿਸਾਨਾਂ ਅਤੇ ਨਾ ਹੀ ਪੰਜਾਬ ਦਾ ਫਿਕਰ ਹੈ। ਅਜਿਹੇ ਸੰਜੀਦਾ ਅਤੇ ਸੰਵੇਦਨਸ਼ੀਲ ਮੁੱਦੇ ’ਤੇ ਵੀ ਸੌੜੀ ਸਿਆਸਤ ਤੋਂ ਉਪਰ ਨਾ ਉਠਦਿਆਂ ‘ਆਪ’ ਨੇ ਖੁਦ ਨੂੰ ਇਕ ਵਾਰ ਫਿਰ ਭਾਜਪਾ ਦਾ ਹੱਥਠੋਕਾ ਸਾਬਤ ਕਰ ਦਿੱਤਾ ਹੈ। ਉਨ੍ਹਾਂ ਸਾਫ਼ ਕੀਤਾ ਕਿ ਇਨ੍ਹਾਂ ਦੋਵੇਂ ਪਾਰਟੀਆਂ ਨੇ ਆਪਸ ਵਿਚ ਮਿਲੀਭੁਗਤ ਕਰਦਿਆਂ ਕਿਸਾਨਾਂ ਦੇ ਅੰਦੋਲਨ ਨੂੰ ਢਾਹ ਲਾਈ ਹੈ।
ਕਿਸਾਨੀ ਸੰਘਰਸ਼ ’ਚ ਟੋਲ-ਪਲਾਜ਼ੇ ’ਤੇ ਬੈਠੇ ਕਿਸਾਨ ਦੀ ਮੌਤ
NEXT STORY