ਜਲੰਧਰ,(ਧਵਨ)– ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ’ਚ ਬਿਆਸ ਅਤੇ ਰਾਵੀ ਦਰਿਆਵਾਂ ਦੇ ਕਿਸੇ ਵੀ ਕੰਢੇ ’ਚ ਕੋਈ ਪਾੜ ਨਹੀਂ ਪਿਆ। ਇਸ ਸਬੰਧੀ ਪਿਛਲੇ ਦਿਨੀਂ ਝੂਠੀਆਂ ਅਫਵਾਹਾਂ ਫੈਲਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਘੱਗਰ ਅਤੇ ਸਤਲੁਜ ਦਰਿਆ ਦੇ ਕੁਝ ਕੰਢਿਆਂ ’ਚ ਪਏ ਪਾੜ ’ਚੋਂ ਵਧੇਰੇ ਨੂੰ ਭਰ ਦਿੱਤਾ ਗਿਆ ਹੈ। ਬਾਕੀ ਦਾ ਰਹਿੰਦਾ ਕੰਮ ਇਕ ਦੋ ਦਿਨ ’ਚ ਮੁਕੰਮਲ ਕਰ ਲਿਆ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਫੌਜ, ਰਾਸ਼ਟਰੀ ਆਫਤ ਪ੍ਰਬੰਧਕੀ ਫੋਰਸ, ਪੰਜਾਬ ਸਰਕਾਰ ਦੇ ਅਧਿਕਾਰੀਆਂ, ਸਵੈਮਸੇਵੀ ਸੰਗਠਨਾਂ ਅਤੇ ਸੂਬੇ ਦੇ ਲੋਕਾਂ ਵਲੋਂ ਵੱਖ-ਵੱਖ ਥਾਵਾਂ ’ਤੇ ਪਾੜ ਭਰਨ ਲਈ ਪਾਏ ਗਏ ਯੋਗਦਾਨ ਲਈ ਬੁੱਧਵਾਰ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਲਈ ਸਭ ਤੋਂ ਪਹਿਲੀ ਪਹਿਲ ਲੋਕਾਂ ਦੀ ਜਾਨ ਨੂੰ ਬਚਾਉਣਾ ਹੈ ਇਸੇ ਲਈ ਸਰਕਾਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਸਭ ਤੋਂ ਪਹਿਲਾਂ ਹੜ੍ਹ ਦੀ ਲਪੇਟ ’ਚ ਆਏ ਪਿੰਡਾਂ ’ਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ ਅਤੇ ਰਾਹਤ ਕੈਂਪਾਂ ’ਚ ਭੇਜਿਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਅਜੇ ਤੱਕ ਸਰਕਾਰ ਨੇ ਹੜ੍ਹ ਕਾਰਣ ਹੋਏ ਨੁਕਸਾਨ ਦਾ ਜੋ ਅੰਦਾਜ਼ਾ ਲਾਇਆ ਹੈ, ਉਸ ਮੁਤਾਬਕ 2000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਨੂੰ ਹੜ੍ਹ ਪੀੜਤਾਂ ਨੂੰ ਪੁੱਜੇ ਨੁਕਸਾਨ, ਮੂਲ ਢਾਂਚੇ ਨੂੰ ਨੁਕਸਾਨ ਅਤੇ ਪਸ਼ੂਆਂ ਦੇ ਜਾਨੀ ਨੁਕਸਾਨ ਆਦਿ ਸ਼ਾਮਲ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਹੜ੍ਹ ਬਾਰੇ ਅਫਵਾਹਾਂ ਫੈਲਾਉਣ ਤੋਂ ਬਾਜ਼ ਆਉਣ।
ਕੈਪਟਨ ਨੇ ਕਿਹਾ ਕਿ ਹੜ੍ਹ ਕਾਰਣ ਪੰਜਾਬ ’ਚ 6 ਜ਼ਿਲੇ ਪ੍ਰਭਾਵਿਤ ਹੋਏ ਹਨ। ਇਨ੍ਹਾਂ ’ਚ ਰੋਪੜ, ਮੋਗਾ, ਜਲੰਧਰ, ਕਪੂਰਥਲਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਸ਼ਾਮਲ ਹਨ। ਉਨ੍ਹਾਂ ਅਧਿਕਾਰੀਆਂ ਕੋਲੋਂ ਰਿਪੋਰਟਾਂ ਮਿਲਣ ਪਿੱਛੋਂ ਹੜ੍ਹ ਪੀੜਤਾਂ ਦੀ ਰਾਹਤ ਦੇ ਨਾਲ-ਨਾਲ ਵੱਖ-ਵੱਖ ਉਪਾਵਾਂ ਦਾ ਐਲਾਨ ਕੀਤਾ ਹੈ। ਹੜ੍ਹ ਕਾਰਣ ਸੂਬੇ ’ਚ 61 ਹਜ਼ਾਰ ਪਸ਼ੂ ਧਨ ਪ੍ਰਭਾਵਿਤ ਹੋਇਆ ਹੈ। ਅਜਿਹੇ ਪਸ਼ੂਆਂ ਦੇ ਇਲਾਜ ਲਈ ਟੀਮਾਂ ਨੂੰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲੋਂ ਉਨ੍ਹਾਂ ਰਾਹਤ ਪੈਕੇਜ ਮੰਗਿਆ ਹੈ। ਉਮੀਦ ਹੈ ਕਿ ਜਲਦੀ ਹੀ ਕੇਂਦਰੀ ਟੀਮ ਪੰਜਾਬ ਆ ਕੇ ਹੜ੍ਹ ਪੀੜਤ ਖੇਤਰਾਂ ਦਾ ਦੌਰਾ ਕਰੇਗੀ।
ਬੀਬੀ ਭੱਠਲ ਲਈ ‘ਲੋਕ ਨਾਇਕ’ ਹਨ ਭਗਵੰਤ ਮਾਨ
NEXT STORY