ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਵਰਚੁਅਲ ਢੰਗ ਨਾਲ ਮੋਬਾਈਲ ਐਪ ‘ਡਿਜ਼ੀਨੈਸਟ’ ਜਾਰੀ ਕੀਤੀ ਹੈ। ਇਸ ਪਹਿਲਕਦਮੀ ਨਾਲ ਲੋਕ ਆਪਣੇ ਸਮਾਰਟ ਫੋਨ ਰਾਹੀਂ ਇਕ ਬਟਨ ਦਬਾਉਣ ਦੇ ਨਾਲ ਹੀ ਸੂਬੇ ਦੀ ਸਰਕਾਰੀ ਡਾਇਰੈਕਟਰੀ ਤੱਕ ਡਿਜ਼ੀਟਲ ਪਹੁੰਚ ਬਣਾ ਸਕਣਗੇ। ਮੁੱਖ ਮੰਤਰੀ ਨੇ ਸੂਬਾ ਸਰਕਾਰ ਵੱਲੋਂ ਮੀਡੀਆ ਅਦਾਰਿਆਂ ਨੂੰ ਇਸ਼ਤਿਹਾਰ ਅਤੇ ਭੁਗਤਾਨ ਜਾਰੀ ਕਰਨ ਦੀ ਸਾਰੀ ਪ੍ਰਕਿਰਿਆ ਵਿਚ ਪਾਰਦਰਸ਼ਤਾ ਤੇ ਕੁਸ਼ਲਤਾ ਲਿਆਉਣ ਲਈ ਆਨਲਾਈਨ ਪੰਜਾਬ ਇਸ਼ਤਿਹਾਰ ਰਿਲੀਜ਼ ਆਰਡਰ ਸਿਸਟਮ ਦਾ ਵੀ ਆਗਾਜ਼ ਕੀਤਾ ਹੈ। ਇਹ ਸਿਸਟਮ ਇਸ਼ਤਿਹਾਰ ਜਾਰੀ ਕਰਨ ਅਤੇ ਭੁਗਤਾਨ ਕਰਨ ਦੀ ਸਾਰੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਿਚ ਸਹਾਇਤਾ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ਤੋਂ ਆਈ ਇਕ ਹੋਰ ਬੁਰੀ ਖ਼ਬਰ, ਹੁਣ ਰਾਏਪੁਰ ਖੁਰਦ ਦੇ ਕਿਸਾਨ ਨੇ ਤੋੜਿਆ ਦਮ
ਮੁੱਖ ਮੰਤਰੀ ਨੇ ਕਿਹਾ ਕਿ ਇਹ ਦੋਵੇਂ ਪਹਿਲਕਦਮੀਆਂ ਲੋਕ ਸੰਪਰਕ ਵਿਭਾਗ ਅਤੇ ਸਬੰਧਤ ਹਿੱਸੇਦਾਰਾਂ ਖਾਸ ਕਰਕੇ ਆਮ ਲੋਕਾਂ ਵਿਚਾਲੇ ਬਿਹਤਰ ਤਾਲਮੇਲ ਸਥਾਪਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਜਾਰੀ ਕੀਤੀ ਪੀ. ਆਰ. ਇਨਸਾਈਟ ਤੋਂ ਬਾਅਦ ‘ਡਿਜ਼ੀਨੈਸਟ’ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਇਕ ਹੋਰ ਨਿਵੇਕਲੀ ਕਾਢ ਹੈ ਜੋ ਡਿਜ਼ੀਟਾਈਲਜੇਸ਼ਨ ਦੇ ਖੇਤਰ ਵਿਚ ਨਵੀਆਂ ਸਿਖਰਾਂ ਛੂਹੇਗੀ। ਗੌਰਤਲਬ ਹੈ ਕਿ ਮੁੱਖ ਮੰਤਰੀ ਵੱਲੋਂ ਹਾਲ ਹੀ ਵਿਚ ਮੋਬਾਈਲ ਐਪ ਅਤੇ ਵੈੱਬ ਪੋਰਟਲ ‘ਪੀ.ਆਰ. ਇਨਸਾਈਟ’ (ਲੋਕ ਸੰਪਰਕ ਦਾ ਝਰੋਖਾ) ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਨਾਲ ਫੀਡਬੈਕ ਦਾ ਨਿਰੀਖਣ ਕਰਨ ਅਤੇ ਉਸ ਦੇ ਆਧਾਰ ’ਤੇ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਵਿਚ ਸੁਧਾਰ ਲਿਆਂਦਾ ਜਾ ਸਕੇਗਾ ਤਾਂ ਕਿ ਸੂਬੇ ਵਿਚ ਲੋਕ ਪੱਖੀ ਅਤੇ ਪਾਰਦਰਸ਼ੀ ਸ਼ਾਸਨ ਯਕੀਨੀ ਬਣਾਇਆ ਜਾ ਸਕੇ। ‘ਡਿਜ਼ੀਨੈਸਟ’ ਨਾਗਰਿਕਾਂ ਨੂੰ ਵਿਭਾਗ ਅਨੁਸਾਰ ਅਧਿਕਾਰੀਆਂ ਦੇ ਸੰਪਰਕ ਨੰਬਰ ਮੁਹੱਈਆ ਕਰਵਾਉਣ ਵਿਚ ਸਹਾਇਕ ਸਾਬਤ ਹੋਵੇਗੀ ਅਤੇ ਅਧਿਕਾਰੀਆਂ ਨਾਲ ਫੋਨ ਜਾਂ ਈ-ਮੇਲ ਰਾਹੀਂ ਰਾਬਤਾ ਸਾਧਣ ਦੇ ਯੋਗ ਬਣਾਏਗੀ। ਪੰਜਾਬ ਸਰਕਾਰ ਦੇ ਕਰਮਚਾਰੀ ਵੀ ਆਪਣੇ ਐਚ.ਆਰ.ਐਮ.ਐਸ. ਪਛਾਣ ਪੱਤਰਾਂ ਰਾਹੀਂ ਐਪ ਉਤੇ ਲੌਗ ਆਨ ਕਰ ਸਕਦੇ ਹਨ ਜਿਸ ਨਾਲ ਆਪਣੇ ਸਹਿਯੋਗੀ ਕਰਮਚਾਰੀਆਂ ਦੀ ਸੇਵਾ ਮੁਕਤੀ ਤੇ ਜਨਮ ਦਿਨ ਤਰੀਕਾਂ ਬਾਰੇ ਆਪਣੇ ਆਪ ਨੂੰ ਅਪਡੇਟ ਕਰ ਸਕਣਗੇ ਅਤੇ ਐੱਸ.ਐੱਮ.ਐੱਸ. ਜਾਂ ਵਟਸਐਪ ਰਾਹੀਂ ਸ਼ੁਭ ਇੱਛਾਵਾਂ ਭੇਜ ਸਕਣਗੇ।
ਇਹ ਵੀ ਪੜ੍ਹੋ : 2020 ਦੌਰਾਨ ਪੰਜਾਬ ਦੀ ਸਿਆਸਤ ’ਚ ਛਾਏ ਇਹ ਮੁੱਦੇ, ਜਮ ਕੇ ਹੋਇਆ ਘਮਾਸਾਨ
ਡਿਜ਼ੀਨੈਸਟ ਤੋਂ ਅਧਿਕਾਰੀਆਂ ਦੇ ਤਬਾਦਲਿਆਂ ਦੇ ਹੁਕਮ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਸੂਬਾ ਸਰਕਾਰ ਅਜਿਹੇ ਹੁਕਮਾਂ ਨੂੰ ਜਾਰੀ ਕਰਨ ਲਈ ਇਸ ਐਪ ਨੂੰ ਅਧਿਕਾਰਤ ਐਪ ਬਣਾਉਣ ਦੀ ਵੀ ਯੋਜਨਾ ਬਣਾ ਰਹੀ ਹੈ। ਗਜ਼ਟਿਡ ਛੁੱਟੀਆਂ, ਰਾਖਵੀਆਂ ਛੁੱਟੀਆਂ ਅਤੇ ਹਫਤੇ ਦੇ ਛੁ੍ੱਟੀ ਵਾਲੇ ਦਿਨਾਂ ਦੇ ਵੇਰਵੇ ਸਮੇਤ ਪੰਜਾਬ ਸਰਕਾਰ ਦੀ ਛੁੱਟੀਆਂ ਦੇ ਕੈਲੰਡਰ ’ਤੇ ਵੀ ਇਸ ਐਪ ਰਾਹੀਂ ਪਹੁੰਚ ਬਣਾਈ ਜਾ ਸਕਦੀ ਹੈ। ਕੈਲੰਡਰ ਦੀ ਇਕ ਵਿਸ਼ੇਸ਼ਤਾ ਇਹ ਵੀ ਹੋਵੇਗੀ ਕਿ ਹਰ ਮਹੀਨੇ ਆਉਣ ਵਾਲੇ ਆਉਣ ਵਾਲੇ ਦਿਹਾੜੇ ‘ਸੰਗਰਾਂਦ’, ‘ਪੂਰਨਮਾਸ਼ੀ’ ਤੇ ‘ਮੱਸਿਆ’ ਦੀਆਂ ਤਰੀਕਾਂ ਵੀ ਹਾਸਲ ਕੀਤੀਆਂ ਜਾ ਸਕਣਗੀਆਂ। ਇਸ ਤੋਂ ਇਲਾਵਾ ਐਪ ਦਾ ਖਬਰ ਸੈਕਸ਼ਨ ਲੋਕਾਂ ਨੂੰ ਡਿਜ਼ੀਟਲ ਮੋਡ ਰਾਹੀਂ ਖਬਰਾਂ ਤੱਕ ਪਹੁੰਚ ਬਣਾਉਣ ਵਿਚ ਮੱਦਦਗਾਰ ਸਾਬਤ ਹੋਵੇਗਾ। ਇਸ ਤੋਂ ਇਲਾਵਾ ਜ਼ਿਲ੍ਹਾ ਵਾਰ ਅਤੇ ਵਿਸ਼ੇਸ਼ ਪਛਾਣ ਵਾਲੇ ਸ਼ਬਦਾਂ ਦੀ ਵਰਤੋਂ ਰਾਹੀਂ ਖਬਰਾਂ ਦੀ ਖੋਜ ਕਰਨ ਵਿਚ ਸਹਾਇਤਾ ਪ੍ਰਾਪਤ ਕਰੇਗਾ। ਇਸ ਤੋਂ ਇਲਾਵਾ ਐਪ ਵਿਚ ਟਾਈਪ ਕਰਨ ਜਾਂ ਸਟਾਈਲਸ ਦੀ ਵਰਤੋਂ ਕਰਕੇ ਨੋਟਸ ਬਣਾਉਣ ਦਾ ਬਦਲ ਹੋਵੇਗਾ। ਇਨ੍ਹਾਂ ਤੋਂ ਇਲਾਵਾ ਐਪ ਦੇ ਮੈਗਜ਼ੀਨ ਸੈਕਸ਼ਨ ਰਾਹੀਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮਹੀਨਾਵਾਰ ਰਸਾਲੇ ਕ੍ਰਮਵਾਰ ‘ਪੰਜਾਬ ਐਡਵਾਂਸ’ ਤੇ ‘ਪ੍ਰੋਗਰੈਸਿਵ ਫਾਰਮਿੰਗ’ ਵੀ ਪੜ੍ਹੇ ਜਾ ਸਕਣਗੇ।
ਇਹ ਵੀ ਪੜ੍ਹੋ : ਖੰਡੇ ਅਤੇ ੧ਓ ਵਾਲੀ ਲੋਈ ਵਾਲੇ ਵਿਵਾਦ ’ਤੇ ਨਵਜੋਤ ਸਿੱਧੂ ਨੇ ਮੰਗੀ ਮੁਆਫ਼ੀ
ਦੂਜੀ ਪਹਿਲਕਦਮੀ ਆਨਲਾਈਨ ਰਿਲੀਜ਼ ਆਰਡਰ ਸਿਸਟਮ ਸਬੰਧਤ ਧਿਰਾਂ ਵੱਲੋਂ ਇਸ਼ਤਿਹਾਰਾਂ ਦੀਆਂ ਬੇਨਤੀਆਂ/ਮੰਗ ਪੱਤਰਾਂ ਦੇ ਨਾਲ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਦਸਤੀ ਪ੍ਰਕਿਰਿਆ ਨੂੰ ਖਤਮ ਕਰੇਗਾ। ਇਹ ਨਿਵੇਕਲਾ ਕਦਮ ਜਿੱਥੇ ਸਮੇਂ ਦੀ ਬੱਚਤ ਕਰੇਗਾ ਅਤੇ ਪਾਰਦਰਸ਼ਤਾ ਲਿਆਏਗਾ ਉਥੇ ਵੱਖ-ਵੱਖ ਵਿਭਾਗਾਂ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਰਿਲੀਜ਼ ਆਰਡਰ ਦੀ ਅਸਲ ਸਮੇਂ ਦੀ ਨਿਗਰਾਨੀ ਨੂੰ ਵੀ ਯਕੀਨੀ ਬਣਾਏਗਾ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ?
ਨਾਭਾ ਜੇਲ੍ਹ ’ਚ ਵੱਡੀ ਵਾਰਦਾਤ, ਕੈਦੀ ਨੇ ਹੈੱਡ ਕਾਂਸਟੇਬਲ ’ਤੇ ਇੱਟ ਨਾਲ ਕੀਤਾ ਹਮਲਾ
NEXT STORY