ਜਲੰਧਰ- ਦੋ ਵਾਰ ਮੁੱਖ ਮੰਤਰੀ, ਦੋ ਵਾਰ ਸੰਸਦ ਮੈਂਬਰ, ਅੱਧਾ ਦਰਜਨ ਵਾਰ ਵਿਧਾਇਕ ਅਤੇ ਤਿੰਨ ਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਹੁਦੇ ਤੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਤੋਂ ਸੁਰਖੀਆਂ ’ਚ ਹਨ। ਉਹ ਨਿਪੁੰਨ ਰਾਜਨੇਤਾ, ਲੇਖਕ, ਸਾਬਕਾ ਫੌਜੀ ਅਤੇ ਪ੍ਰਸ਼ਾਸਕ ਹੀ ਨਹੀਂ ਹਨ ਸਗੋਂ ਅਨੇਕ ਵਿਸ਼ਿਆਂ ’ਤੇ ਪਕੜ ਰੱਖਣ ’ਚ ਵੀ ਉਨ੍ਹਾਂ ਨੂੰ ਮੁਹਾਰਤ ਹਾਸਲ ਹੈ। ਇਸ ਸਾਲ ਸਤੰਬਰ ’ਚ ਮੁੱਖ ਮੰਤਰੀ ਅਹੁਦਾ ਛੱਡਣ ਦੇ ਸਿਰਫ਼ ਡੇਢ ਮਹੀਨੇ ਬਾਅਦ 'ਪੰਜਾਬ ਲੋਕ ਕਾਂਗਰਸ' ਦੇ ਰੂਪ ’ਚ ਨਵੀਂ ਪਾਰਟੀ ਗਠਿਤ ਕਰਨ ਅਤੇ ਭਾਜਪਾ ਨਾਲ ਮਿਲ ਕੇ ਚੋਣ ਲੜਨ ਦੇ ਉਨ੍ਹਾਂ ਦੇ ਐਲਾਨ ਨੇ ਪੰਜਾਬ ਦੇ ਸਿਆਸੀ ਹਲਕਿਆਂ ’ਚ ਹਲਚਲ ਮਚਾ ਦਿੱਤੀ ਹੈ। ਬੇਅਦਬੀ, ਡਰੱਗਜ਼ ਮਾਮਲਿਆਂ, ਭਾਜਪਾ ਨਾਲ ਸਬੰਧਾਂ ਸਮੇਤ ਕਈ ਅਹਿਮ ਮਾਮਲਿਆਂ ’ਤੇ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ‘ਜਗ ਬਾਣੀ’ ਦੇ ਹਰੀਸ਼ਚੰਦਰ ਨੇ। ਪੇਸ਼ ਹਨ ਇਸ ਗੱਲਬਾਤ ਦੇ ਪ੍ਰਮੁੱਖ ਅੰਸ਼:-
ਸਵਾਲ: ਚੰਨੀ ਸਰਕਾਰ ਨੇ ਬਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ ਪਰ ਤੁਹਾਡੀ ਸਰਕਾਰ ਨੇ ਮਜੀਠੀਆ ਖਿਲਾਫ਼ ਪਰਚਾ ਕਿਉਂ ਨਹੀਂ ਕੀਤਾ ਸੀ?
ਜਵਾਬ: ਐੱਸ. ਟੀ. ਐੱਫ਼. ਦੀ ਰਿਪੋਰਟ ਸੀਲਬੰਦ ਲਿਫ਼ਾਫ਼ੇ ’ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਪੈਂਡਿੰਗ ਹੈ। ਰਿਪੋਰਟ ਖੋਲ੍ਹਣ ਅਤੇ ਅਧਿਐਨ ਕਰਨ ਤੋਂ ਬਾਅਦ ਹੀ ਇਹ ਤੈਅ ਕੀਤਾ ਜਾ ਸਕਦਾ ਹੈ ਕਿ ਕਿਸੇ ਕਾਰਵਾਈ ਦੀ ਲੋੜ ਹੈ ਜਾਂ ਨਹੀਂ। ਬਿਨਾਂ ਰਿਪੋਰਟ ਪੜ੍ਹੇ ਕੋਈ ਕਿਵੇਂ ਕਾਰਵਾਈ ਕਰ ਸਕਦਾ ਹੈ।
ਸਵਾਲ: ਤਾਂ ਹੁਣ ਚੰਨੀ ਸਰਕਾਰ ਨੇ ਕੇਸ ਕਿਵੇਂ ਕਰ ਦਿੱਤਾ?
ਜਵਾਬ: ਇਹ ਉਨ੍ਹਾਂ ਨੂੰ ਪੁੱਛੋ, ਇਸ ਦਾ ਬਿਹਤਰ ਜਵਾਬ ਤਾਂ ਉਹੀ ਦੇ ਸਕਦੇ ਹਨ।
ਇਹ ਵੀ ਪੜ੍ਹੋ: ਕਾਂਗਰਸ ਹਾਈਕਮਾਨ ਦੇ ਨਵੇਂ ਨਿਯਮਾਂ ਨੇ ਫਿਕਰਾਂ 'ਚ ਪਾਏ ਦਾਗੀ ਵਿਧਾਇਕ
ਸਵਾਲ: ਤੁਸੀਂ ਉਮਰ ਦੇ ਇਸ ਪੜਾਅ ’ਤੇ ਨਵੀਂ ਸਿਆਸੀ ਪਾਰਟੀ ਬਣਾਈ ਹੈ। ਲੋਕਾਂ ਨੂੰ ਲੱਗਦਾ ਹੈ ਕਾਂਗਰਸ ਅਤੇ ਖ਼ਾਸ ਕਰਕੇ ਨਵਜੋਤ ਸਿੱਧੂ ਨੂੰ ਸਬਕ ਸਿਖਾਉਣ ਲਈ ਤੁਸੀ ਸਿਆਸੀ ਰੂਪ ’ਚ ਖੜ੍ਹੇ ਹੋਏ ਹੋ, ਤੁਹਾਡੀ ਪ੍ਰਤੀਕਿਰਿਆ?
ਜਵਾਬ: ਮੈਂ ਓਨਾ ਹੀ ਸਰਗਰਮ ਹਾਂ, ਜਿੰਨਾਂ 50 ਸਾਲ ਪਹਿਲਾਂ, ਜਦੋਂ ਮੈਂ ਰਾਜਨੀਤੀ ’ਚ ਆਇਆ ਸੀ। ਜਾਂ ਸ਼ਾਇਦ ਤੁਸੀ ਕਹਿ ਸਕਦੇ ਹੋ ਕਿ ਮੈਂ ਜ਼ਿਆਦਾ ਸਰਗਰਮ ਹਾਂ ਕਿਉਂਕਿ ਸਾਡੇ ਕੋਲ ਸੀਮਤ ਸਮਾਂ ਹੈ, ਕਿਉਂਕਿ ਚੋਣਾਂ ਨਜ਼ਦੀਕ ਹਨ। ਮੈਂ ਇਕ ਫ਼ੌਜੀ ਹਾਂ ਅਤੇ ਮੈਂ ਜਿੱਤਣ ਲਈ ਲੜਦਾ ਹਾਂ। ਕਾਂਗਰਸ ਜਾਂ ਨਵਜੋਤ ਸਿੱਧੂ ਅਸਲੀਅਤ ’ਚ ਮੇਰੀ ਯੋਜਨਾ ’ਚ ਸ਼ਾਮਲ ਨਹੀਂ ਹਨ। ਮੇਰਾ ਉਦੇਸ਼ ਅਤੇ ਮਿਸ਼ਨ ਭਾਜਪਾ ਨਾਲ ਮਿਲ ਕੇ ਚੋਣਾਂ ਜਿੱਤਣਾ ਅਤੇ ਪੰਜਾਬ ’ਚ ਅਗਲੀ ਸਰਕਾਰ ਬਣਾਉਣਾ ਹੈ। ਅਸੀਂ ਅਸਥਿਰ ਦਿਮਾਗ ਦੀ ਸ਼ਖਸੀਅਤ ਦੇ ਹੱਥਾਂ ’ਚ ਪੰਜਾਬ ਸੌਂਪਣ ’ਤੇ ਭਰੋਸਾ ਨਹੀਂ ਕਰ ਸਕਦੇ।
ਸਵਾਲ: ਭਾਜਪਾ ਨੂੰ ਨਵੇਂ ਸਿਆਸੀ ਸਾਥੀ ਦੇ ਤੌਰ ’ਤੇ ਕਿਵੇਂ ਵੇਖਦੇ ਹੋ? ਕੀ ਤੁਹਾਨੂੰ ਭਰੋਸਾ ਹੈ ਕਿ ਇਹ ਫੈਸਲਾ ਠੀਕ ਨਤੀਜੇ ਲਿਆਏਗਾ?
ਜਵਾਬ: ਭਾਜਪਾ ਇਕ ਕੌਮੀ ਪਾਰਟੀ ਹੈ ਅਤੇ ਇਸ ਨੇ ਪੂਰੇ ਦੇਸ਼ ’ਚ ਬਹੁਤ ਵਧੀਆ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਅੱਗੇ ਵਧ ਕੇ ਪੂਰੀ ਕੁਸ਼ਲਤਾ ਨਾਲ ਅਗਵਾਈ ਕੀਤੀ ਹੈ। ਉਹ ਇਕ ਨਿਰਣਾਇਕ ਅਤੇ ਮਿਹਨਤੀ ਪ੍ਰਧਾਨ ਮੰਤਰੀ ਹਨ। ਉਨ੍ਹਾਂ ਕੋਲ ਇਕ ਚੰਗੀ ਟੀਮ ਹੈ। ਭਾਜਪਾ ਇਕ ਪਾਰਟੀ ਵਜੋਂ ਅਜਿਹੀ ਹੀ ਹੈ। ਉਹ ਵਿਚਾਰਾਂ ਅਤੇ ਸੁਝਾਵਾਂ ਲਈ ਖੁੱਲ੍ਹੇ ਹਨ ਜਿਵੇਂ ਉਸ ਨੇ ਆਖਿਰਕਾਰ ਪੰਜਾਬ, ਹਰਿਆਣਾ ਅਤੇ ਯੂ. ਪੀ. ਦੇ ਕੁਝ ਹਿੱਸਿਆਂ ਤੋਂ ਕਿਸਾਨਾਂ ਦੀ ਮੰਗ ਨੂੰ ਮਨਜ਼ੂਰ ਕਰਨ ਲਈ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਪੰਜਾਬ ’ਚ ਮਿਲ ਕੇ ਚੋਣਾਂ ਜਿੱਤਾਂਗੇ। ਇਸ ਤੋਂ ਇਲਾਵਾ, ਇਹ ਇਕ ‘ਡਬਲ ਇੰਜਣ’ ਸਰਕਾਰ ਹੋਵੇਗੀ, ਜਿਸ ’ਚ ਰਾਜ ਅਤੇ ਕੇਂਦਰ ਦੋਵਾਂ ਸਰਕਾਰਾਂ ਇਕ ਹੀ ਪਿਛੋਕੜ ਦੀਆਂ ਹੋਣਗੀਆਂ ਅਤੇ ਪੰਜਾਬ ਇਸ ਨਾਲ ਤੋਂ ਜ਼ਿਆਦਾ ਦੀ ਉਮੀਦ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਅਰਵਿੰਦ ਕੇਜਰੀਵਾਲ ਦਾ ਵਕੀਲਾਂ ਨਾਲ ਸੰਵਾਦ, ਦਿੱਤੀਆਂ ਦੋ ਵੱਡੀਆਂ ਗਾਰੰਟੀਆਂ
ਸਵਾਲ: ਨਵਜੋਤ ਸਿੱਧੂ ਖ਼ਿਲਾਫ਼ ਤੁਸੀਂ ਤਕੜਾ ਉਮੀਦਵਾਰ ਉਤਾਰ ਕੇ ਉਨ੍ਹਾਂ ਦੀ ਹਾਰ ਯਕੀਨੀ ਬਣਾਉਣ ਦਾ ਦਾਅਵਾ ਕੀਤਾ ਹੈ। ਅੰਮ੍ਰਿਤਸਰ ਪੂਰਬੀ ਹਲਕਾ ਤਾਂ ਭਾਜਪਾ ਦਾ ਹੈ, ਜਿੱਥੋਂ ਸਿੱਧੂ ਚੋਣ ਲੜਦੇ ਹਨ। ਕੀ ਤੁਸੀਂ ਉਨ੍ਹਾਂ ਨੂੰ ਉਮੀਦਵਾਰ ਦੇਵੋਗੇ?
ਜਵਾਬ: ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ, ਅਸੀਂ ਪੂਰੇ ਰਾਜ ’ਚ ਜਿੱਤਣ ਵਾਲੇ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਾਂਗੇ। ਉਹ ਬੀ. ਜੇ. ਪੀ. ਜਾਂ ਪੀ. ਐੱਲ. ਸੀ., ਕਿਸੇ ਤੋਂ ਵੀ ਹੋ ਸਕਦੇ ਹਨ ਅਤੇ ਅੰਮ੍ਰਿਤਸਰ ਪੂਰਬੀ ਲਈ ਵੀ ਇਹੀ ਸੱਚ ਹੋਵੇਗਾ, ਜਿੱਥੇ ਅਸੀਂ ਕਿਸੇ ਅਜਿਹੇ ਵਿਅਕਤੀ ਨੂੰ ਮੈਦਾਨ ’ਚ ਉਤਾਰਾਂਗੇ, ਜੋ ਸਿੱਧੂ ਨੂੰ ਨਿਸ਼ਚਿਤ ਤੌਰ ’ਤੇ ਹਰਾ ਦੇਵੇਗਾ। ਤੁਸੀ ਬਸ ਇੰਤਜ਼ਾਰ ਕਰੋ।
ਸਵਾਲ: ਪੰਜਾਬ ’ਚ ਬੇਅਦਬੀ ਦੀਆਂ ਲਗਾਤਾਰ ਦੋ ਘਟਨਾਵਾਂ ਤੋਂ ਬਾਅਦ ਹੁਣ ਲੁਧਿਆਣਾ ’ਚ ਬਲਾਸਟ ਹੋ ਗਿਆ ਹੈ। ਚੋਣਾਂ ਦੇ ਐਨ ਮੌਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਕਿਵੇਂ ਵੇਖਦੇ ਹੋ?
ਜਵਾਬ: ਮੈਂ ਪੰਜਾਬ ਦੀ ਇਸ ਸਰਕਾਰ ਨੂੰ ਦੁਸ਼ਮਣ ਦੇ ਮਨਸੂਬਿਆਂ ਖ਼ਿਲਾਫ਼ ਲਗਾਤਾਰ ਆਗਾਹ ਕਰਦਾ ਰਿਹਾ ਹਾਂ। ਇਹ ਸਿਰਫ਼ ਚੋਣਾਂ ਦੇ ਸਮੇਂ ਹੀ ਨਹੀਂ, ਪਾਕਿਸਤਾਨ ਅਤੇ ਆਈ. ਐੱਸ. ਆਈ. ਹਰ ਸਮੇਂ ਅਜਿਹੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਹਾਲ ਹੀ ’ਚ ਮੈਂ ਤੁਹਾਨੂੰ ਵਿਖਾਇਆ ਕਿ ਉਹ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਸਮੱਗਲਿੰਗ ਲਈ ਕਿਸ ਤਰ੍ਹਾਂ ਦੇ ਅਤਿਆਧੁਨਿਕ ਡਰੋਨ ਇਸਤੇਮਾਲ ਕਰ ਰਹੇ ਹਨ। ਸਿਰਫ਼ ਚੋਣਾਂ ਹੀ ਨਹੀਂ, ਪਾਕਿਸਤਾਨ ਪੰਜਾਬ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਅਤੇ ਇਥੇ ਹਰ ਸਮੇਂ ਪ੍ਰੇਸ਼ਾਨੀ ਪੈਦਾ ਕਰੇਗਾ ਕਿਉਂਕਿ ਇਹ ਉਸ ਮੁਲਕ ਦੇ ਅਨੁਕੂਲ ਹੈ। ਸਾਨੂੰ ਚੌਕਸ ਰਹਿਣਾ ਪਵੇਗਾ ਅਤੇ ਮੈਂ ਸਰਕਾਰ ਨੂੰ ਇਸ ਨੂੰ ਨਕਾਰਨ ਦੀ ਪ੍ਰਵਿਰਤੀ ਤੋਂ ਬਾਹਰ ਆਉਣ ਦੀ ਸਲਾਹ ਦਿੰਦਾ ਹਾਂ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਭਾਵੇਂ ਹੀ ਕੋਈ ਆਪਣੇ ਵੱਡੇ ਭਰਾ ਵਜੋਂ ਦੱਸਣ ਦਾ ਦਾਅਵਾ ਕਰ ਸਕਦਾ ਹੈ ਪਰ ਜਦੋਂ ਸਾਡੀ ਗੱਲ ਆਉਂਦੀ ਹੈ, ਤਾਂ ਉਹ ਅਸਲੀ ਦੁਸ਼ਮਣ ਸਾਬਿਤ ਹੋ ਰਿਹਾ ਹੈ, ਭਾਰਤ ’ਚ ਪਾਕਿਸਤਾਨ ਅੱਤਵਾਦ ਨੂੰ ਉਤਸ਼ਾਹ ਅਤੇ ਸ਼ਹਿ ਦੇ ਰਿਹਾ ਹੈ ਅਤੇ ਸਰਹੱਦਾਂ ’ਤੇ ਸਾਡੇ ਜਵਾਨਾਂ ਨੂੰ ਮਾਰ ਰਿਹਾ ਹੈ।
ਇਹ ਵੀ ਪੜ੍ਹੋ: ਰੰਧਾਵਾ ਦਾ ਕੇਜਰੀਵਾਲ ’ਤੇ ਵੱਡਾ ਹਮਲਾ, ਕਿਹਾ-ਤੁਸੀਂ ਕਦੋਂ ਤੋਂ ਡਰੱਗ ਦੇ ਦੋਸ਼ੀ ਨੂੰ ‘ਜੀ-ਜੀ’ ਕਹਿਣਾ ਸ਼ੁਰੂ ਕੀਤੈ
ਸਵਾਲ: ਚੰਨੀ ਲੋਕ-ਲੁਭਾਉਣੇ ਐਲਾਨ ਕਰਕੇ ਇਕਦਮ ਪੰਜਾਬ ਦੇ ਲੋਕਾਂ ਦੀ ਜ਼ੁਬਾਨ ’ਤੇ ਚੜ੍ਹ ਗਏ ਹਨ, ਤੁਹਾਡੀ ਇਸ ਬਾਰੇ ਕੀ ਰਾਏ ਹੈ?
ਜਵਾਬ: ਚੰਨੀ ਇਕ ਬਿਹਤਰ ਮੰਤਰੀ ਸਨ ਪਰ ਇਹ ਜ਼ਰੂਰੀ ਨਹੀਂ ਕਿ ਉਹ ਇਕ ਚੰਗੇ ਮੁੱਖ ਮੰਤਰੀ ਵੀ ਬਣ ਜਾਣ। ਉਨ੍ਹਾਂ ਖ਼ੁਦ ਨੂੰ ਬਹੁਤ ਜ਼ਿਆਦਾ ਐਕਸਪੋਜ਼ ਕੀਤਾ ਹੈ, ਇਸ ਲਈ ਹੁਣ ਲੋਕ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਬੇਸ਼ੱਕ, ਲੋਕ ਅਜਿਹਾ ਮੁੱਖ ਮੰਤਰੀ ਚਾਹੁੰਦੇ ਹਨ ਜੋ ਸੁਸ਼ਾਸਨ ਮੁਹੱਈਆ ਕਰੇ, ਨਾ ਕਿ ਉਹ ਜੋ ਅਜਿਹੇ ਲੋਕ-ਲੁਭਾਉਣੇ ਵਾਅਦੇ ਕਰਦਾ ਹੈ, ਜਿਸ ਨੂੰ ਪੂਰਾ ਕਰਨਾ ਅਸੰਭਵ ਹੈ ਅਤੇ ਲੋਕ ਇਸ ਨੂੰ ਜਾਣਦੇ ਹਨ।
ਸਵਾਲ: ਤੁਹਾਡੇ ਅਸਤੀਫ਼ੇ ’ਚ ਹਰੀਸ਼ ਰਾਵਤ ਅਤੇ ਹਰੀਸ਼ ਚੌਧਰੀ ਦੀ ਵੱਡੀ ਭੂਮਿਕਾ ਰਹੀ ਸੀ। ਹੁਣ ਰਾਵਤ ਨਾਲ ਉਤਰਾਖੰਡ ’ਚ ਵੀ ਅਜਿਹਾ ਹੀ ਕੁਝ ਹੋ ਰਿਹਾ ਹੈ, ਇਸ ਸਬੰਧੀ ਕੀ ਕਹੋਗੇ ਅਤੇ ਹਰੀਸ਼ ਚੌਧਰੀ ਬਾਰੇ ਤੁਹਾਡੀ ਰਾਏ ਕੀ ਹੈ?
ਜਵਾਬ: ਮੈਨੂੰ ਲੱਗਦਾ ਹੈ ਕਿ ਮੈਂ ਇਸ ਸਬੰਧੀ ਪਹਿਲਾਂ ਹੀ ਬੋਲ ਚੁੱਕਿਆ ਹਾਂ ਕਿ ‘ਜੋ ਬੀਜੋਗੇ, ਉਹੀ ਵੱਢੋਗੇ’। ਵਿਚਾਰਾ ਰਾਵਤ ਉਤਰਾਖੰਡ ’ਚ ਉਨ੍ਹਾਂ ਖੇਡਾਂ ਦਾ ਸ਼ਿਕਾਰ ਬਣਿਆ ਹੈ, ਜਿਵੇਂ ਉਸ ਨੇ ਪੰਜਾਬ ’ਚ ਮੇਰੇ ਖ਼ਿਲਾਫ਼ ਸਾਜਿਸ਼ ਰਚੀ ਸੀ ਅਤੇ ਹਰੀਸ਼ ਚੌਧਰੀ ਬਾਰੇ ਕੁਝ ਨਾ ਕਿਹਾ ਜਾਵੇ ਤਾਂ ਚੰਗਾ ਹੈ। ਉਹ ਪੰਜਾਬ ’ਚ ਤੀਸਰੇ ਸ਼ਕਤੀ ਕੇਂਦਰ ਦੇ ਰੂਪ ’ਚ ਉਭਰਿਆ ਹੈ।
ਤੁਹਾਨੂੰ ਪਤਾ ਹੈ, ਇਹ ਪਹਿਲੀ ਵਾਰ ਹੋਇਆ ਹੈ ਕਿ ਇੰਚਾਰਜ ਸਕੱਤਰ ਨੇ ਪੰਜਾਬ ’ਚ ਇਕ ਸਰਕਾਰੀ ਬੰਗਲਾ ਲਿਆ ਹੈ, ਤਾਂਕਿ ਪੰਜਾਬ ਦੇ ਸਰਕਾਰੀ ਅਫ਼ਸਰਾਂ ਨੂੰ ਉਹ ਨਿਰਦੇਸ਼ ਦੇ ਸਕੇ। ਨਾਲ ਹੀ ਉਸ ਨੇ ਸੂਬੇ ਦੇ ਬਾਹਰੋਂ ਜ਼ਿਲ੍ਹਾ ਪੱਧਰ ’ਤੇ ਕੋ-ਆਰਡੀਨੇਟਰ ਵੀ ਨਿਯੁਕਤ ਕੀਤੇ ਹਨ। ਇਹ ਤਾਂ ਅਭੂਤਪੂਰਵ ਹੈ।
ਕਾਂਗਰਸ ਪਾਰਟੀ ਗ੍ਰਹਿ ਯੁੱਧ ਦੀ ਸਥਿਤੀ ’ਚ
ਸਵਾਲ: ਭਾਜਪਾ ਨਾਲ ਸੀਟਾਂ ਸਬੰਧੀ ਤਾਲਮੇਲ ਕਦੋਂ ਤਕ ਸਾਹਮਣੇ ਆਵੇਗਾ। ਭਾਜਪਾ ਹੁਣ ਤਕ ਸ਼ਹਿਰੀ ਹਲਕਿਆਂ ’ਚ ਹੀ ਪ੍ਰਭਾਵਸ਼ਾਲੀ ਰਹੀ ਹੈ ਅਤੇ ਉਹ ਵੀ ਕੇਵਲ 23 ਸੀਟਾਂ ’ਤੇ। ਭਾਜਪਾ ਨੂੰ ਜ਼ਿਆਦਾ ਸੀਟਾਂ ਮਿਲਣਗੀਆਂ ਜਾਂ ਪੰਜਾਬ ਲੋਕ ਕਾਂਗਰਸ ਦੇ ਨਾਲ 50:50 ਰਹੇਗੀ?
ਜਵਾਬ: ਇਸ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਮੈਂ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਜੀ ਨੂੰ ਮਿਲਿਆ ਹਾਂ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ, ਸਾਡਾ ਮਿਸ਼ਨ ਚੋਣਾਂ ਜਿੱਤਣਾ ਹੈ। ਅਸੀਂ ਜਿੱਤਣ ਵਾਲੇ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਾਂਗੇ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ। ਸਾਡਾ ਮਿਸ਼ਨ ਅਤੇ ਟੀਚਾ ਇਕੱਠੇ ਚੋਣਾਂ ਜਿੱਤਣਾ ਹੈ।
ਸਵਾਲ: ਨਵੇਂ ਗਠਜੋੜ ਦਾ ਮੁਕਾਬਲਾ ਕਾਂਗਰਸ, ‘ਆਪ’ ਅਤੇ ਅਕਾਲੀ-ਭਾਜਪਾ ਗੱਠਜੋੜ ’ਚ ਕਿਸਦੇ ਨਾਲ ਦਿਸਦਾ ਹੈ। ਕੌਣ ਜ਼ਿਆਦਾ ਮਜ਼ਬੂਤ ਵਿਰੋਧੀ ਸਾਬਿਤ ਹੋ ਸਕਦਾ ਹੈ ਅਤੇ ਕਿਉਂ?
ਜਵਾਬ: ਮੁਕਾਬਲਾ ਕਿਸੇ ਨਾਲ ਵੀ ਨਹੀਂ, ਅਸਲ ’ਚ। ਸਿੱਧੂ-ਚੰਨੀ-ਹਰੀਸ਼ ਚੌਧਰੀ ਦੇ ਵੱਖ-ਵੱਖ ਦਿਸ਼ਾਵਾਂ ’ਚ ਖਿੱਚੇ ਜਾਣ ਨਾਲ ਕਾਂਗਰਸ ਆਪਣੇ ਆਪ ’ਚ ਜੰਗ ਨਾਲ ਜੂਝ ਰਹੀ ਹੈ। ਕਾਂਗਰਸ ਪਾਰਟੀ ਗ੍ਰਹਿ ਯੁੱਧ ਦੀ ਸਥਿਤੀ ’ਚ ਹੈ। ਸਿੱਧੂ ਇਕਤਰਫ਼ਾ ਉਨ੍ਹਾਂ ਉਮੀਦਵਾਰਾਂ ਦਾ ਐਲਾਨ ਕਰ ਰਹੇ ਹਨ, ਜਿਨ੍ਹਾਂ ਦਾ ਚੰਨੀ ਵਿਰੋਧ ਕਰ ਰਹੇ ਹਨ ਅਤੇ ਅਜਿਹਾ ਹੀ ਵਿਰੋਧ ਚੰਨੀ ਦਾ ਸਿੱਧੂ ਕਰ ਰਹੇ ਹਨ। ਅਕਾਲੀ ਦਲ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ ਕਿਉਂਕਿ ਲੋਕਾਂ ਨੇ ਅਜੇ ਵੀ ਉਨ੍ਹਾਂ ਦੇ ਸ਼ਾਸਨ ਦੌਰਾਨ ਹੋਏ ਬੇਅਦਬੀ ਦੇ ਮਾਮਲਿਆਂ ਨੂੰ ਗਲਤ ਤਰੀਕੇ ਨਾਲ ਸੰਭਾਲਣ ਲਈ ਉਨ੍ਹਾਂ ਨੂੰ ਮੁਆਫ਼ ਨਹੀਂ ਕੀਤਾ ਹੈ ਅਤੇ ਆਮ ਆਦਮੀ ਪਾਰਟੀ ਕਿੱਥੇ ਹੈ? ਮੈਂ ਅਸਲ ’ਚ ਇਸ ਨੂੰ ਜ਼ਮੀਨੀ ਪੱਧਰ ’ਤੇ ਕਿਤੇ ਵੀ ਨਹੀਂ ਵੇਖਦਾ।
ਸਵਾਲ: ਚਰਚਾ ਹੈ ਕਿ ਵਿਧਾਇਕਾਂ ਦੇ ਨਾਲ ਕੁਝ ਸੰਸਦ ਮੈਂਬਰ ਵੀ ਤੁਹਾਡੇ ਸੰਪਰਕ ’ਚ ਹਨ, ਇਸ ’ਚ ਕਿੰਨੀ ਸੱਚਾਈ ਹੈ?
ਜਵਾਬ: (ਮੁਸਕੁਰਉਂਦੇ ਹੋਏ) ਵੇਟ ਐਂਡ ਵਾਚ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਕਪੂਰਥਲਾ ਦੇ ਨਿਜ਼ਾਮਪੁਰ ਦੀ ਘਟਨਾ ਦੇ ਮਾਮਲੇ ’ਚ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪ੍ਰੇਮ ਸਬੰਧਾਂ ਨੂੰ ਲੈ ਕੇ ਨੌਜਵਾਨ ਦਾ ਕਤਲ, ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਟਰਾਂਸਫਾਰਮਰ ਨਾਲ ਲਟਕਾਈ ਲਾਸ਼
NEXT STORY