ਚੰਡੀਗੜ੍ਹ,(ਅਸ਼ਵਨੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਦਭਾਗੀ ਬੇਅਦਬੀ ਦੇ ਬੇਹੱਦ ਸੰਵੇਦਨਸ਼ੀਲ ਮੁੱਦੇ 'ਤੇ ਸਿੱਖਾਂ ਨੂੰ ਭੰਬਲਭੂਸੇ 'ਚ ਪਾਉਣ ਲਈ ਰੋਜ਼ਾਨਾ ਬਦਲਵੇਂ ਬਿਆਨ ਦੇਣੇ ਬੰਦ ਕਰਨ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਅਮਰਿੰਦਰ ਬੇਅਦਬੀ ਮੁੱਦੇ ਉੱਤੇ ਭੰਬਲਭੂਸਾ ਫਰਵਰੀ 2022 ਤਕ ਬਰਕਰਾਰ ਰੱਖਣਾ ਚਾਹੁੰਦਾ ਹੈ, ਕਿਉਂਕਿ ਉਸ ਦਾ ਟੀਚਾ ਇਹ ਹੈ ਕਿ ਸੂਬੇ ਅੰਦਰ ਸਿਆਸੀ ਦ੍ਰਿਸ਼ ਉੱਤੇ ਪੂਰੇ ਪੰਜ ਸਾਲ ਬੇਅਦਬੀ ਦਾ ਮੁੱਦਾ ਹੀ ਛਾਇਆ ਰਹੇ ਤਾਂ ਕਿ ਲੋਕਾਂ ਦਾ ਧਿਆਨ ਮੁੱਖ ਮੰਤਰੀ ਦੀਆਂ ਨਾਕਾਮੀਆਂ ਅਤੇ ਪੰਜਾਬ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਤੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ਵਰਗੇ ਉਸ ਦੇ ਬਾਕੀ ਅਪਰਾਧਾਂ ਤੋਂ ਹਟਿਆ ਰਹੇ।
ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਵੱਲੋਂ ਇਸ ਮੁੱਦੇ ਉੱਤੇ ਤਾਜ਼ਾ ਮਾਰੀ ਪਲਟੀ ਦਾ ਉਦੇਸ਼ ਇੱਕ ਦਿਨ ਪਹਿਲਾਂ ਇੱਕ ਰੋਜ਼ਾਨਾ ਅਖ਼ਬਾਰ ਨੂੰ ਦਿੱਤੇ ਉਸ ਬਿਆਨ ਤੋਂ ਮੁਕਰਨਾ ਸੀ, ਜਿਸ ਵਿਚ ਉਸ ਨੇ ਸਵੀਕਾਰ ਕੀਤਾ ਸੀ ਕਿ ਉਸ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਲਈ ਅਕਾਲੀ ਆਗੂਆਂ ਖਾਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਤੇ ਦੋਸ਼ ਲਾਉਣਾ ਗਲਤ ਸੀ। ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਲੋਕਾਂ ਨੂੰ ਦੱਸੇ ਕਿ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਤੇ ਸਿੱਖ ਜਥੇਬੰਦੀਆਂ ਦਾ ਮੁਖੌਟਾ ਪਾਈ ਬੈਠੇ ਇਸ ਦੇ ਚਹੇਤਿਆਂ ਵੱਲੋਂ ਕੀਤੀ ਜ਼ੋਰਦਾਰ ਮੰਗ ਤੋਂ ਬਾਅਦ ਹੀ ਅਕਾਲੀ-ਭਾਜਪਾ ਸਰਕਾਰ ਨੇ ਇਹ ਕੇਸ ਸੀ. ਬੀ. ਆਈ ਨੂੰ ਸੌਂਪਿਆ ਸੀ। ਇਹ ਗੱਲ ਸਾਰੀ ਦੁਨੀਆਂ ਜਾਣਦੀ ਹੈ।
ਬਾਦਲ ਨੇ ਕਿਹਾ ਕਿ ਇਸ ਸਾਲ ਜੁਲਾਈ ਵਿਚ ਸਿਟ ਦੇ ਚੇਅਰਮੈਨ ਪ੍ਰਬੋਧ ਕੁਮਾਰ ਨੇ ਸੀਬੀਆਈ ਨੂੰ ਚਿੱਠੀ ਲਿਖ ਕੇ ਬੇਅਦਬੀ ਕੇਸਾਂ ਦੀ ਮੁੜ ਜਾਂਚ ਕਰਨ ਲਈ ਆਖਿਆ ਸੀ। ਉਨ੍ਹਾਂ ਕਿਹਾ ਕਿ ਇਹ ਚਿੱਠੀ ਡੀਜੀਪੀ ਦੀ ਸਹਿਮਤੀ ਨਾਲ ਭੇਜੀ ਗਈ ਸੀ। ਉਹਨਾਂ ਕਿਹਾ ਕਿ ਸਿਰਫ ਇਹੀ ਨਹੀਂ, ਦੋ ਦਿਨ ਬਾਅਦ 31 ਜੁਲਾਈ ਨੂੰ ਮੁੱਖ ਮੰਤਰੀ ਨੇ ਸੀਬੀਆਈ ਨੂੰ ਬੇਅਦਬੀ ਕੇਸਾਂ ਦੀ ਮੁੜ ਜਾਂਚ ਲਈ ਆਖਿਆ ਹੈ, ਜੋ ਕਿ ਰਿਕਾਰਡ ਵਿਚ ਪਿਆ ਹੈ। ਇੱਕ ਅਗਸਤ ਨੂੰ ਐਡਵੋਕੇਟ ਜਨਰਲ ਨੇ ਇਸ ਦੇ ਖ਼ਿਲਾਫ ਬਿਆਨ ਦਿੱਤਾ ਸੀ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਵਿਧਾਨ ਸਭਾ ਅੰਦਰ ਇਹ ਕਹਿੰਦਿਆਂ ਪਲਟੀ ਮਾਰੀ ਸੀ ਕਿ ਸੀਬੀਆਈ ਦਾ ਕੇਸ ਦੀ ਮੁੜ ਜਾਂਚ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਬਾਦਲ ਨੇ ਦੱਸਿਆ ਕਿ ਇਸ ਤੋਂ ਬਾਅਦ ਦੋ ਦਿਨ ਪਹਿਲਾਂ ਮੀਡੀਆ ਨੂੰ ਇੱਕ ਇੰਟਰਵਿਊ ਦਿੰਦਿਆਂ ਅਮਰਿੰਦਰ ਸਿੰਘ ਨੇ ਇੱਕ ਹੋਰ ਪਲਟੀ ਮਾਰੀ ਸੀ, ਜਿਸ ਵਿਚ ਉਸ ਨੇ ਕਿਹਾ ਕਿ ਸਿਟ ਚੇਅਰਮੈਨ ਨੇ ਸੀਬੀਆਈ ਨੂੰ ਕੇਸ ਦੀ ਮੁੜ ਜਾਂਚ ਬਾਰੇ ਚਿੱਠੀ ਲਿਖਕੇ ਗਲਤ ਕੀਤਾ ਸੀ ਅਤੇ ਜੇਕਰ ਅਜਿਹਾ ਨਾ ਕੀਤਾ ਗਿਆ ਹੁੰਦਾ ਤਾਂ ਇਹ ਕੇਸ ਹੁਣ ਤਕ ਹੱਲ ਹੋ ਚੁੱਕਿਆ ਹੁੰਦਾ। ਉਨ੍ਹਾਂ ਕਿਹਾ ਕਿ ਸਾਨੂੰ ਪਹਿਲਾਂ ਹੀ ਪਤਾ ਹੈ ਕਿ ਸੀਬੀਆਈ ਨੇ ਅਦਾਲਤ ਵਿਚ ਇਹ ਬਿਆਨ ਦਿੱਤਾ ਸੀ ਕਿ ਇਹ ਪੰਜਾਬ ਸਰਕਾਰ ਦੇ ਕਹਿਣ ਉੱਤੇ ਇਸ ਕੇਸ ਦੀ ਮੁੜ ਜਾਂਚ ਕਰ ਰਹੀ ਹੈ।
ਪੰਜਾਬ 'ਚ 5ਵੇਂ ਦਿਨ 5 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ
NEXT STORY