ਚੰਡੀਗੜ੍ਹ (ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੈਬਨਿਟ ਸਬ–ਕਮੇਟੀ ਦੀ ਮੀਟਿੰਗ ਬੁਲਾ ਕੇ ਚਰਚਾ ਕੀਤੀ ਗਈ। ਮੀਟਿੰਗ 'ਚ ਸਬ–ਕਮੇਟੀ ਦੇ ਮੈਂਬਰ ਮੰਤਰੀ ਬ੍ਰਹਮ ਮਹਿੰਦਰਾ, ਮਨਪ੍ਰੀਤ ਬਾਦਲ ਤੇ ਚਰਨਜੀਤ ਚੰਨੀ ਤੋਂ ਇਲਾਵਾ ਰਾਜ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਮੌਜੂਦ ਸਨ। ਮੀਟਿੰਗ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਵਿਸਥਾਰ 'ਚ ਵਿਚਾਰ-ਵਟਾਂਦਰਾ ਕਰਨ ਸਮੇਂ ਇਨ੍ਹਾਂ ਦੇ ਹੱਲ ਬਾਰੇ ਗੱਲਬਾਤ ਕੀਤੀ ਗਈ।
ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਵਲੋਂ ਕੈਬਨਿਟ ਸਬ–ਕਮੇਟੀ ਤੋਂ ਮੰਗਾਂ ਸਬੰਧੀ ਹੁਣ ਤੱਕ ਦੀ ਕਾਰਵਾਈ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ। ਪਤਾ ਲੱਗਾ ਹੈ ਕਿ ਮੁਲਾਜ਼ਮਾਂ ਦੀਆਂ ਲੰਬਿਤ ਅਦਾਇਗੀਆਂ, ਡੀ. ਏ. ਦੀਆਂ ਕਿਸ਼ਤਾਂ ਤੇ ਪੇ–ਕਮਿਸ਼ਨ ਨਾਲ ਜੁੜੇ ਮਾਮਲੇ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਕੰਟ੍ਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਮੁੱਦੇ 'ਤੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ। ਕੰਟ੍ਰੈਕਟ ਮੁਲਾਜ਼ਮਾਂ ਦੇ ਮਾਮਲੇ ਨੂੰ ਛੱਡ ਕੇ ਮੁਲਾਜ਼ਮਾਂ ਦੀਆਂ ਬਾਕੀ ਮੰਗਾਂ ਦੇ ਜਲਦੀ ਨਿਪਟਾਰੇ ਬਾਰੇ ਕੈਬਨਿਟ ਸਬ–ਕਮੇਟੀ ਦੇ ਮੈਂਬਰਾਂ ਨੇ ਉਮੀਦ ਪ੍ਰਗਟਾਈ। ਵਿੱਤ ਮੰਤਰੀ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਦੀਆਂ ਲੰਬਿਤ ਅਦਾਇਗੀਆਂ ਦੇ ਮਾਮਲੇ ਵਿੱਤੀ ਹਾਲਤ ਵਿਚ ਸੁਧਾਰ ਹੋਣ ਨਾਲ ਹੱਲ ਹੋ ਜਾਣਗੇ, ਜਿਨ੍ਹਾਂ 'ਚ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੈ।
ਸੂਤਰਾਂ ਅਨੁਸਾਰ ਕੰਟ੍ਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਮਾਮਲੇ ਵਿਚ ਸਰਕਾਰ ਨੂੰ ਕੋਈ ਠੋਸ ਹੱਲ ਨਹੀਂ ਲੱਭ ਰਿਹਾ ਅਤੇ ਇਸੇ ਮਾਮਲੇ ਨੂੰ ਲੈ ਕੇ ਸਿਰਫ਼ ਪੇਚ ਫਸ ਰਿਹਾ ਹੈ। ਕੈਬਨਿਟ ਸਬ–ਕਮੇਟੀ ਦੇ ਮੈਂਬਰਾਂ ਦਾ ਵਿਚਾਰ ਹੈ ਕਿ ਯੋਗ ਪ੍ਰਕਿਰਿਆ ਰਾਹੀਂ ਭਰਤੀ ਹੋਏ ਕੰਟ੍ਰੈਕਟ ਮੁਲਾਜ਼ਮਾਂ ਨੂੰ ਪੱਕੇ ਕਰਨ 'ਚ ਕੋਈ ਮੁਸ਼ਕਿਲ ਨਹੀਂ ਕਿਉਂਕਿ ਉਨ੍ਹਾਂ ਨੂੰ 3 ਸਾਲ ਬੇਸਿਕ ਪੇਅ 'ਤੇ ਰੱਖਿਆ ਜਾਣਾ ਹੈ, ਜਿਸ ਦਾ ਸਰਕਾਰ 'ਤੇ ਕੋਈ ਜ਼ਿਆਦਾ ਵਿੱਤੀ ਬੋਝ ਨਹੀਂ ਪੈਣਾ ਪਰ ਆਊਟ ਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਨੂੰ ਲੈ ਕੇ ਕਾਨੂੰਨ ਅੜਚਣ ਸਾਹਮਣੇ ਆ ਰਹੀ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਕੰਟ੍ਰੈਕਟ 'ਤੇ ਲਿਆ ਕੇ ਪੱਕੇ ਕਰਨ ਤੋਂ ਪਹਿਲਾਂ ਯੋਗ ਪ੍ਰਕਿਰਿਆ ਰਾਹੀਂ ਭਰਤੀ ਕਰਨਾ ਜ਼ਰੂਰੀ ਹੋਵੇਗਾ, ਜਿਸ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੇ ਕਾਮੇ ਸਹਿਮਤ ਨਹੀਂ ਹੋਣਗੇ। ਇਸੇ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਭਵਿੱਖ ਵਿਚ ਮੁਲਾਜ਼ਮਾਂ ਬਾਰੇ ਕੈਬਨਿਟ ਸਬ–ਕਮੇਟੀ ਦੀ ਹਰ ਹਫ਼ਤੇ ਬੈਠਕ ਹੋਇਆ ਕਰੇਗੀ ਤਾਂ ਜੋ ਵੱਖ– ਵੱਖ ਮੰਗਾਂ ਦਾ ਸਮੇਂ ਸਿਰ ਨਿਪਟਾਰਾ ਹੋ ਸਕੇ। ਮੁੱਖ ਮੰਤਰੀ ਨੇ ਵੀ ਕੈਬਨਿਟ ਸਬ–ਕਮੇਟੀ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਦਾ ਗੱਲਬਾਤ ਰਾਹੀਂ ਸਮਾਂਬੱਧ ਤਰੀਕੇ ਨਾਲ ਨਿਪਟਾਰਾ ਕਰਨ ਦੀ ਹਦਾਇਤ ਕੀਤੀ।
ਪ੍ਰਸ਼ਾਸਨ ਦੀ ਖੁੱਲ੍ਹੀ ਪੋਲ, ਤੀਜੀ ਵਾਰ ਧੱਸਿਆ ਅੰਮ੍ਰਿਤਸਰ ਦਾ ਮਾਲ ਰੋਡ
NEXT STORY