ਚੰਡੀਗੜ੍ਹ (ਰਮਨਜੀਤ)- ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਇੰਟਰਵਿਊ ’ਚ ਇਹ ਐਲਾਨ ਕੀਤੇ ਜਾਣਾ ਕਿ ਉਹ ਪਟਿਆਲਾ ਸੀਟ ਤੋਂ ਹੀ ਚੋਣ ਲੜਨਗੇ, ਤੋਂ ਬਾਅਦ ਸਿਆਸਤ ’ਚ ਭੱਖਣੀ ਸ਼ੁਰੂ ਹੋ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਕੈਬਨਿਟ ਸਾਥੀਆਂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਸਿਆਸੀ ਤੀਰ ਚਲਾਏ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ’ਚ ਕਿਹਾ ਸੀ ਕਿ ਉਹ ਇਸ ਗੱਲ ਲਈ ਪੂਰੀ ਤਰ੍ਹਾਂ ਸਪੱਸ਼ਟ ਹਨ ਕਿ ਉਹ 2022 ਦੀ ਚੋਣ ਪਟਿਆਲਾ ਸੀਟ ਤੋਂ ਹੀ ਲੜਨਗੇ।
ਕੈਪਟਨ ਦਾ ਕਹਿਣਾ ਹੈ ਕਿ ਪਟਿਆਲਾ ਦੇ ਲੋਕਾਂ ਦੇ ਨਾਲ ਉਨ੍ਹਾਂ ਦਾ 400 ਸਾਲਾਂ ਦਾ ਪਰਿਵਾਰਕ ਰਿਸ਼ਤਾ ਹੈ, ਜਿਸ ਨੂੰ ਉਹ ਕਿਸੇ ਨਵਜੋਤ ਸਿੰਘ ਸਿੱਧੂ ਲਈ ਨਹੀਂ ਛੱਡ ਸਕਦੇ। ਕੈਪਟਨ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਲੋਕਸਭਾ ਚੋਣਾਂ ਵੀ ਉਨ੍ਹਾਂ ਨੇ ਪਾਰਟੀ ਦੇ ਕਹਿਣ ’ਤੇ ਸਿਰਫ਼ ਇਸ ਲਈ ਲੜੀਆਂ ਸੀ ਕਿਉਂਕਿ ਪਟਿਆਲਾ ਸੀਟ ਤੋਂ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਉਮੀਦਵਾਰ ਸਨ।
ਧਿਆਨ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਸੀ. ਐੱਮ. ਦੀ ਕੁਰਸੀ ਤੋਂ ਹਟਾਏ ਜਾਣ ਤੋਂ ਬਾਅਦ ਕਿਹਾ ਗਿਆ ਸੀ ਕਿ ਉਹ 2022 ਦੀਆਂ ਵਿਧਾਨਸਭਾ ਚੋਣਾਂ ਲੜਨਗੇ ਅਤੇ ਇਹ ਯਕੀਨੀ ਕਰਨਗੇ ਕਿ ਹਰ ਹਾਲ ’ਚ ਨਵਜੋਤ ਸਿੰਘ ਸਿੱਧੂ ਦੀ ਚੋਣਾਵੀ ਹਾਰ ਹੋਵੇ। ਕੈਪਟਨ ਦਾ ਹੁਣ ਪਟਿਆਲਾ ਸੀਟ ਤੋਂ ਹੀ ਚੋਣ ਲੜਨ ਦਾ ਐਲਾਨ ਕਰਨਾ ਕਈ ਸਿਆਸੀ ਲੋਕਾਂ ਨੂੰ ਚੱਕਰ ’ਚ ਪਾ ਗਿਆ ਹੈ।
ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਵਿਖੇ ਅੱਜ ਤੋਂ ਸੈਲਾਨੀਆਂ ਲਈ ਖੁੱਲ੍ਹੇਗਾ ਦਾਸਤਾਨ-ਏ-ਸ਼ਹਾਦਤ, ਇੰਝ ਕਰ ਸਕੋਗੇ ਦਰਸ਼ਨ
ਦਰਅਸਲ, ਕੈਪਟਨ ਅਮਰਿੰਦਰ ਸਿੰਘ ਨੇ ਕੁਝ ਸਮਾਂ ਪਹਿਲਾਂ ਮੀਡੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਸਪੱਸ਼ਟ ਕੀਤਾ ਸੀ ਕਿ ਉਹ ਆਪਣੀ ਉਕਤ ਗੱਲ ’ਤੇ ਕਾਇਮ ਹਨ ਕਿ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਕਿ ਸਿੱਧੂ ਚੋਣ ਨਾ ਜਿੱਤ ਸਕੇ ਪਰ ਇਸ ਦੇ ਲਈ ਉਨ੍ਹਾਂ ਨੇ ਖ਼ੁਦ ਸਿੱਧੂ ਖ਼ਿਲਾਫ਼ ਚੋਣ ਲੜਨ ਦੀ ਗੱਲ ਨਹੀਂ ਕਹੀ ਸੀ। ਕੈਪਟਨ ਨੇ ਸਪੱਸ਼ਟ ਕੀਤਾ ਸੀ ਕਿ ਸਿੱਧੂ ਨੂੰ ਚੋਣ ਹਰਾਉਣ ਲਈ ਉਹ ਮਜ਼ਬੂਤ ਤੋਂ ਮਜ਼ਬੂਤ ਉਮੀਦਵਾਰ ਉਸ ਦੇ ਸਾਹਮਣੇ ਖੜ੍ਹਾ ਕਰਨਗੇ, ਜਦਕਿ ਸਿੱਧੂ ਖੇਮੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਖ਼ੁਦ ਹੀ ਸਿੱਧੂ ਦੇ ਖ਼ਿਲਾਫ਼ ਚੋਣ ਲੜਨ ਦੀ ਚੁਣੌਤੀ ਦਿੱਤੀ ਗਈ ਸੀ।
ਭੱਠਲ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ
ਉੱਧਰ, ਕੈਪਟਨ ਦੀ ਹੀ ਪੁਰਾਣੀ ਕੈਬਨਿਟ ਦੇ ਸਾਥੀ ਅਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਕੈਪਟਨ ਦੇ ਇਸ ਐਲਾਨ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਭੱਠਲ ਦਾ ਕਹਿਣਾ ਹੈ ਕਿ ਉਝ ਤਾਂ ਲੋਕਤੰਤਰ ਹੈ ਅਤੇ ਕੋਈ ਵੀ ਯੋਗ ਵਿਅਕਤੀ ਕਿਤੇ ਤੋਂ ਵੀ ਚੋਣ ਲੜਨ ਲਈ ਆਜ਼ਾਦ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ 2017 ’ਚ ਉਨ੍ਹਾਂ ਨੇ ਖ਼ੁਦ ਹੀ ਕਿਹਾ ਸੀ ਕਿ ਇਹ ਉਨ੍ਹਾਂ ਦੀ ਆਖ਼ਰੀ ਚੋਣ ਹੈ। ਭੱਠਲ ਨੇ ਕਿਹਾ ਕਿ ਸਿਆਸਤ ’ਚ ਉੱਚੇ ਰੁਤਬਿਆਂ ’ਤੇ ਬੈਠੇ ਲੋਕਾਂ ਵੱਲੋਂ ਕਹੇ ਗਏ ਸ਼ਬਦਾਂ ਦੀ ਕਾਫ਼ੀ ਅਹਮੀਅਤ ਹੁੰਦੀ ਹੈ ਅਤੇ ਉਸ ਦੀ ਮਰਿਆਦਾ ਬਣਾਈ ਰੱਖਣਾ, ਬੋਲਣ ਵਾਲੇ ’ਤੇ ਨਿਰਭਰ ਕਰਦਾ ਹੈ, ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਇਸ ’ਤੇ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: 12 ਲੱਖ ਖ਼ਰਚ ਕਰਕੇ ਵਿਦੇਸ਼ ਭੇਜੀ ਮੰਗੇਤਰ ਨੇ ਵਿਖਾਇਆ ਠੇਂਗਾ, ਦੁਖ਼ੀ ਮੁੰਡੇ ਨੇ ਕੀਤੀ ਖ਼ੁਦਕੁਸ਼ੀ
ਮੁੱਖ ਮੰਤਰੀ ਚੰਨੀ ਨੇ ਵੀ ਵਿੰਨ੍ਹਿਆ ਨਿਸ਼ਾਨਾ
ਉਥੇ ਹੀ, ਹਾਲ ਹੀ ’ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਨਾਲ ਆਪਣੇ ਰਾਜਨੀਤਕ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਦੋਬਾਰਾ ਸਾਹਮਣੇ ਲਿਆਏ ਜਾਣ ’ਤੇ ਨਾ ਸਿਰਫ਼ ਮੰਤਰੀਆਂ, ਸਗੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਉਨ੍ਹਾਂ ’ਤੇ ਨਿਸ਼ਾਨਾ ਸਾਧਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹੁਣ ਅਜਿਹਾ ਲੱਗਣ ਲੱਗਾ ਹੈ ਕਿ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ, ਉਹ ਵਿਉਂਤਬੱਧ ਤਰੀਕੇ ਨਾਲ ਕੀਤਾ ਗਿਆ ਤਾਂ ਕਿ ਚੋਣਾਂ ਤੋਂ ਪਹਿਲਾਂ ਕਾਨੂੰਨ ਰੱਦ ਕਰਕੇ ਚੋਣਾਵੀ ਫਾਇਦਾ ਲਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਮੰਦਭਾਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਨਾਲ ਚੋਣਾਵੀ ਖਿਚੜੀ ਪਕਾ ਰਹੇ ਹਨ।
ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਾਲਾਂਕਿ ਇਹ ਕੈਪਟਨ ਦਾ ਨਿਜੀ ਮਾਮਲਾ ਹੈ ਪਰ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਅਫ਼ਸੋਸ ਹੈ ਕਿ ਜਿਸ ਕਾਂਗਰਸ ਪਾਰਟੀ ਨੇ ਕਈ ਦਹਾਕਿਆਂ ਤੱਕ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਅਤੇ ਸਨਮਾਨ ਦਿੱਤਾ, ਹੁਣ ਕੈਪਟਨ ਉਸ ਦੀ ਹੀ ਖਿਲਾਫ਼ਤ ਕਰ ਰਹੇ ਹਨ। ਜਦਕਿ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਇਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਦਾ ਪੁਰਾਣਾ ਕਰਮਚਾਰੀ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬੀ ਗਾਇਕਾ ਗੁਰਮੀਤ ਬਾਵਾ ਦੇ ਦਿਹਾਂਤ ’ਤੇ ਮੁੱਖ ਮੰਤਰੀ ਚੰਨੀ ਨੇ ਜਤਾਇਆ ਦੁੱਖ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਾਰਾਜ਼ ਹੋਣ ਮਗਰੋਂ ਪਹਿਲੀ ਵਾਰ ਇਕ-ਦੂਜੇ ਨਾਲ ਮੰਚ ਸਾਂਝਾ ਕਰਨਗੇ 'ਚੰਨੀ-ਸਿੱਧੂ', ਕੇਜਰੀਵਾਲ ਨਾਲ ਹੋਵੇਗਾ ਸਾਹਮਣਾ
NEXT STORY