ਚੰਡੀਗੜ੍ਹ : ਸੂਬਾ ਸਰਕਾਰ ਨੇ ਆਉਂਦੇ ਦਿਨਾਂ 'ਚ ਕੋਵਿਡ-19 ਦਾ ਸੰਕਟ ਵਧਣ ਨਾਲ ਨਿਪਟਣ ਦੀਆਂ ਤਿਆਰੀਆਂ 'ਚ ਤੇਜ਼ੀ ਲਿਆਂਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਇਸ ਮਹਾਂਮਾਰੀ ਨਾਲ ਪ੍ਰਭਾਵਿਤ ਥਾਵਾਂ (ਹੌਟਸਪੌਟ) ਵਾਲੇ ਸਾਰੇ ਜ਼ਿਲਿਆਂ 'ਚ ਲੋਕਾਂ ਦੀ ਸਾਹ ਪ੍ਰਣਾਲੀ ਦੀ ਗੰਭੀਰ ਬਿਮਾਰੀ (ਐਸ.ਏ.ਆਰ.ਆਈ.) ਦਾ ਟੈਸਟ ਕਰਨ ਲਈ ਮੋਬਾਈਲ ਟੈਸਟਿੰਗ ਵੈਨਾਂ ਚਲਾਉਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਅਗਲੇ ਕੁਝ ਦਿਨਾਂ ਵਿੱਚ ਆਈਸੋਲੇਸ਼ਨ ਬੈੱਡ (ਅਲਹਿਦਾ ਰੱਖਣ ਲਈ ਬੈੱਡ) 5000 ਤੱਕ ਵਧਾਉਣ ਲਈ ਮੁਹਿੰਮ ਤੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਅਤੇ ਇੱਥੋਂ ਤੱਕ ਇਸ ਨੂੰ ਹੋਰ ਵਧਾਇਆ ਜਾਵੇ ਤਾਂ ਕਿ ਕਿਸੇ ਤਰਾਂ ਦੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਮੁਤਾਬਕ ਭਾਵੇਂ ਕੋਈ ਪੁਸ਼ਟੀ ਕੀਤੇ ਅਨੁਮਾਨ ਉਪਲਬਧ ਨਹੀਂ ਹਨ ਪਰ ਸੂਬਾ ਸਰਕਾਰ ਸੰਭਾਵੀ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਤਿਆਰੀ ਕਰ ਰਹੀ ਹੈ।
ਮੁੱਖ ਸਕੱਤਰ ਨੇ ਦੱਸਿਆ ਕਿ ਮਾਨਵੀ ਸ਼ਕਤੀ ਦੀ ਭਰਤੀ ਅਤੇ ਸਿਖਲਾਈ ਵੀ ਜੰਗੀ ਪੱਧਰ ’ਤੇ ਸ਼ੁਰੂ ਕੀਤੀ ਗਈ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਆਉਂਦੇ ਹਫਤਿਆਂ ਵਿੱਚ ਸੂਬਾ ਪੂਰੀ ਤਰਾਂ ਤਿਆਰ ਹੈ। ਉਨਾਂ ਅੱਗੇ ਕਿਹਾ ਕਿ ਸੂਬੇ ਵਿੱਚ ਸਿਹਤ ਸੰਸਥਾਵਾਂ ਸਮੇਤ 20 ਥਾਵਾਂ ਵਿੱਚ 2500 ਬੈੱਡ ਵਰਤੋਂ ਲਈ ਤਿਆਰ ਹਨ ਅਤੇ ਲੋੜੀਂਦੀਆਂ ਸਹੂਲਤਾਂ ਨਾਲ ਇਨਾਂ ਦੀ ਗਿਣਤੀ ਵਧਾਈ ਜਾਵੇਗੀ।
ਸੂਬੇ ਵਿੱਚ ਕੋਵਿਡ-19 ਨਾਲ ਨਿਪਟਣ ਲਈ ਲੋੜੀਂਦੇ ਮੈਡੀਕਲ ਸਾਜ਼ੋ-ਸਾਮਾਨ ਦੀ ਮੌਜੂਦਗੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਲੋੜੀਂਦੇ ਪ੍ਰੋਟੈਕਟਿਵ ਗੇਅਰ, ਵੈਂਟੀਲੇਟਰ, ਮਾਸਕ ਆਦਿ ਨੂੰ ਪਹਿਲ ਦੇੇ ਆਧਾਰ ’ਤੇ ਖਰੀਦਣ ਲਈ ਆਖਿਆ। ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਮੁਤਾਬਕ ਪੰਜਾਬ ਦੀਆਂ ਕੰਪਨੀਆਂ ਵੱਲੋਂ ਤਿਆਰ ਕੀਤੇ ਦੇਸੀ ਨਮੂਨਿਆਂ ਦੀ ਨਿਰੰਤਰ ਪਰਖ ਕੀਤੀ ਜਾ ਰਹੀ ਹੈ ਅਤੇ ਪ੍ਰਵਾਨਿਤ ਸਾਮਾਨ ਲਈ ਆਰਡਰ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਕਰਫਿਊ/ਲਾਕਡਾਊਨ ਦੀਆਂ ਬੰਦਿਸ਼ਾਂ ਦੇ ਮੱਦੇਨਜ਼ਰ ਸੂਬਾ ਭਰ ਵਿੱਚ ਚਲਾਏ ਜਾ ਰਹੇ ਰਾਹਤ ਕਾਰਜਾਂ ਦੇ ਹਿੱਸੇ ਵਜੋਂ ਭੋਜਨ ਅਤੇ ਹੋਰ ਜ਼ਰੂਰਤਾਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਲਈ ਆਖਿਆ। ਲਾਭਪਾਤਰੀਆਂ ਦੀ ਬੈਂਕਾਂ/ਏ.ਟੀ.ਐਮਜ਼ ਤੱਕ ਪਹੁੰਚਣ ਦੀ ਅਸਮਰਥਾ ਨੂੰ ਦੇਖਦੇ ਹੋਏ ਮੱਦੇਨਜ਼ਰ ਮੁੱਖ ਮੰਤਰੀ ਨੇ ਅੱਜ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਸਿੱਧੇ ਬੈਂਕ ਖਾਤਿਆਂ ’ਚ ਟਰਾਂਸਫਰ ਦੀ ਬਜਾਏ ਬਿਜ਼ਨਸ ਕੌਰਸਪੌਂਡੈਂਟਸ ਰਾਹੀਂ ਵੱਖ-ਵੱਖ ਸ਼੍ਰੇਣੀਆਂ ਦੇ ਲਾਭਪਾਤਰੀਆਂ ਨੂੰ ਸਮਾਜਿਕ ਸੁਰੱਖਿਆ ਪੈਨਸ਼ਨਾਂ, ਬੁਢਾਪਾ ਪੈਨਸ਼ਨਾਂ ਅਤੇ ਹੋਰ ਲਾਭਾਂ ਦੀ ਅਦਾਇਗੀ ਯਕੀਨੀ ਬਣਾਉਣ। ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਅਮਲ ਕਰਦਿਆਂ, ਵਧੀਕ ਮੁੱਖ ਸਕੱਤਰ ਗ੍ਰਹਿ ਸਤੀਸ਼ ਚੰਦਰ ਨੇ ਸਾਰੇ ਪ੍ਰਸ਼ਾਸਕੀ ਸਕੱਤਰਾਂ, ਡੀਜੀਪੀ, ਡਵੀਜ਼ਨਲ ਕਮਿਸ਼ਨਰ, ਡਿਪਟੀ ਕਮਿਸ਼ਨਰਾਂ, ਜ਼ੋਨਲ ਆਈਜੀਪੀਜ਼, ਕਮਿਸ਼ਨਰ ਆਫ਼ ਪੁਲੀਸ, ਡੀਆਈਜੀ ਅਤੇ ਐਸਐਸਪੀਜ਼ ਨੂੰ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਬੈਂਕਾਂ ਨੂੰ ਕਿਹਾ ਗਿਆ ਹੈ ਕਿ ਜੇ ਲੋੜ ਹੋਵੇ ਤਾਂ ਬਿਜਨਸ ਕੌਰਸਪੌਂਡੈਂਟਸ ਦੀ ਸੰਖਿਆ ਵਿਚ ਵਾਧਾ ਕੀਤਾ ਜਾਵੇ ਅਤੇ ਉਨਾਂ ਲਈ ਥੋਕ ਪਾਸ ਲਈ ਜ਼ਿਲਾ ਅਧਿਕਾਰੀਆਂ ਕੋਲ ਪਹੁੰਚ ਕਰਨ ਲਈ ਕਿਹਾ ਗਿਆ ਹੈ।
ਹਾਲਾਂਕਿ, ਬੈਂਕਾਂ ਨੂੰ ਪੰਜਾਬ ਵਿੱਚ ਹਫ਼ਤਾ ਭਰ ਕੰਮ-ਕਾਜ ਦੀ ਆਗਿਆ ਦਿੱਤੀ ਗਈ ਹੈ, ਪਰ ਉਨਾਂ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ ਕਿ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਮਾਜਿਕ ਦੂਰੀ ਅਤੇ ਹੋਰ ਪ੍ਰੋਟੋਕਾਲ ਦੀ ਪਾਲਣਾ ਨੂੰ ਬਣਾ ਕੇ ਰੱਖਿਆ ਜਾਵੇ। ਬੈਂਕਾਂ ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਲੋਕਾਂ ਲਈ ਖੁੱਲੇ ਰੱਖਣ ਦੀ ਸਲਾਹ ਦਿੱਤੀ ਗਈ ਹੈ। ਆਗਾਮੀ ਵਿਸਾਖੀ ਦੇ ਜਸ਼ਨਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਅਪੀਲ ਕੀਤੀ ਕਿ ਉਹ ਇਕੱਠਾਂ ’ਤੇ ਪਾਬੰਦੀਆਂ ਦੇ ਮੱਦੇਨਜ਼ਰ ਇਸ ਮੌਕੇ ਲੋਕਾਂ ਨੂੰ ਘਰੋਂ ਆਪਣੀ ਅਰਦਾਸ ਕਰਨ ਦੀ ਅਪੀਲ ਕਰਨ।
ਇਸ ਦੌਰਾਨ, ਪੰਜਾਬ ਪੁਲਿਸ ਨੇ ਆਪਣੇ ਰਾਹਤ ਕਾਰਜਾਂ ਨੂੰ ਜਾਰੀ ਰੱਖਦਿਆਂ ਅੱਜ ਸੁੱਕੇ ਅਤੇ ਪਕਾਏ ਖਾਣੇ ਦੇ ਰਾਸ਼ਨ ਦੇ ਪੈਕਟਾਂ ਨਾਲ 1.8 ਕਰੋੜ ਤੋਂ ਵੱਧ ਲੋਕਾਂ ਤੱਕ ਪਹੁੰਚ ਕੀਤੀ। ਬਰਨਾਲਾ ਵਿੱਚ, ਪੁਲਿਸ ਨੇ ਜ਼ਿਲੇ ਦੀ ਫੋਰਸ ਅਤੇ ਪ੍ਰਮੁੱਖ ਸ਼ਖਸੀਅਤਾਂ ਦੇ ਯੋਗਦਾਨ ਨਾਲ ਬਣਾਏ 40 ਲੱਖ ਰੁਪਏ ਦੇ ਕਾਰਪਸ ਵਿੱਚੋਂ ਖਰੀਦੀਆਂ ਜ਼ਰੂਰੀ ਵਸਤਾਂ ਦੀ ਵੰਡ ਲਈ ਇੱਕ ਵਿਸ਼ੇਸ਼ ਬੱਸ ਚਲਾਈ ਹੈ।ਡੀ.ਜੀ.ਪੀ. ਦਿਨਕਰ ਗੁਪਤਾ ਮੁਤਾਬਕ ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਜ਼ਿਲਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਸੂਬੇ ਵਿੱਚ ਕਰਫਿਊ ਦੀਆਂ ਬੰਦਿਸ਼ਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜਲੰਧਰ 'ਚ ਜ਼ਿਲਾ ਪ੍ਰਸ਼ਾਸਨ ਨੇ ਨਾਜ਼ੁਕ ਬਾਜ਼ਾਰਾਂ ਅਤੇ ਹੋਰ ਇਲਾਕਿਆਂ ਜੋ ਪ੍ਰਭਾਵਿਤ ਥਾਵਾਂ (ਹੌਟਸਪੌਟ) ਵਜੋਂ ਉਭਰੇ ਹਨ, ਵਿੱਚ ਤਾਇਨਾਤ ਕਰਨ ਲਈ ਸੀ.ਆਰ.ਪੀ.ਐਫ. ਨੂੰ ਬੁਲਾਇਆ ਹੈ।
ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਜੀ ਦਾ ਪ੍ਰਗਟ ਦਿਵਸ : ਰਾਮਨੌਮੀ
NEXT STORY