ਚੰਡੀਗੜ੍ਹ,(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਘਰ-ਘਰ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੀ 'ਰਾਜਾ ਸ਼ਾਹੀ' ਕੈਪਟਨ ਸਰਕਾਰ ਹੁਣ ਸਰਕਾਰੀਆ ਨੌਕਰੀਆਂ ਨੂੰ ਜੜ੍ਹੋਂ ਹੀ ਖਤਮ ਕਰਨ ਲੱਗੀ ਹੈ ਅਤੇ ਹਰ ਦਿਨ ਕਿਸੇ ਨਾ ਕਿਸੇ ਸਰਕਾਰੀ ਵਿਭਾਗ 'ਚੋਂ ਹਜ਼ਾਰਾਂ ਦੀ ਗਿਣਤੀ ਵਿਚ ਅਸਾਮੀਆਂ ਖਤਮ ਕਰ ਰਹੀ ਹੈ। ਅਜਿਹੀ ਸਰਕਾਰ ਨੂੰ ਸੱਤਾ ਵਿਚ ਰਹਿਣ ਦਾ ਕੋਈ ਵੀ ਹੱਕ ਨਹੀਂ, ਜਿਸ ਨੇ ਚੋਣਾਂ ਤੋਂ ਪਹਿਲਾਂ ਬੇਰੋਜ਼ਗਾਰ ਨੌਜਵਾਨਾਂ ਨਾਲ ਘਰ-ਘਰ ਸਰਕਾਰੀ ਨੌਕਰੀ ਪੱਕੇ ਤੌਰ 'ਤੇ ਦੇਣ ਦਾ ਵਾਅਦਾ ਕੀਤਾ ਅਤੇ ਹੁਣ ਆਪਣੇ ਵਾਅਦੇ ਨੂੰ ਭੁਲਾ ਕੇ ਸਰਕਾਰੀ ਨੌਕਰੀਆਂ ਨੂੰ ਜੜ੍ਹੋਂ ਖਤਮ ਕਰ ਰਹੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਸਾਲ 2007 ਵਿਚ ਅਮਰਿੰਦਰ ਸਿੰਘ ਨੇ ਨਾ ਸਿਰਫ ਚੋਣਾਂ ਦੌਰਾਨ ਬੇਰੁਜ਼ਗਾਰਾਂ ਤੋਂ ਫਾਰਮ ਭਰਵਾ ਕੇ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਬਲਕਿ ਬੇਰੋਜ਼ਗਾਰੀ ਭੱਤਾ ਦੇਣ ਦਾ ਵੀ ਵਾਅਦਾ ਕੀਤਾ ਸੀ ਪਰ ਇਹ ਅੱਜ ਇਸ ਤੋਂ ਉਲਟ ਚੱਲ ਕੇ ਨੌਜਵਾਨਾਂ ਦੀ ਉਮੀਦਾਂ 'ਤੇ ਪਾਣੀ ਫੇਰ ਰਹੀ ਹੈ। ਜਿਸ ਕਰਕੇ ਨੌਜਵਾਨਾਂ ਨੂੰ ਹੁਣ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਪਾਵਰਕਾਮ (ਬਿਜਲੀ) ਵਿਭਾਗ 40,483 ਪ੍ਰਵਾਨਿਤ ਅਸਾਮੀਆਂ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ, ਜਿਨ੍ਹਾਂ ਵਿਚ 2200 ਤੋਂ ਵੱਧ ਖੇਤੀਬਾੜੀ ਅਤੇ 8000 ਤੋਂ ਵੱਧ ਜਲ ਸਰੋਤ ਵਿਭਾਗ ਦੀਆਂ ਨੌਕਰੀਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਸਰਕਾਰ ਦੇ ਇੰਨਾ ਫੈਸਲਿਆਂ ਖਿਲਾਫ਼ ਅੰਦੋਲਨ ਵਿੱਢੇਗੀ।
ਲੋਕਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਬੈਂਸ ਆਪਣਾ ਕੋਵਿਡ-19 ਸਬੰਧੀ ਟੈਸਟ ਜਲਦ ਕਰਵਾਉਣ: : ਬਲਬੀਰ ਸਿੱਧੂ
NEXT STORY