ਗੁਰਦਾਸਪੁਰ,(ਹਰਮਨ)- ਪੰਜਾਬ ਦੇ ਮਾਝਾ ਖੇਤਰ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਰੀਬ 5 ਦਰਜਨ ਵਿਅਕਤੀਆਂ ਦੀਆਂ ਹੋਈਆਂ ਮੌਤਾਂ ਦੇ ਦੁਖਦਾਈ ਮਾਮਲੇ ਨੂੰ ਲੈ ਕੇ ਅੱਜ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਸਰਕਾਰ ਨੂੰ ਕਈ ਅਹਿਮ ਸੁਝਾਅ ਦਿੰਦੇ ਹੋਏ ਸਖਤ ਟਿੱਪਣੀਆਂ ਕੀਤੀਆਂ ਹਨ। ਇਸ ਸਬੰਧੀ ਜਾਰੀ ਪ੍ਰੈਸ ਬਿਆਨ ਵਿਚ ਬਾਜਵਾ ਨੇ ਕਿਹਾ ਕਿ ਜੇਕਰ ਹੁਣ ਵੀ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਣ ਲਈ ਸਖਤ ਕਾਰਵਾਈ ਨਾ ਕੀਤੀ ਤਾਂ ਫਿਰ ਪੰਜਾਬ ਨੂੰ ਰੱਬ ਹੀ ਬਚਾ ਸਕਦਾ ਹੈ।
ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ 'ਚ ਵਾਰ-ਵਾਰ ਅਸਫਲ ਹੋ ਰਿਹੈ ਪ੍ਰਸ਼ਾਸ਼ਨ
ਬਾਜਵਾ ਨੇ ਕਿਹਾ ਕਿ ਇਸ ਦੁਖਦਾਈ ਘਟਨਾ ਨੇ ਪੰਜਾਬ ਦੀ ਅਫਸਰਸ਼ਾਹੀ, ਪੁਲਸ ਅਤੇ ਸ਼ਰਾਬ ਮਾਫੀਆ ਦੇ ਗਠਜੋੜ ਨੂੰ ਮੁੜ ਉਜਾਗਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਵਾਰ-ਵਾਰ ਅਸਫਲ ਸਿੱਧ ਹੋ ਰਿਹਾ ਹੈ, ਜਿਸ ਤਹਿਤ ਪਹਿਲਾਂ ਅੰਮ੍ਰਿਤਸਰ ਵਿੱਚ ਰੇਲ ਹਾਦਸੇ ਕਾਰਨ 59 ਵਿਅਕਤੀਆਂ ਦੀ ਮੌਤ ਗਈ ਸੀ ਅਤੇ ਪਿਛਲੇ ਸਾਲ ਬਟਾਲਾ ਵਿੱਚ ਨਜਾਇਜ਼ ਤੌਰ 'ਤੇ ਚੱਲ ਰਹੀ ਪਟਾਕੇ ਬਣਾਉਣ ਵਾਲੀ ਫੈਕਟਰੀ 'ਚ ਹੋਏ ਧਮਾਕੇ ਨੇ ਵੀ 23 ਲੋਕਾਂ ਦੀ ਜਾਨ ਲੈ ਲਈ ਸੀ। ਉਨ੍ਹਾਂ ਕਿਹਾ ਕਿ ਹੁਣ ਗੈਰ ਕਾਨੂੰਨੀ ਤੇ ਜ਼ਹਿਰੀਲੀ ਸ਼ਰਾਬ ਕਾਰਨ 62 ਵਿਅਕਤੀਆਂ ਦੀ ਹੋਈ ਮੌਤ ਨੇ ਇਕ ਵਾਰ ਫਿਰ ਕਈ ਬੇਨਿਯਮੀਆਂ ਤੇ ਲਾਪਰਵਾਹੀ ਨੂੰ ਉਜਾਗਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਪੀੜਤ ਦਰਜਨਾਂ ਪਰਿਵਾਰ ਇਨਸਾਫ ਦੀ ਮੰਗ ਕਰ ਰਹੇ ਹਨ।
ਹਾਈਕੋਰਟ ਦੇ ਜੱਜ ਕੋਲੋਂ ਕਰਵਾਈ ਜਾਵੇ ਸਮਾਬੱਧ ਤੇ ਨਿਰਪੱਖ ਜਾਂਚ
ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ“ਪੰਜਾਬ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੁਰੰਤ ਸਖਤ ਕਦਮ ਚੁੱਕਣ ਅਤੇ ਲੋਕਾਂ ਦਾ ਪ੍ਰਸ਼ਾਸਨ 'ਤੇ ਭਰੋਸਾ ਦੁਬਾਰਾ ਪੈਦਾ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਅਪੀਲ ਕਰਕੇ ਕਿਸੇ ਮੌਜੂਦਾ ਜੱਜ ਕੋਲੋਂ ਇਸ ਮਾਮਲੇ ਦੀ ਸਮਾਬੱਧ ਅਤੇ ਨਿਰਪੱਖ ਜਾਂਚ ਕਰਵਾਉਣ। ਬਾਜਵਾ ਨੇ ਪੰਜਾਬ ਸਰਕਾਰ ਨੂੰ ਇਹ ਸੁਝਾਅ ਵੀ ਦਿੱਤਾ ਹੈ ਕਿ ਭਵਿੱਖ ਵਿਚ ਅਜਿਹੇ ਦਰਦਨਾਕ ਹਾਦਸੇ ਅਤੇ ਘਟਨਾਵਾਂ ਰੋਕਣ ਲਈ ਸਬੰਧਿਤ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਨਿਯਮ ਬਣਾਏ ਜਾਣ ਅਤੇ ਹੁਣ ਵੀ ਸਬੰਧਿਤ ਜਿਲ੍ਹੇ ਦੇ ਐਸ. ਐਸ. ਪੀ. ਨੂੰ ਤੁਰੰਤ ਤਬਦੀਲ ਕਰਕੇ ਉਸ ਦੀ ਫੀਲਡ ਪੋਸਟਿੰਗ ਅਤੇ ਤਰੱਕੀ 'ਤੇ ਇਕ ਸਾਲ ਲਈ ਰੋਕ ਲਗਾਈ ਜਾਵੇ। ਇਸ ਦੇ ਨਾਲ ਹੀ ਸਬੰਧਿਤ ਇਲਾਕੇ ਦੇ ਡੀ. ਐਸ. ਪੀ. ਨੂੰ ਵੀ ਤੁਰੰਤ ਤਬਦੀਲ ਕਰਕੇ ਦੋ ਸਾਲਾਂ ਲਈ ਉਸ ਦੀ ਫੀਲਡ ਪੋਸਟਿੰਗ ਅਤੇ ਤਰੱਕੀ ਰੋਕ ਦੇਣੀ ਚਾਹੀਦੀ ਹੈ, ਜਦਕਿ ਸਬੰਧਿਤ ਥਾਣੇ ਦੇ ਮੁਖੀ ਨੂੰ ਤਬਦੀਲ ਕਰਕੇ ਤਿੰਨ ਸਾਲਾਂ ਲਈ ਉਸ ਦੀ ਫੀਲਡ ਵਿਚ ਪੋਸਟਿੰਗ ਰੋਕਣ ਦੇ ਨਾਲ-ਨਾਲ ਤਰੱਕੀ 'ਤੇ ਰੋਕ ਲਗਾ ਦੇਣੀ ਚਾਹੀਦੀ ਹੈ।
ਸੁਲਤਾਨਪੁਰ ਲੋਧੀ 'ਚ ਖੂੰਖਾਰ ਕੁੱਤੇ ਦੀ ਦਹਿਸ਼ਤ, 7 ਵਿਅਕਤੀਆਂ 'ਤੇ ਕੀਤਾ ਹਮਲਾ
NEXT STORY