ਚੰਡੀਗੜ੍ਹ (ਭੁੱਲਰ) : ਕੈਪਟਨ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰ ਮੰਗਾਂ ਸਬੰਧੀ ਪਿਛਲੇ 32 ਮਹੀਨਿਆਂ ਤੋਂ ਕੀਤੀ ਜਾ ਰਹੀ ਵਾਅਦਾ ਖਿਲਾਫ਼ੀ ਵਿਰੁੱਧ ਪਹਿਲਾਂ ਐਲਾਨੇ ਪ੍ਰੋਗਰਾਮ ਅਨੁਸਾਰ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ 'ਚ ਚਾਰਾਂ ਹਲਕਿਆਂ 'ਚ ਕਾਂਗਰਸ ਸਰਕਾਰ ਨੂੰ ਘੇਰਨ ਦਾ ਐਕਸ਼ਨ ਕਮੇਟੀ ਵਲੋਂ ਐਲਾਨ ਕੀਤਾ ਹੋਇਆ ਹੈ। ਇਸ ਐਲਾਨ ਅਨੁਸਾਰ 11 ਅਕਤੂਬਰ ਨੂੰ ਮੁਕੇਰੀਆਂ, 12 ਅਕਤੂਬਰ ਨੂੰ ਫਗਵਾੜਾ, 15 ਅਕਤੂਬਰ ਨੂੰ ਦਾਖਾ ਅਤੇ 17 ਅਕਤੂਬਰ ਨੂੰ ਜਲਾਲਾਬਾਦ ਹਲਕਿਆਂ 'ਚ ਸਰਕਾਰ ਖਿਲਾਫ਼ ਪੋਲ ਖੋਲ੍ਹ ਰੈਲੀਆਂ ਕੀਤੀਆਂ ਜਾਣਗੀਆਂ। ਇਸ ਬਾਰੇ ਐਲਾਨ ਪੰਜਾਬ ਅਤੇ ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰ ਐਕਸ਼ਨ ਕਮੇਟੀ ਦੀ ਹੰਗਾਮੀ ਮੀਟਿੰਗ ਤੋਂ ਬਾਅਦ ਪ੍ਰਮੁੱਖ ਆਗੂਆਂ ਸੱਜਣ ਸਿੰਘ, ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਰਣਬੀਰ ਢਿੱਲੋਂ, ਅਸ਼ੀਸ਼ ਜੁਲਾਹਾ ਨੇ ਸਾਂਝੇ ਬਿਆਨ 'ਚ ਕੀਤਾ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਸੱਜਣ ਸਿੰਘ ਦੇ ਮਰਨ ਵਰਤ ਮੌਕੇ ਮੁੱਖ ਮੰਤਰੀ ਨੇ 28 ਮਈ ਨੂੰ ਐਕਸ਼ਨ ਕਮੇਟੀ ਦੀ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਰੱਖੀ ਸੀ ਪਰ ਉਹ ਉਥੇ ਨਾ ਆਏ। ਪਹਿਲਾਂ 28 ਫਰਵਰੀ ਅਤੇ ਫਿਰ ਪਟਿਆਲਾ ਮੁਲਾਜ਼ਮ ਰੈਲੀ ਮੌਕੇ ਮੀਟਿੰਗਾਂ ਕਰਕੇ ਮੰਗਾਂ ਮੰਨਣ ਦਾ ਕੀਤਾ ਵਾਅਦਾ ਵੀ ਹਵਾਈ ਹੋ ਨਿੱਬੜਿਆ। ਇਸ ਤਰ੍ਹਾਂ ਇਕ ਵੀ ਮੰਗ ਨਾ ਮੰਨ ਕੇ ਸਰਕਾਰ ਨੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਐਕਸ਼ਨ ਕਮੇਟੀ ਨੇ ਕਿਹਾ ਕਿ ਇਨ੍ਹਾਂ ਰੈਲੀਆਂ 'ਚ ਕੈਪਟਨ ਸਰਕਾਰ ਦੇ ਕਾਲੇ ਕਾਰਨਾਮਿਆਂ ਦੇ ਪੋਲ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਚਾਰਾਂ ਰੈਲੀਆਂ ਦੇ ਨਾਲ-ਨਾਲ 50 ਹਜ਼ਾਰ ਹੈਂਡਬਿਲ ਵੰਡਣ ਲਈ ਪੰਜਾਬ ਭਰ 'ਚ ਜਥੇ ਮਾਰਚ ਕਰਨਗੇ। ਆਗੂਆਂ ਨੇ ਕਿਹਾ ਕਿ ਚਾਰ ਰੈਲੀਆਂ ਸਬੰਧੀ ਤਿਆਰੀਆਂ ਕਰਨ ਲਈ ਸੀਨੀਅਰ ਆਗੂ ਪੰਜਾਬ ਭਰ 'ਚ ਟੂਰ ਕਰ ਰਹੇ ਹਨ।
ਹੁਣ ਵਿਦੇਸ਼ੀ ਭਾੜੇ ਦੇ ਅੱਤਵਾਦੀਆਂ ਤੋਂ ਕੰਮ ਲਵੇਗੀ ਆਈ. ਐੱਸ. ਆਈ.
NEXT STORY