ਪਠਾਨਕੋਟ(ਸ਼ਾਰਦਾ)— ਪੰਜਾਬ ਵਿਚ ਕਾਂਗਰਸ ਦੀ ਰਾਜਨੀਤੀ ਲੋਕ ਸਭਾ ਵਿਚ 8 ਸੀਟਾਂ ਜਿੱਤਣ ਤੋਂ ਬਾਅਦ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਾਂਡ ਕਾਰਨ ਗਿਰਾਵਟ ਵੱਲ ਜਾ ਰਹੀ ਹੈ, ਜੋ ਸਰਕਾਰ ਤੇ ਪਾਰਟੀ ਦੋਹਾਂ ਲਈ ਸ਼ੁੱਭ ਸੰਕੇਤ ਨਹੀਂ ਹੈ। ਪੰਜਾਬ ਦੀ ਜਨਤਾ ਦਾ ਇਸ ਬਾਰੇ ਚਿੰਤਤ ਹੋਣਾ ਸੁਭਾਵਿਕ ਹੈ ਅਤੇ ਇਸ ਦਾ ਪ੍ਰਭਾਵ ਹਰ ਹਾਲਤ ਵਿਚ ਰੋਜ਼ਮਰਾ ਦੀ ਜ਼ਿੰਦਗੀ 'ਤੇ ਪੈਂਦਾ ਹੈ। ਇਸ ਨਾਲ ਪ੍ਰਸ਼ਾਸਨ ਸ਼ਸ਼ੋਪੰਜ ਦੀ ਸਥਿਤੀ ਵਿਚ ਚਲਾ ਜਾਂਦਾ ਹੈ ਅਤੇ ਫੈਸਲਾ ਲੈਣ ਦੀ ਸਮਰਥਾ ਘੱਟ ਹੋ ਜਾਂਦੀ ਹੈ। ਇਕ ਮਹੀਨਾ ਪਹਿਲਾਂ ਇਨ੍ਹਾਂ 2 ਦਿਗਜਾਂ ਵਿਚ ਚੱਲ ਰਹੀ ਇਸ ਆਰ-ਪਾਰ ਦੀ ਲੜਾਈ ਦਾ ਸਿਲਸਿਲਾ ਇੰਨਾ ਲੰਬਾ ਹੋ ਜਾਵੇਗਾ, ਇਸ ਦਾ ਅੰਦਾਜ਼ਾ ਸ਼ਾਇਦ ਕਿਸੇ ਨੇ ਨਹੀਂ ਲਾਇਆ ਸੀ। ਇਕ ਮਹੀਨੇ ਬਾਅਦ ਵੀ ਸਥਿਤੀ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ 'ਤੇ ਸਰਕਾਰ ਦੇ ਦ੍ਰਿਸ਼ਟੀਕੋਣ ਤੋਂ ਫੈਸਲਾ ਲੈਣ ਵਿਚ ਦੁਚਿੱਤੀ ਵਿਚ ਫਸੇ ਹੋਏ ਨਜ਼ਰ ਆ ਰਹੇ ਹਨ ਅਤੇ ਸਰਕਾਰ ਦੀ ਇਸ ਕਮਜ਼ੋਰੀ ਦੀ ਹੌਲੀ-ਹੌਲੀ ਜਗ ਹਸਾਈ ਹੋਣੀ ਸ਼ੁਰੂ ਹੋ ਗਈ ਹੈ।
ਸਰਕਾਰ ਤੇ ਪਾਰਟੀ ਲਈ ਗਲੇ ਦੀ ਹੱਡੀ ਬਣਿਆ ਸਿੱਧੂ ਕਾਂਡ
ਵਿਵਾਦਗ੍ਰਸਤ ਤੱਥ ਇਹ ਹੈ ਕਿ ਜਦ ਮੁੱਖ ਮੰਤਰੀ ਨੇ ਸਾਰੇ ਮੰਤਰੀਆਂ ਨੂੰ ਜਿਨ੍ਹਾਂ ਦੇ ਵਿਭਾਗ ਬਦਲੇ ਗਏ ਸੀ, ਨੂੰ 2-3 ਦਿਨਾਂ ਦੇ ਅੰਦਰ ਹੀ ਆਪਣੇ ਨਵੇਂ ਵਿਭਾਗਾਂ ਨੂੰ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਸਨ, ਉਦੋਂ 2 ਨੂੰ ਛੱਡ ਕੇ ਸਾਰਿਆਂ ਨੇ ਉਨ੍ਹਾਂ ਦੇ ਨਿਰਦੇਸ਼ਾਂ ਦਾ ਪਾਲਣ ਕੀਤਾ ਅਤੇ ਆਪਣੇ-ਆਪਣੇ ਵਿਭਾਗਾਂ ਨੂੰ ਸੰਭਾਲ ਲਿਆ, ਭਾਵੇਂ ਮੰਤਰੀ ਨਵੇਂ ਵਿਭਾਗ ਮਿਲਣ ਤੋਂ ਖੁਸ਼ ਸਨ ਜਾਂ ਨਾਰਾਜ਼।
ਹਾਲਾਤ ਬਦ ਤੋਂ ਬਦਤਰ ਹੁੰਦੇ ਗਏ। ਮੁੱਖ ਮੰਤਰੀ ਅਜਿਹੀ ਦੁਵਿਧਾ ਵਿਚ ਫਸ ਗਏ ਹਨ ਕਿ ਉਹ ਫੈਸਲਾ ਨਾ ਲੈ ਪਾਉਣ ਦੀ ਸਥਿਤੀ ਦਾ ਤੋੜ ਨਹੀਂ ਲੱਭ ਪਾ ਰਹੇ ਹਨ। ਮੁੱਖ ਮੰਤਰੀ ਅਜੇ ਤਕ ਸਿੱਧੂ ਦੇ ਮਹਿਕਮੇ ਦਾ ਚਾਰਜ ਕਿਸੇ ਹੋਰ ਨੂੰ ਨਾ ਦੇ ਪਾਉਣ ਕਾਰਨ ਵਿਭਾਗ ਵਿਚ ਬੇਯਕੀਨੀ ਦੀ ਸਥਿਤੀ ਨੂੰ ਹਵਾ ਦੇ ਰਹੇ ਹਨ, ਚੰਗਾ ਹੁੰਦਾ ਕਿ ਉਹ ਕਿਸੇ ਹੋਰ ਮੰਤਰੀ ਨੂੰ ਵਾਧੂ ਤੌਰ 'ਤੇ ਊਰਜਾ ਵਿਭਾਗ ਦੇ ਦਿੰਦੇ ਅਤੇ ਜਦ ਸਿੱਧੂ ਨਾਲ ਵਿਵਾਦ ਖਤਮ ਹੁੰਦਾ ਤਾਂ ਉਨ੍ਹਾਂ ਨੂੰ ਮੁੜ ਇਹ ਵਿਭਾਗ ਦੇ ਦਿੱਤਾ ਜਾਂਦਾ। ਹੁਣ ਉਹ ਇਸ ਮੁੱਦੇ 'ਤੇ ਅਹਿਮਦ ਪਟੇਲ ਨੂੰ ਵੀ ਮਿਲ ਚੁੱਕੇ ਹਨ ਅਤੇ ਰਾਹੁਲ ਗਾਂਧੀ ਨੂੰ ਵੀ, ਹੋ ਸਕਦਾ ਹੈ ਕਿ ਉਹ ਇਸ ਵਿਸ਼ੇ 'ਤੇ ਰਾਹੁਲ ਗਾਂਧੀ ਨਾਲ ਗੱਲਬਾਤ ਨਾ ਕਰਨਾ ਚਾਹੁੰਦੇ ਹੋਣ ਪਰ ਇਕ ਮੰਤਰੀ ਜੋ ਉਨ੍ਹਾਂ ਦੇ ਮੰਤਰੀ ਮੰਡਲ ਦਾ ਮੈਂਬਰ ਹੈ, ਉਨ੍ਹਾਂ ਦਾ ਕਹਿਣਾ ਨਹੀਂ ਮੰਨ ਰਿਹਾ, ਉਸ ਸਥਿਤੀ ਨਾਲ ਨਿਪਟਣਾ ਸਰਕਾਰ ਅਤੇ ਪਾਰਟੀ ਲਈ ਗਲੇ ਦੀ ਹੱਡੀ ਬਣਨ ਵਾਲਾ ਹੈ।
ਸੁਨੀਲ ਜਾਖੜ ਦਾ ਅਸਤੀਫਾ ਦੇਣਾ ਸੂਬੇ ਦੀ ਸਿਆਸਤ ਲਈ ਵੱਡਾ ਧੱਕਾ
ਸੁਨੀਲ ਜਾਖੜ ਇਕ ਸੁਲਝੇ ਹੋਏ ਨੇਤਾ ਹਨ, ਉਨ੍ਹਾਂ ਦਾ ਹਾਰ ਤੋਂ ਬਾਅਦ ਬਿਨਾਂ ਮੁੱਖ ਮੰਤਰੀ ਨਾਲ ਸਲਾਹ-ਮਸ਼ਵਰਾ ਕੀਤੇ ਅਸਤੀਫਾ ਦੇਣਾ ਸੂਬੇ ਦੀ ਸਿਆਸਤ ਲਈ ਇਕ ਵੱਡੇ ਧੱਕੇ ਦੇ ਬਰਾਬਰ ਹੈ। ਮੁੱਖ ਮੰਤਰੀ ਨੇ ਉਨ੍ਹਾਂ ਦੇ ਅਸਤੀਫੇ ਨੂੰ ਗੈਰ-ਜ਼ਰੂਰੀ ਮੰਨਿਆ ਪਰ ਤਦ ਤਕ ਅਸਤੀਫਾ ਰਾਹੁਲ ਗਾਂਧੀ ਕੋਲ ਪਹੁੰਚ ਚੁੱਕਾ ਸੀ। ਹੁਣ ਰਾਹੁਲ ਗਾਂਧੀ ਖੁਦ ਅਸਤੀਫਾ ਦੇ ਚੁੱਕੇ ਹਨ ਅਤੇ ਉਥੇ ਵੀ ਕਾਂਗਰਸ ਦੀ ਸਿਆਸਤ ਦਿਸ਼ਾਹੀਣ ਹੁੰਦੀ ਹੋਈ ਇਕ ਚੌਰਾਹੇ 'ਤੇ ਖੜ੍ਹੀ ਹੈ ਕਿ ਅੱਗੇ ਕਿਸ ਪਾਸੇ ਜਾਣਾ ਹੈ, ਕਿਸੇ ਨੂੰ ਨਹੀਂ ਪਤਾ। ਅਜਿਹੀ ਹਾਲਤ ਵਿਚ ਪੰਜਾਬ ਪ੍ਰਧਾਨ ਦੇ ਅਹੁਦੇ ਦਾ ਅਸਤੀਫਾ ਜਿਉਂ ਦਾ ਤਿਉਂ ਪਿਆ ਹੈ। ਜੇ ਜਾਖੜ ਨੇ ਅਸਤੀਫਾ ਨਾ ਦਿੱਤਾ ਹੁੰਦਾ ਤਾਂ ਉਹ ਇੰਨੇ ਸਮਝਦਾਰ ਹਨ ਕਿ ਉਨ੍ਹਾਂ ਨੇ ਇਸ ਮੁੱਦੇ ਨੂੰ ਆਰ ਜਾਂ ਪਾਰ ਕਰ ਦੇਣਾ ਸੀ। ਉਨ੍ਹਾਂ ਦੀ ਕਾਰਜਸ਼ੈਲੀ ਅਜਿਹੀ ਹੈ ਕਿ ਉਹ ਪਾਰਟੀ ਦਾ ਨੁਕਸਾਨ ਹੁੰਦੇ ਹੋਏ ਨਹੀਂ ਦੇਖ ਸਕਦੇ। ਹੁਣ ਉਹ ਚਾਹ ਕੇ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਦੇ ਡੈੱਡਲਾਕ ਨੂੰ ਤੋੜਨ ਦੀ ਸਥਿਤੀ ਵਿਚ ਨਹੀਂ ਹਨ। ਪ੍ਰਤਾਪ ਸਿੰਘ ਬਾਜਵਾ, ਜੋ ਪੰਜਾਬ ਦੇ ਸੀਨੀਅਰ ਨੇਤਾ ਹਨ, ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਨ ਲਈ ਸਾਰੇ ਸੂਬਿਆਂ ਦੇ ਸੀਨੀਅਰ ਕਾਂਗਰਸੀ ਅਤੇ ਸੀ. ਡਬਲਯੂ. ਸੀ. ਦੇ ਮੈਂਬਰ ਵੀ ਅਸਤੀਫਾ ਸੌਂਪ ਦੇਣ। ਪੰਜਾਬ ਮੁਖੀ ਆਸ਼ਾ ਕੁਮਾਰੀ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਚੱਟਾਨ ਵਾਂਗ ਖੜ੍ਹੀ ਹੈ ਪਰ ਉਹ ਵੀ ਹਾਈਕਮਾਨ ਤੋਂ ਇਹ ਫੈਸਲਾ ਨਹੀਂ ਕਰਵਾ ਪਾਈ ਕਿ ਸਿੱਧੂ ਨੂੰ ਮੰਤਰੀ ਮੰਡਲ 'ਚੋਂ ਕੱਢਣ ਦੀ ਇਜਾਜ਼ਤ ਦਿੱਤੀ ਜਾਵੇ। ਇੰਨੀ ਉਥਲ-ਪੁਥਲ ਕਾਂਗਰਸ ਦੇ ਭਵਿੱਖ ਲਈ ਕੋਈ ਸ਼ੁਭ ਸੰਕੇਤ ਨਹੀਂ।
ਹਾਈਕਮਾਨ ਨੇ ਸਿੱਧੂ ਨੂੰ ਉਸ ਦੀ ਕਿਸਮਤ 'ਤੇ ਛੱਡ ਦਿੱਤਾ!
ਲੰਬੇ ਸਮੇਂ ਤੋਂ ਮੈਡੀਟੇਸ਼ਨ ਵਿਚ ਲੀਨ ਸਿੱਧੂ ਨੇ ਜੋ ਆਪਣਾ ਟੈਂਪਰਾਮੈਂਟ ਦਿਖਾਇਆ ਹੈ, ਉਹ ਕਾਬਲੇ-ਤਾਰੀਫ ਹੈ, ਨਾ ਤਾਂ ਉਹ ਮੀਡੀਆ ਨੂੰ ਮਿਲ ਰਹੇ ਹਨ ਅਤੇ ਨਾ ਹੀ ਸੋਸ਼ਲ ਮੀਡੀਆ ਨੂੰ। ਹੁਣ ਉਨ੍ਹਾਂ ਨੇ ਕੁਝ ਲੋਕਾਂ ਨਾਲ ਸਲਾਹ-ਮਸ਼ਵਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਆਪਣੇ ਗੁੱਟ ਦੇ ਲੋਕਾਂ ਨੂੰ ਉਹ ਵੇਟ ਐਂਡ ਸੀ ਦਾ ਮੰਤਰ ਦੇ ਰਹੇ ਹਨ ਪਰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਉਹ ਅਗਲੇ ਹਫਤੇ ਕੋਈ ਸਿਆਸੀ ਫੈਸਲਾ ਸੁਣਾ ਸਕਦੇ ਹਨ। ਇਕ ਮਹੀਨੇ ਬਾਅਦ ਉਸੇ ਵਿਭਾਗ ਨੂੰ ਜੁਆਇਨ ਕਰਨਾ ਉਨ੍ਹਾਂ ਲਈ ਹੁਣ ਨਾਮੁਮਕਿਨ ਹੈ। ਇਹ ਇਕ ਪਾਸੇ ਮੰਦਭਾਗੀ ਸਥਿਤੀ ਹੈ ਕਿ ਹੁਣ ਇਕ ਮਿਆਨ ਵਿਚ 'ਦੋ ਤਲਵਾਰਾਂ ਨਹੀਂ ਰਹਿ ਸਕਦੀਆਂ' ਵਾਲੀ ਸਥਿਤੀ ਬਣ ਗਈ ਹੈ। ਇਸ ਦਾ ਨਤੀਜਾ ਪੰਜਾਬ ਅਤੇ ਕਾਂਗਰਸ ਪਾਰਟੀ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਅਜੇ ਸਰਕਾਰ ਇਕ ਮਹੀਨੇ ਤੋਂ ਇਸ ਮੁੱਦੇ ਕਾਰਨ ਕੋਈ ਵੀ ਸਿਆਸੀ ਫੈਸਲਾ ਨਹੀਂ ਲੈ ਰਹੀ। ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ ਕਿ ਰਾਹੁਲ ਗਾਂਧੀ ਜਲਦੀ ਹੀ ਵਿਦੇਸ਼ ਜਾਣ ਵਾਲੇ ਹਨ ਤਾਂ ਉਸ ਸਥਿਤੀ ਵਿਚ ਇਹ ਮਾਮਲਾ ਹੋਰ ਲੰਬਾ ਚੱਲੇਗਾ। ਇਸ ਦਾ ਮਤਲਬ ਇਹ ਹੈ ਕਿ ਹਾਈਕਮਾਨ ਨੇ ਸਿੱਧੂ ਨੂੰ ਉਸ ਦੀ ਕਿਸਮਤ 'ਤੇ ਛੱਡ ਦਿੱਤਾ ਹੈ। ਖੁਦ ਲੜੋ ਅਤੇ ਜੋ ਫੈਸਲਾ ਹੋਵੇ, ਉਸ ਨੂੰ ਸਵੀਕਾਰ ਕਰ ਲਓ।
ਪਾਕਿ ਸਰਕਾਰ ਸ਼ਰਧਾਲੂਆਂ ਦੀ ਗਿਣਤੀ ਦੀ ਹੱਦ ਤੈਅ ਨਾ ਕਰੇ : ਸੁਖਬੀਰ
NEXT STORY