ਅੰਮ੍ਰਿਤਸਰ, (ਛੀਨਾ)- ਕੈਪਟਨ ਸਰਕਾਰ ਨੂੰ ਲੋਕਾਂ ਘਰ ਰਾਸ਼ਣ ਸਮੱਗਰੀ ਪਹੁੰਚਾਉਣ ਦੀ ਤਾਂ ਕੋਈ ਚਿੰਤਾਂ ਨਹੀਂ ਪਰ ਉਹ ਲੋਕਾਂ ਦੇ ਘਰਾਂ ’ਚ ਸ਼ਰਾਬ ਦੀ ਹੋਮ ਡਿਲਵਰੀ ਕਰਨ ਲਈ ਬਹੁਤ ਕਾਹਲੇ ਅਤੇ ਫਿਕਰਮੰਦ ਨਜ਼ਰ ਆ ਰਹੀ ਹੈ। ਇਹ ਵਿਚਾਰ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਅੱਜ ਇਥੇ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਮੁੱਖ ਮੰਤਰੀ ਦੇ ਦਾਅਵਿਆਂ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਕੈਪਟਨ ਸਾਹਿਬ ਚੋਣਾਂ ਤੋਂ ਪਹਿਲਾਂ ਹੱਥ ’ਚ ਪਵਿੱਤਰ ਗੁਟਕਾ ਸਾਹਿਬ ਫੜ੍ਹਕੇ ਕਹਿੰਦੇ ਸਨ ਕਿ 4 ਹਫਤਿਆਂ ’ਚ ਨਸ਼ਿਆਂ ਦਾ ਲੱਕ ਤੋੜ ਦਿਆਂਗਾ ਅਤੇ ਹੁਣ 4 ਹਫਤੇ ਠੇਕੇ ਬੰਦ ਰਹਿਣ ’ਤੇ ਆਖ ਰਹੇ ਨੇ ਕਿ ਸਰਕਾਰ ਦਾ ਲੱਕ ਟੁੱਟ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਕਰਫਿਊ ’ਚ ਲੋਕਾਂ ਦੀ ਰੋਟੀ ਵਾਸਤੇ ਜਿਥੇ ਚਿੰਤਤ ਹੋਣਾ ਚਾਹੀਦਾ ਸੀ ਉਥੇ ਉਹ ਘਰ-ਘਰ ਸ਼ਰਾਬ ਪਹੁੰਚਾਉਣ ਦੀਆ ਵਿਓਤਾਂ ਬਣਾ ਰਹੀ ਹੈ।
ਗਿੱਲ ਨੇ ਕਿਹਾ ਕਿ ਪੰਜਾਬ ’ਚ ਕਰਫਿਊ ਲੱਗਣ ਤੋਂ ਬਾਅਦ ਜੇਕਰ ਸ੍ਰੋਮਣੀ ਅਕਾਲੀ ਦਲ ਬਾਦਲ, ਸ੍ਰੋਮਣੀ ਕਮੇਟੀ ਤੇ ਸਮਾਜਸੇਵੀ ਸੰਸਥਾਵਾਂ ਲੋਕਾਂ ਦੀ ਬਾਂਹ ਨਾ ਫੜਦੀਆਂ ਤਾਂ ਸ਼ਾਇਦ ਹੁਣ ਤੱਕ ਭੁੱਖ ਨਾਲ ਹੀ ਕਈ ਲੋਕਾਂ ਦੀ ਮੌਤ ਹੋ ਜਾਣੀ ਸੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਦਾ ਮਸਲਾ ਹੋਵੇ ਜਾਂ ਫਿਰ ਉਨ੍ਹਾਂ ਦੀ ਭੁੱਖ ਮਿਟਾਉਣ ਦਾ ਕੈਪਟਨ ਸਰਕਾਰ ਹਰ ਮੋਰਚੇ ’ਤੇ ਬੁਰੀ ਤਰ੍ਹਾਂ ਨਾਲ ਫੈਲ ਸਾਬਤ ਹੋਈ ਹੈ। ਉਨ੍ਹਾਂ ਨੇ ਅਖੀਰ ’ਚ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਹਦਾਇਤਾਂ ਅਨੁਸਾਰ ਪਾਰਟੀ ਦੇ ਜੁਝਾਰੂ ਆਗੂ ਅਤੇ ਵਰਕਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਦੀ ਸੇਵਾ ’ਚ ਜੁੱਟੇ ਹੋਏ ਹਨ ਅਤੇ ਲੋਕਾਂ ਦੇ ਘਰਾਂ ’ਚ ਰਾਸ਼ਣ ਪਹੁੰਚਾ ਰਹੇ ਹਨ।
ਜਲੰਧਰ: ਪਰਿਵਾਰ ਦੀ ਮੌਜੂਦਗੀ 'ਚ ਹੋਇਆ ਕੋਰੋਨਾ ਪੀੜਤ ਦਾ ਸਸਕਾਰ, 43 ਲੋਕਾਂ ਦੀ ਹੋਈ ਸੈਂਪਲਿੰਗ
NEXT STORY