ਚੰਡੀਗੜ੍ਹ (ਭੁੱਲਰ) - ਕੈਪਟਨ ਸਰਕਾਰ ਦਾ ਦੂਜਾ ਬਜਟ ਅੱਜ 24 ਮਾਰਚ ਨੂੰ ਵਿਧਾਨਸਭਾ ਸੈਸ਼ਨ ਦੌਰਾਨ ਪੇਸ਼ ਹੋਵੇਗਾ। ਰਾਜ ਦੀ ਵਿੱਤੀ ਹਾਲਤ ਦੇ ਮੱਦੇਨਜ਼ਰ ਸਾਰਿਆਂ ਦੀਆਂ ਨਜ਼ਰਾਂ ਇਸ ਬਜਟ 'ਤੇ ਲੱਗੀਆਂ ਹੋਈਆਂ ਹਨ। ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ 2018-19 ਲਈ ਪੇਸ਼ ਕੀਤੇ ਜਾਣ ਵਾਲੇ ਬਜਟ ਦੇ ਪ੍ਰਸਤਾਵ ਨੂੰ ਪਿਛਲੇ ਦਿਨੀਂ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਇਨ੍ਹਾਂ ਨੂੰ ਸੈਸ਼ਨ ਵਿਚ ਪੇਸ਼ ਕਰਨ ਦੀ ਮਨਜ਼ੂਰੀ ਮੰਤਰੀ ਮੰਡਲ ਪਹਿਲਾਂ ਹੀ ਦੇ ਚੁੱਕਿਆ ਹੈ। ਬੇਸ਼ੱਕ ਬਜਟ ਪ੍ਰਸਤਾਵ ਪੂਰੀ ਤਰ੍ਹਾਂ ਗੁਪਤ ਹੁੰਦੇ ਹਨ ਪਰ ਸੰਕੇਤ ਮਿਲੇ ਹਨ ਕਿ ਸੂਬੇ ਦੀ ਆਰਥਿਕ ਹਾਲਤ 'ਚ ਸੁਧਾਰ ਲਈ ਕੁੱਝ ਨਵੇਂ ਟੈਕਸ ਲਾਏ ਜਾ ਸਕਦੇ ਹਨ।
ਇਸ ਬਜਟ 'ਚ ਜ਼ਿਆਦਾ ਰਾਹਤਾਂ ਦੀ ਉਮੀਦ ਵਿਖਾਈ ਨਹੀਂ ਦੇ ਰਹੀ ਪਰ ਸੂਬਾ ਸਰਕਾਰ ਕਿਸਾਨਾਂ ਦੀ ਕਰਜ਼ਾ ਮੁਆਫੀ ਲਈ ਰੱਖੀ ਜਾਣ ਵਾਲੀ ਰਾਸ਼ੀ ਪਿਛਲੇ ਸਾਲ ਦੇ ਮੁਕਾਬਲੇ ਵਧਾ ਸਕਦੀ ਹੈ। ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਨਵੇਂ ਪੇਸ਼ ਕੀਤੇ ਜਾਣ ਵਾਲੇ ਬਜਟ ਬਾਰੇ ਕਹਿਣਾ ਹੈ ਕਿ ਇਹ ਸੂਬੇ ਦੀ ਵਿੱਤੀ ਹਾਲਤ ਨੂੰ ਮਜ਼ਬੂਤ ਕਰਨ ਅਤੇ ਬੇਰੁਜ਼ਗਾਰੀ ਖਤਮ ਕਰਨ ਲਈ ਨੌਜਵਾਨਾਂ ਨੂੰ ਰੁਜ਼ਗਾਰ ਦੇ ਜ਼ਿਆਦਾ ਮੌਕੇ ਪੈਦਾ ਕਰਨ ਵਾਲਾ ਹੋਵੇਗਾ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਵਿੱਤੀ ਘਾਟਾ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘੱਟ ਹੋਵੇਗਾ ਅਤੇ ਅਗਲੇ 3 ਸਾਲਾਂ ਦੌਰਾਨ ਇਹ ਘਾਟਾ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਪਣੇ 5 ਸਾਲਾਂ ਦੇ ਕਾਰਜਕਾਲ ਦੌਰਾਨ ਸਰਕਾਰ ਚੋਣਾਂ 'ਚ ਕੀਤੇ ਗਏ ਸਾਰੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ ਪਰ ਪਹਿਲਾ ਟੀਚਾ ਸੂਬੇ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਨਵੇਂ ਸਰੋਤ ਪੈਦਾ ਕਰਨਾ ਹੈ।
ਕਾਂਗਰਸ ਦੇ ਨਸ਼ਿਆਂ ਖਿਲਾਫ ਸਹੁੰ ਚੁੱਕ ਸਮਾਗਮ 'ਚ ਹੋਇਆ ਭਾਜਪਾ ਦਾ 'ਪ੍ਰਚਾਰ'
NEXT STORY