ਜਲੰਧਰ (ਧਵਨ) - ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵਲੋਂ ਲੜੀ ਜਾ ਰਹੀ ਜੰਗ ਵਿਚ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਦਾ ਸਹਿਯੋਗ ਮੰਗਿਆ ਹੈ। ਇਨ੍ਹਾਂ ਤਿੰਨਾਂ ਸੂਬਿਆਂ ਦੇ ਮੁਖ ਮੰਤਰੀਆਂ ਨੂੰ ਕੈਪਟਨ ਨੇ ਅੱਜ ਚਿੱਠੀ ਲਿਖੀ ਹੈ। ਕਲ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਪੁਲਸ, ਜੋ ਕਿ ਕੇਂਦਰੀ ਗ੍ਰਹਿ ਮੰਤਰਾਲਾ ਦੇ ਤਹਿਤ ਆਉਂਦੀ ਹੈ, ਨੂੰ ਵੀ ਸਹਿਯੋਗ ਦੀ ਉਮੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਨੂੰ ਖਤਮ ਕਰਨ ਲਈ ਸਾਰੇ ਗੁਆਂਢੀ ਸੂਬਿਆਂ ਦਾ ਸਹਿਯੋਗ ਵੀ ਜ਼ਰੂਰੀ ਹੈ। ਚਿੱਠੀ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਨਸ਼ੇ ਵਾਲੇ ਪਦਾਰਥਾਂ ਦੀ ਖੇਤੀ ਅਤੇ ਸਮੱਗਲਿੰਗ 'ਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੈ ਤਾਂ ਜੋ ਨਸ਼ਾ ਸਮੱਗਲਰਾਂ ਨੂੰ ਇਸ ਉਤਰੀ ਖੇਤਰ ਵਿਚ ਕਿਸੇ ਵੀ ਸੂਬੇ ਵਿਚ ਸਰਪ੍ਰਸਤੀ ਨਾ ਮਿਲ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਭੇਜੀਆਂ ਵੱਖ-ਵੱਖ ਚਿੱਠੀਆਂ ਵਿਚ ਪੰਜਾਬ 'ਚ ਚੱਲ ਰਹੀ ਨਸ਼ਿਆਂ ਦੀ ਸਮੱਸਿਆ ਤੋਂ ਉਨ੍ਹਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਉਹ ਆਪਣੇ ਸੂਬਿਆਂ ਵਿਚ ਨਸ਼ਾ ਸਮੱਗਲਰਾਂ ਨੂੰ ਬਿਲਕੁਲ ਸ਼ਰਨ ਨਾ ਲੈਣ ਦੇਣ ਕਿਉਂਕਿ ਪੰਜਾਬ ਵਿਚ ਸਰਕਾਰ ਦੇ ਨਿਰਦੇਸ਼ਾਂ 'ਤੇ ਪੰਜਾਬ ਪੁਲਸ ਵਲੋਂ ਕੀਤੀ ਗਈ ਸਖਤੀ ਤੋਂ ਬਾਅਦ ਨਸ਼ਾ ਸਮੱਗਲਰ ਪੰਜਾਬ ਛੱਡ ਕੇ ਦੌੜ ਗਏ ਹਨ। ਗੁਆਂਢੀ ਸੂਬੇ ਇਹ ਗੱਲ ਯਕੀਨੀ ਬਣਾਉਣ ਦੀ ਇਹ ਨਸ਼ਾ ਸਮੱਗਲਰ ਉਨ੍ਹਾਂ ਦੇ ਸੂਬਿਆਂ ਵਿਚ ਸ਼ਰਨ ਨਾ ਲੈਣ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਦਾ ਬਚਾਅ ਕਰਨਾ ਹੈ, ਜੋ ਨਸ਼ਿਆਂ ਦੇ ਚੁੰਗਲ ਵਿਚ ਫਸੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਨੌਜਵਾਨਾਂ ਨੂੰ ਨਸ਼ਿਆਂ ਦਾ ਆਦੀ ਨਹੀਂ ਬਣਨ ਦੇਣਗੇ।
ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ ਇਨਫੋਰਸਮੈਂਟ ਏਜੰਸੀਆਂ, ਜਿਸ ਵਿਚ ਪੁਲਸ ਵੀ ਸ਼ਾਮਲ ਹੈ, ਦੇ ਖਿਲਾਫ ਆਪਣੇ-ਆਪਣੇ ਖੇਤਰਾਂ ਵਿਚ ਜੰਗ ਛੇੜਨ ਲਈ ਕਹਿਣ ਅਤੇ ਨਾਲ ਹੀ ਸੰਬੰਧਤ ਸੂਬਿਆਂ ਦੀ ਪੁਲਸ ਪੰਜਾਬ ਪੁਲਸ ਨਾਲ ਮਿਲ ਕੇ ਸਾਂਝੇ ਤੌਰ 'ਤੇ ਨਸ਼ਿਆਂ 'ਤੇ ਰੋਕ ਲਾਏ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਭਾਰਤ ਸਰਕਾਰ 'ਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਉਹ ਨਸ਼ਿਆਂ 'ਤੇ ਰੋਕ ਲਈ ਇਕ ਰਾਸ਼ਟਰੀ ਡਰੱਗ ਨੀਤੀ ਲੈ ਕੇ ਆਉਣ। ਪੰਜਾਬ ਪੁਲਸ ਕੋਲ ਨਸ਼ਾ ਸਮੱਗਲਰਾਂ ਨੂੰ ਲੈ ਕੇ ਕਾਫੀ ਇੰਟੈਲੀਜੈਂਸ ਰਿਪੋਰਟਾਂ ਹਨ, ਜੋ ਗੁਆਂਢੀ ਸੂਬਿਆਂ ਦੀ ਪੁਲਸ ਨਾਲ ਸਾਂਝੀ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਇਸ ਲਈ ਕੌਮਾਂਤਰੀ ਸਰਹੱਦ 'ਤੇ ਵੀ ਚੌਕਸੀ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਸੂਬਿਆਂ ਵਿਚ ਨਸ਼ੇ ਵਾਲੇ ਪਦਾਰਥਾਂ ਦੀ ਖੇਤੀ ਹੁੰਦੀ ਹੈ, ਜਿਸ 'ਤੇ ਰੋਕ ਲਾਉੁਣੀ ਚਾਹੀਦੀ ਹੈ ਕਿਉਂਕਿ ਇਹ ਨਸ਼ੇ ਵਾਲੇ ਪਦਾਰਥ ਪੰਜਾਬ ਭੇਜੇ ਜਾਂਦੇ ਹਨ।
ਨਸ਼ਾ ਸਮੱਗਲਰਾਂ ਲਈ ਦਿੱਲੀ ਸੁਰੱਖਿਆ ਸਥਾਨ ਬਣਿਆ
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਦਿੱਲੀ ਵਿਚ ਵੀ ਨਸ਼ਾ ਸਮੱਗਲਰ ਹੁਣ ਸ਼ਰਨ ਲੈ ਰਹੇ ਹਨ ਅਤੇ ਦਿੱਲੀ ਨੂੰ ਉਹ ਆਪਣੇ ਲਈ ਸੁਰੱਖਿਅਤ ਮੰਨ ਕੇ ਚੱਲ ਰਹੇ ਹਨ। ਦਿੱਲੀ ਕੇਂਦਰੀ ਜੇਲ ਮੰਤਰਾਲਾ ਦੇ ਸਿੱਧੇ ਕੰਟਰੋਲ ਵਿਚ ਆਉੁਂਦੀ ਹੈ, ਇਸ ਲਈ ਗ੍ਰਹਿ ਮੰਤਰਾਲਾ ਨੂੰ ਇਹ ਮਾਮਲਾ ਦਿੱਲੀ ਪੁਲਸ ਦੇ ਸਾਹਮਣੇ ਉਠਾਉਂਦਿਆਂ ਉਸ ਨੂੰ ਨਸ਼ਾ ਸਮੱਗਲਰਾਂ ਦੀਆਂ ਸਰਗਰਮੀਆਂ 'ਤੇ ਪੂਰੀ ਤਰ੍ਹਾਂ ਲਗਾਮ ਲਾਉਣ ਦੇ ਨਿਰਦੇਸ਼ ਦੇਣੇ ਚਾਹੀਦੇ ਹਨ। Àੁਨ੍ਹਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਕਿਹਾ ਕਿ ਦਿੱਲੀ ਪੁਲਸ ਨੂੰ ਵੀ ਪੰਜਾਬ ਪੁਲਸ ਅਤੇ ਹੋਰ ਸੂਬਿਆਂ ਦੀ ਪੁਲਸ ਨਾਲ ਸਹਿਯੋਗ ਕਰਨਾ ਚਾਹੀਦਾ ਹੈ।
ਨਸ਼ਿਆਂ 'ਤੇ ਬਣੀ ਆਈ. ਪੀ. ਐੱਸ. ਅਧਿਕਾਰੀ ਦੀ ਦਸਤਾਵੇਜ਼ੀ ਫਿਲਮ ਰਿਲੀਜ਼ ਕੀਤੀ
ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਆਈ. ਪੀ. ਐੱਸ. ਅਧਿਕਾਰੀ ਡਾ. ਜਤਿੰਦਰ ਜੈਨ, ਜੋ ਕਿ ਏ. ਡੀ. ਜੀ. ਪੀ. (ਐੱਸ. ਓ. ਜੀ. ਟ੍ਰੇਨਿੰਗ) ਹਨ, ਦੀ ਨਸ਼ਿਆਂ 'ਤੇ ਆਧਾਰਤ ਦਸਤਾਵੇਜ਼ੀ ਫਿਲਮ 'ਜਾਗੋ ਤਬ ਸਵੇਰਾ' ਨੂੰ ਅੱਜ ਰਿਲੀਜ਼ ਕੀਤਾ। ਇਸ ਦਸਤਾਵੇਜ਼ੀ ਫਿਲਮ ਵਿਚ ਦੱਸਿਆ ਗਿਆ ਹੈ ਕਿ ਨਸ਼ਿਆਂ ਕਾਰਨ ਵਿਅਕਤੀ ਕਿਸ ਦੌਰ ਵਿਚੋਂ ਲੰਘਦਾ ਹੈ ਤੇ ਨਾਲ ਹੀ ਉਸ ਦਾ ਪਰਿਵਾਰਕ ਜੀਵਨ ਸਿਹਤ ਅਤੇ ਮਾਲੀ ਹਾਲਤ 'ਤੇ ਵੀ ਪ੍ਰਭਾਵ ਪੈਂਦਾ ਹੈ। ਡਾ. ਜੈਨ ਵਲੋਂ ਲਿਖੇ ਭਾਵਨਾਤਮਕ ਗੀਤ ਨਾਲ ਇਕ ਮਜ਼ਬੂਤ ਸੰਦੇਸ਼ ਨਸ਼ਿਆਂ 'ਤੇ ਰੋਕ ਲਾਉਣ ਲਈ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਹਰੇਕ ਵਿਅਕਤੀ ਦਾ ਸਹਿਯੋਗ ਜ਼ਰੂਰੀ ਹੈ। ਡਾ. ਜੈਨ ਹੁਣ ਤਕ ਨਸ਼ਿਆਂ 'ਤੇ ਰੋਕ ਲਾਉਣ ਲਈ 10 ਦਸਤਾਵੇਜ਼ੀ ਫਿਲਮਾਂ ਬਣਾ ਚੁੱਕੇ ਹਨ ਤੇ ਨਾਲ ਹੀ ਉਨ੍ਹਾਂ ਇਸ ਸਬੰਧੀ ਕਈ ਪੁਸਤਕਾਂ ਵੀ ਲਿਖੀਆਂ ਹਨ।
ਸਾਬਕਾ ਕੌਂਸਲਰ ਸਮੇਤ ਅੌਰਤਾਂ ਨੇ ਕੀਤਾ ਪ੍ਰਸ਼ਾਸਨ ਵਿਰੁੱਧ ਰੋਸ ਮੁਜ਼ਾਹਰਾ
NEXT STORY