ਜਲੰਧਰ/ਚੰਡੀਗੜ੍ਹ,(ਧਵਨ, ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ 2 ਸਿੱਖ ਰੈਜੀਮੈਂਟ ਦੇ ਅਧਿਕਾਰੀਆਂ ਅਤੇ ਜਵਾਨਾਂ ਨਾਲ ਰੂ-ਬ-ਰੂ ਹੋਏ ਅਤੇ 2 ਸਿੱਖ ਰੈਜੀਮੈਂਟ ਦੇ ਨਾਲ ਆਪਣੇ ਪਰਿਵਾਰਿਕ ਸਬੰਧਾਂ ਨੂੰ ਯਾਦ ਕੀਤਾ। ਮੁੱਖ ਮੰਤਰੀ ਜਦੋਂ 2 ਸਿੱਖ ਰੈਜੀਮੈਂਟ ਨੂੰ ਸਮਰਪਿਤ ਇਕ ਬਹਾਦਰੀ ਦੇ ਕਿੱਸੇ ਨੂੰ ਚਿੱਤਰਣ ਕਰਨ ਵਾਲੇ ਕਮਰੇ 'ਚ ਗਏ ਤਾਂ ਉਨ੍ਹਾਂ ਕਿਹਾ ਕਿ ਇਸ ਦੀਆਂ ਕੰਧਾਂ ਬਹਾਦਰੀ ਦੀ ਗਾਥਾ ਗਾ ਰਹੀਆਂ ਹਨ। ਕੈਪਟਨ ਦੇ ਪਰਿਵਾਰ ਦੇ 2 ਸਿੱਖ ਰੈਜੀਮੈਂਟ ਦੇ ਨਾਲ 3 ਪੀੜ੍ਹੀਆਂ ਤੋਂ ਸਬੰਧ ਚੱਲੇ ਆ ਰਹੇ ਹਨ। ਮੁੱਖ ਮੰਤਰੀ ਦੇ ਪਿੰਡ ਸਿਸਵਾਨ (ਮੋਹਾਲੀ) ਸਥਿਤ ਫਾਰਮ ਹਾਊਸ ਦੇ ਕਮਰੇ ਨੂੰ ਅਸਲ 'ਚ ਇਕ ਛੋਟੇ ਮਿਊਜ਼ੀਅਮ ਦਾ ਰੂਪ ਦਿੱਤਾ ਗਿਆ ਹੈ। ਇਹ ਕਮਰਾ ਸਿੱਖ ਰੈਜੀਮੈਂਟ ਦੀ ਬਹਾਦਰੀ ਨੂੰ ਦਰਸਾ ਰਿਹਾ ਹੈ। ਇਸ ਕਮਰੇ 'ਚ ਲੱਗੀਆਂ ਤਸਵੀਰਾਂ ਕੈਪਟਨ, ਉਨ੍ਹਾਂ ਦੇ ਪਿਤਾ ਅਤੇ ਉਨ੍ਹਾਂ ਦੇ ਦਾਦਾ ਦੀਆਂ ਯਾਦਾਂ ਨੂੰ ਵੀ ਤਾਜ਼ਾ ਕਰ ਰਹੀਆਂ ਹਨ। ਕਮਰੇ 'ਚ 2 ਸਿੱਖ ਰੈਜੀਮੈਂਟ ਨਾਲ ਸਬੰਧਤ 10 ਵੀਰ ਚੱਕਰ ਅਤੇ 2 ਪਰਮਵੀਰ ਚੱਕਰ ਜੇਤੂਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਥਾਨਕ ਕਲਾਕਾਰ ਕੁਲਦੀਪ ਨੇ ਤਿਆਰ ਕੀਤਾ ਹੈ। ਪੂਰੇ ਕਮਰੇ ਨੂੰ ਰੈਜੀਮੈਂਟ ਦੇ ਇਤਿਹਾਸ ਨਾਲ ਜੋੜਿਆ ਗਿਆ ਹੈ। ਇਹ ਕਮਰਾ ਅਸਲ 'ਚ ਫੌਜੀਆਂ ਦੇ ਬੁਲੰਦ ਨਾਅਰੇ, 'ਨਿਸ਼ਚੈ ਕਰ ਆਪਣੀ ਜੀਤ ਕਰੋ' ਨੂੰ ਦਰਸਾ ਰਿਹਾ ਹੈ। ਮੁੱਖ ਮੰਤਰੀ ਨੇ 2 ਸਿੱਖ ਰੈਜੀਮੈਂਟ ਦੇ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਰਾਤ ਦੇ ਖਾਣੇ 'ਤੇ ਸੱਦਿਆ, ਜਿਨ੍ਹਾਂ ਨੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਮੁੱਖ ਮੰਤਰੀ ਨਾਲ ਸਾਂਝਾ ਕੀਤਾ। ਇਸ ਮੌਕੇ ਕਰਨਲ ਕੇ. ਐੱਸ. ਚਿੱਬ, ਕਰਨਲ ਸੁਖਵਿੰਦਰ ਸਿੰਘ, ਲੈਫਟੀਨੈਂਟ ਜਨਰਲ ਏ. ਕੇ. ਸ਼ਰਮਾ, ਲੈਫਟੀਨੈਂਟ ਜਨਰਲ ਆਰ. ਐੱਸ. ਸੁਜਲਾਨਾ ਵੀ ਮੌਜੂਦ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਫਸਲੀ ਵੰਨ-ਸੁਵੰਨਤਾ ਲਈ ਵਿਸ਼ਵ ਬੈਂਕ ਤੋਂ ਮੰਗੀ ਮਦਦ
NEXT STORY