ਜਲੰਧਰ,(ਧਵਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲਾਲਾਬਾਦ ਵਿਧਾਨ ਸਭਾ ਸੀਟ ਦੀ 21 ਅਕਤੂਬਰ ਨੂੰ ਹੋ ਰਹੀ ਜ਼ਿਮਨੀ ਚੋਣ 'ਚ ਆਪਣੀ ਪੂਰੀ ਤਾਕਤ ਲਾ ਦਿੱਤੀ ਹੈ ਤੇ ਹੁਣ ਉਨ੍ਹਾਂ ਨੇ ਆਪਣੇ ਪੁੱਤਰ ਰਣਇੰਦਰ ਸਿੰਘ ਨੂੰ ਜਲਾਲਾਬਾਦ ਵਿਧਾਨ ਸਭਾ ਇਲਾਕੇ 'ਚ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਹੁਣ ਤੱਕ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਕੈਬਨਿਟ ਮੰਤਰੀਆਂ ਵੱਲੋਂ ਜਲਾਲਾਬਾਦ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਸਿੰਘ ਆਵਲਾ ਦੇ ਪੱਖ 'ਚ ਚੋਣ ਮੁਹਿੰਮ ਚਲਾਈ ਜਾ ਰਹੀ ਸੀ ਪਰ ਪਿਛਲੇ ਦੋ ਦਿਨਾਂ ਤੋਂ ਰਣਇੰਦਰ ਸਿੰਘ ਨੇ ਖ਼ੁਦ ਚੋਣ ਮੀਟਿੰਗਾਂ 'ਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ। ਰਣਇੰਦਰ ਸਿੰਘ ਨੇ ਚੋਣ ਮੀਟਿੰਗਾਂ 'ਚ ਕਾਂਗਰਸੀ ਕਾਰਕੁੰਨਾਂ ਦਾ ਹੌਸਲਾ ਉੱਚਾ ਚੁੱਕਣ ਲਈ ਕਿਹਾ ਕਿ ਇਸ ਜ਼ਿਮਨੀ ਚੋਣ ਨਾਲ ਆਉਣ ਵਾਲੇ ਸਮੇਂ 'ਚ ਰਾਜ ਦੀ ਸਿਆਸਤ 'ਚ ਜ਼ਬਰਦਸਤ ਰੱਦੋ-ਬਦਲ ਹੋਵੇਗੀ।
ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਜਨਤਾ ਨੇ ਪਹਿਲਾਂ ਹੀ ਅਕਾਲੀ ਦਲ ਨੂੰ ਭਾਂਜ ਦੇ ਕੇ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਹੁਣ ਜਲਾਲਾਬਾਦ ਤੇ ਤਿੰਨ ਹੋਰਨਾਂ ਸੀਟਾਂ ਦੀਆਂ ਜ਼ਿਮਨੀ ਚੋਣਾਂ 'ਚ ਜਨਤਾ ਅਕਾਲੀ ਦਲ ਤੇ ਭਾਜਪਾ ਗਠਜੋੜ ਨੂੰ ਮੁੜ ਹਰਾ ਕੇ ਸਿਆਸਤ ਤੋਂ ਅਲਵਿਦਾ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਜਲਾਲਾਬਾਦ ਵਿਧਾਨ ਸਭਾ ਖੇਤਰ ਦੇ ਵਿਕਾਸ ਦੇ ਮੁੱਦੇ ਨੂੰ ਲੈ ਕੇ ਚੋਣ ਲੜ ਰਹੀ ਹੈ। ਰਾਜ 'ਚ 10 ਸਾਲਾਂ ਤੱਕ ਰਹੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਦੇ ਅਹਿਦ 'ਚ ਜਲਾਲਾਬਾਦ ਵਿਧਾਨ ਸਭਾ ਹਲਕ਼ੇ 'ਚ ਵਿਕਾਸ ਦਾ ਕੰਮ ਠੱਪ ਹੋ ਕੇ ਰਹਿ ਗਿਆ ਸੀ। ਉਨ੍ਹਾਂ ਕਿਹਾ ਿਕ ਜਲਾਲਾਬਾਦ ਹਲਕੇ ਦਾ ਦੌਰਾ ਕਰਨ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਭਾਵੇਂ ਇਸ ਸੀਟ ਦੀ ਨੁਮਾਇੰਦਗੀ ਸੁਖਬੀਰ ਬਾਦਲ ਕਰਦੇ ਰਹੇ ਹਨ ਪਰ ਫਿਰ ਵੀ ਵਿਕਾਸ ਦੇ ਨਜ਼ਰੀਏ ਤੋਂ ਇਹ ਹਲਕਾ ਕਾਫੀ ਪੱਛੜਿਆ ਰਹਿ ਗਿਆ ਹੈ। ਰਣਇੰਦਰ ਸਿੰਘ ਦੇ ਜਲਾਲਾਬਾਦ ਚੋਣ ਹਲਕੇ 'ਚ ਕੁੱਦਣ ਨਾਲ ਉਨ੍ਹਾਂ ਨੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਨੂੰ ਵੀ ਕਾਂਗਰਸ ਉਮੀਦਵਾਰ ਰਮਿੰਦਰ ਆਵਲਾ ਦੇ ਪੱਖ 'ਚ ਪੂਰੀ ਤਰ੍ਹਾਂ ਨਾਲ ਸਰਗਰਮ ਕਰ ਦਿੱਤਾ ਹੈ ਅਤੇ ਨਾਲ ਹੀ ਹੋਰਨਾਂ ਕਾਂਗਰਸੀ ਆਗੂਆਂ ਨੂੰ ਚੋਣ ਜਲਸਿਆਂ ਲਈ ਫ਼ੁਰਤੀਲੀ ਸ਼ਮੂਲੀਅਤ ਲਈ ਪ੍ਰੇਰਿਤ ਕਰ ਦਿੱਤਾ ਹੈ।
ਰਣਇੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਨਿਗਰਾਨੀ 'ਚ ਜਲਾਲਾਬਾਦ ਵਿਧਾਨ ਸਭਾ ਹਲਕੇ ਦਾ ਵਿਕਾਸ ਕਰਵਾਉਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੇ ਆਵਲਾ ਨੂੰ ਟਿਕਟ ਦੁਆਈ ਹੈ। ਉਨ੍ਹਾਂ ਕਿਹਾ ਿਕ ਲੋਕ ਕਾਂਗਰਸੀ ਉਮੀਦਵਾਰ ਨੂੰ ਕਾਮਯਾਬ ਕਰ ਕੇ ਵਿਧਾਨ ਸਭਾ 'ਚ ਭੇਜਣਗੇ ਅਤੇ ਉਸ ਪਿੱਛੋਂ ਲੋਕਾਂ ਨੂੰ ਮਹਿਸੂਸ ਹੋਵੇਗਾ ਕਿ ਕਾਂਗਰਸ ਸਰਕਾਰ ਨੇ ਕਿਸ ਪ੍ਰਕਾਰ ਜਲਾਲਾਬਾਦ ਇਲਾਕੇ ਦਾ ਵਿਕਾਸ ਕਰਾਇਆ ਹੈ। ਜਲਾਲਾਬਾਦ ਵਿਧਾਨ ਸਭਾ ਹਲਕੇ ਨਾਲ ਸਬੰਧਤ ਸਭਨਾਂ ਵਿਕਾਸ ਪ੍ਰਾਜੈਕਟਾਂ ਨੂੰ ਮੁੱਖ ਮੰਤਰੀ ਵੱਲੋਂ ਚੋਣਾਂ ਮੁਕੰਮਲ ਹੋਣ ਤੋਂ ਮਗਰੋਂ ਮਨਜ਼ੂਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਕੋਲ ਕੋਈ ਚੋਣ ਮੁੱਦਾ ਨਹੀਂ ਹੈ ਅਤੇ ਦੂਜੀਆਂ ਪਾਰਟੀਆਂ ਵੀ ਚੋਣ ਮੈਦਾਨ 'ਚੋਂ ਗ਼ਾਇਬ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅੱਗੇ ਲਿਜਾਣ ਲਈ ਜ਼ਰੂਰੀ ਹੈ ਕਿ ਰਾਜ 'ਚ ਕਾਂਗਰਸ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਕਿਉਂਿਕ ਅਕਾਲੀਆਂ ਦੇ ਸਮੇਂ ਤਾਂ ਪੰਜਾਬ ਨਸ਼ਿਆਂ ਦੇ ਸ਼ਿਕੰਜੇ 'ਚ ਫਸ ਕੇ ਰਹਿ ਗਿਆ ਸੀ। ਮੁੱਖ ਮੰਤਰੀ ਦੀ ਸਖ਼ਤੀ ਦੇ ਕਾਰਣ ਵੱਡੇ ਨਸ਼ਾ ਕਾਰੋਬਾਰੀ ਪੰਜਾਬ ਛੱਡ ਕੇ ਭੱਜ ਖੜ੍ਹੇ ਹੋਏ ਹਨ।
ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ ਪਤੀ-ਪਤਨੀ ਦੀ ਮੌਤ
NEXT STORY