ਜਲੰਧਰ,(ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਕੋਲੋਂ ਕੋਰੋਨਾ ਵਾਇਰਸ ਕਾਰਣ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਤੁਰੰਤ ਦਖਲ ਦੇਣ ਦੀ ਮੰਗ ਕਰਦਿਆਂ ਜੀ. ਐੱਸ. ਟੀ. ਬਕਾਏ ਦੀ 2088 ਕਰੋੜ ਦੀ ਰਕਮ ਤੁਰੰਤ ਰਿਲੀਜ਼ ਕਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਨਾਲ ਹੀ ਉਦਯੋਗਿਕ ਤੇ ਖੇਤੀ ਫਸਲ ਕਰਜ਼ਿਆਂ ਦੀਆਂ ਕਿਸ਼ਤਾਂ ਨੂੰ ਮੁਲਤਵੀ ਕਰਨ ਦਾ ਮਾਮਲਾ ਵੀ ਉਠਾਇਆ ਗਿਆ ਹੈ। ਮੁੱਖ ਮੰਤਰੀ ਨੇ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਇਕ ਚਿੱਠੀ ਵੀ ਲਿਖੀ, ਜਿਸ ਵਿਚ ਕੋਰੋਨਾ ਵਾਇਰਸ ਨਾਲ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਤੁਰੰਤ ਹੋਰ ਕੇਂਦਰੀ ਸਹਾਇਤਾ ਦੀ ਮੰਗ ਕੀਤੀ ਹੈ। ਕੇਂਦਰੀ ਵਿੱਤ ਮੰਤਰੀ ਨੇ ਅੱਜ ਮੁੱਖ ਮੰਤਰੀ ਨੂੰ ਫੋਨ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਹਿਮ ਪ੍ਰਸਤਾਵਾਂ ਸਬੰਧੀ ਵਿਸਥਾਰ ਨਾਲ ਚਿੱਠੀ ਵੀ ਭੇਜੀ ਗਈ।
ਮੁੱਖ ਮੰਤਰੀ ਨੇ ਸੀਤਾਰਮਨ ਨੂੰ ਦੱਸਿਆ ਕਿ ਬੈਂਕਾਂ ਨੂੰ ਰੋਜ਼ਾਨਾ ਖੋਲ੍ਹਣ ਲਈ ਉਨ੍ਹਾਂ ਸੂਬੇ ਦੇ ਵਿੱਤ ਵਿਭਾਗ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਆਮ ਲੋਕਾਂ ਦੀਆਂ ਬੈਂਕਿੰਗ ਸਬੰਧੀ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਜੀ. ਐੱਸ. ਟੀ. ਦੀ ਨੁਕਸਾਨ ਪੁਰਤੀ ਦਾ ਬਕਾਇਆ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ। ਚਿੱਠੀ ਵਿਚ ਮੁੱਖ ਮੰਤਰੀ ਨੇ ਪ੍ਰਸਤਾਵ ਦਿੱਤਾ ਕਿ ਕੇਂਦਰ ਭਾਰਤੀ ਰਿਜ਼ਰਵ ਬੈਂਕ ਨੂੰ ਕਹੇ ਕਿ ਉਹ ਸਾਰੇ ਸੂਬਿਆਂ ਨੂੰ ਮੌਜੂਦਾ ਹਾਲਾਤ ਨਾਲ ਨਜਿੱਠਣ ਲਈ ਐਡਵਾਂਸ ਵਿਚ ਵਿੱਤੀ ਵਸੀਲੇ ਉਪਲੱਬਧ ਕਰਵਾਏ। ਉਨ੍ਹਾਂ ਭਾਰਤ ਸਰਕਾਰ ਨੂੰ ਕਿਹਾ ਕਿ ਸੂਬਿਆਂ ਦੀ ਉਧਾਰ ਲੈਣ ਦੀ ਹੱਦ ਨੂੰ ਐੱਫ. ਆਰ. ਬੀ. ਐੱਮ. ਐਕਟ ਦੇ ਤਹਿਤ 3 ਤੋਂ ਵਧਾ ਕੇ 4 ਫੀਸਦੀ ਕੀਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਸੂਬਾ ਸਹਿਕਾਰੀ ਬੈਂਕਾਂ ਨੂੰ ਕਿਸਾਨਾਂ ਤੋਂ ਕਰਜ਼ਿਆਂ ਦੀ ਵਸੂਲੀ ਮੁਲਤਵੀ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ 'ਤੇ ਅਮਲ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਘੱਟ ਤੋਂ ਘੱਟ ਵਪਾਰਕ ਬੈਂਕਾਂ ਨੂੰ 3 ਮਹੀਨਿਆਂ ਤੱਕ ਕਿਸਾਨਾਂ ਤੋਂ ਕਿਸ਼ਤਾਂ ਤੇ ਵਿਆਜ ਦੀ ਵਸੂਲੀ ਰੋਕਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਸਿਹਤ ਸਬੰਧੀ ਮੁੱਢਲਾ ਢਾਂਚਾ ਬਣਾਉਣ ਲਈ 300 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਦਿੱਤੀ ਜਾਵੇ। ਮਨਰੇਗਾ ਦੇ ਤਹਿਤ ਮੁੱਖ ਮੰਤਰੀ ਨੇ ਕਿਹਾ ਕਿ ਮਜ਼ਦੂਰਾਂ ਨੂੰ 3 ਮਹੀਨੇ ਲਈ ਬੇਰੋਜ਼ਗਾਰੀ ਭੱਤਾ ਦਿੱਤਾ ਜਾਣਾ ਚਾਹੀਦਾ ਹੈ। ਹਰ ਮਹੀਨੇ 15 ਦਿਨਾਂ ਦਾ ਬੇਰੋਜ਼ਗਾਰੀ ਭੱਤਾ ਇਨ੍ਹਾਂ ਕਰਮਚਾਰੀਆਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਰਾਸ਼ਟਰੀ ਪੱਧਰ 'ਤੇ ਲਾਕਡਾਊਨ ਦੇ ਹਾਲਾਤ ਚੱਲ ਰਹੇ ਹਨ।
ਸ਼੍ਰੋਮਣੀ ਕਮੇਟੀ ਨੇ ਕਰਫਿਊ ਦੌਰਾਨ ਫਸੇ ਲੋਕਾਂ ਨੂੰ ਘਰ ਭੇਜਣ ਦਾ ਕੀਤਾ ਪ੍ਰਬੰਧ
NEXT STORY