ਹਠੂਰ, (ਭੱਟੀ)— ਕੋਰੋਨਾ ਵਾਇਰਸ ਸਬੰਧੀ ਸੋਸ਼ਲ ਮੀਡੀਆ 'ਤੇ 2 ਨੌਜਵਾਨਾਂ ਵਲੋਂ ਝੂਠੀ ਖ਼ਬਰ ਵਾਇਰਲ ਕਰਨ 'ਤੇ ਸਥਾਨਕ ਪੁਲਸ ਥਾਣਾ ਹਠੂਰ ਵਿਖੇ ਮਾਮਲਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਥਾਣਾ ਹਠੂਰ ਦੇ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ 28 ਮਾਰਚ ਵਾਲੇ ਦਿਨ ਪਿੰਡ ਲੰਮਾ ਜੱਟਪੁਰਾ ਦੇ ਰਾਜਿੰਦਰ ਕੁਮਾਰ (55) ਪੁੱਤਰ ਅਮਰ ਚੰਦ ਦੀ ਅਚਾਨਕ ਹਾਰਟ ਅਟੈਕ ਕਾਰਣ ਮੌਤ ਹੋ ਗਈ ਸੀ ਅਤੇ ਮ੍ਰਿਤਕ ਰਾਜਿੰਦਰ ਕੁਮਾਰ ਦੀ ਪਤਨੀ ਸੁਨੀਤਾ ਰਾਣੀ, ਲੜਕੇ ਰਮਨਦੀਪ ਗੋਇਲ, ਭਰਾ ਅਸ਼ੋਕ ਗੋਇਲ ਅਤੇ ਪਿੰਡ ਦੇ ਹੋਰ ਮੋਹਤਬਰਾਂ ਨੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ।
ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਦੱਸਣ ਮੁਤਾਬਕ ਮ੍ਰਿਤਕ ਰਾਜਿੰਦਰ ਕੁਮਾਰ ਨੂੰ ਕੋਈ ਖਾਂਸੀ, ਨਜ਼ਲਾ, ਜ਼ੁਕਾਮ ਜਾਂ ਬੁਖਾਰ ਵਗੈਰਾ ਨਹੀਂ ਸੀ ਅਤੇ ਨਾ ਹੀ ਉਹ ਕਦੇ ਵਿਦੇਸ਼ ਗਿਆ ਸੀ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਉਸਦੇ ਪੇਟ 'ਚ ਜਲਣ ਅਤੇ ਦਰਦ ਹੋਇਆ ਅਤੇ ਉਸ ਨੇ ਕੋਈ ਦਵਾਈ ਨਹੀਂ ਲਈ, ਜਦਕਿ ਆਰਾਮ ਕਰਨ ਲਈ ਮੰਜੇ 'ਤੇ ਪੈ ਗਿਆ ਅਤੇ ਕਰੀਬ ਇਕ ਘੰਟੇ ਬਾਅਦ ਉਸਦੀ ਮੌਤ ਹੋ ਚੁੱਕੀ ਸੀ।
ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜਿੰਦਰ ਕੁਮਾਰ ਦੀ ਮੌਤ ਨੂੰ ਲੈ ਕੇ ਦਵਿੰਦਰ ਜੈਨ ਅਤੇ ਉਸਦੇ ਸਾਥੀ ਸੰਜੀਵ ਕੁਮਾਰ ਗੋਇਲ ਨੇ ਰਾਜਿੰਦਰ ਕੁਮਾਰ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਣ ਬਾਰੇ ਝੂਠੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ, ਜਿਸ ਨਾਲ ਪਿੰਡ ਲੰਮਾ ਜੱਟਪੁਰਾ ਅਤੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਖ਼ਬਰ ਪੜਤਾਲ ਕਰਨ 'ਤੇ ਝੂਠੀ ਪਾਈ ਗਈ ਅਤੇ ਝੂਠੀ ਖ਼ਬਰ ਵਾਇਰਲ ਕਰਨ 'ਤੇ ਦਵਿੰਦਰ ਜੈਨ ਅਤੇ ਸੰਜੀਵ ਗੋਇਲ 'ਤੇ ਥਾਣਾ ਹਠੂਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਕੋਰੋਨਾ ਤੋਂ ਵੀ ਭਿਆਨਕ ਸਨ ਇਹ ਵਾਇਰਸ, ਮੌਤ ਦੀ ਦਰ ਸੀ ਕਈ ਗੁਣਾ ਵੱਧ
NEXT STORY