ਹੁਸ਼ਿਆਰਪੁਰ (ਰਾਕੇਸ਼)-ਬੁੱਲ੍ਹੋਵਾਲ ਥਾਣੇ ਦੀ ਪੁਲਸ ਨੇ ਟਰੈਕਟਰ ਨਾਲ ਸਟੰਟ ਕਰਨ ਦੇ ਦੋਸ਼ ਵਿਚ ਲਗਭਗ 25 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਸਬ-ਇੰਸਪੈਕਟਰ ਮਨਿੰਦਰ ਸਿੰਘ ਮੁੱਖ ਥਾਣਾ ਅਧਿਕਾਰੀ ਬੁੱਲ੍ਹੋਵਾਲ ਸਮੇਤ ਸਾਥੀ ਮੁਲਾਜ਼ਮਾਂ ਗੁਰਦੁਆਰਾ ਡੇਰਾ ਬਾਬਾ ਜਵਾਹਰ ਦਾਸ ਪਿੰਡ ਸੂਸਾਂ ਵਿਖੇ ਮੇਲਾ ਡਿਊਟੀ ’ਤੇ ਮੌਜੂਦ ਸਨ।
ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗੁਰਦੁਆਰਾ ਬਾਬਾ ਜਵਾਹਰ ਦਾਸ ਜੀ ਦੇ ਗੇਟ ਨੰਬਰ 1 ਪਿੰਡ ਸੂਸਾਂ ਵਾਲੀ ਸਾਈਡ ’ਤੇ ਖੇਤਾਂ ਵਿਚ ਲੱਗੇ ਝੂਲਿਆਂ ਦੇ ਪਿੱਛੇ ਖੇਤਾਂ ਿਵਚ 20-25 ਅਣਪਛਾਤੇ ਟਰੈਕਟਰ ਚਾਲਕਾਂ ਵੱਲੋਂ ਨੌਜਵਾਨਾਂ ਨੂੰ ਵੱਡੀ ਗਿਣਤੀ ਵਿਚ ਇਕੱਠੇ ਕਰ ਕੇ ਟਰੈਕਟਰ ਨਾਲ ਸਟੰਟ ਕੀਤਾ ਜਾ ਰਿਹਾ ਹੈ। ਇਸ ’ਤੇ ਉਹ ਮੌਕੇ 'ਤੇ ਪਹੁੰਚੇ ਤਾਂ 20-25 ਟਰੈਕਟਰ ਚਾਲਕਾਂ ਵੱਲੋਂ ਆਪਣੇ ਟਰੈਕਟਰਾਂ ਨਾਲ ਖੇਤ ਵਿਚ ਸਟੰਟ ਕੀਤਾ ਜਾ ਰਹੇ ਸਨ। ਪੁਲਿਸ ਪਾਰਟੀ ਨੂੰ ਦੇਖ ਕੇ ਟਰੈਕਟਰ ਚਾਲਕ ਆਪਣੇ ਟਰੈਕਟਰਾਂ ਸਮੇਤ ਮੌਕੇ ਤੋਂ ਭੱਜਣ ਲੱਗੇ।
ਸਬ-ਇੰਸਪੈਕਟਰ ਨੇ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਟਰੈਕਟਰ ਚਾਲਕਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਸ ਪਾਰਟੀ ਨਾਲ ਉਲਝ ਪਏ ਅਤੇ ਇਕ ਟਰੈਕਟਰ ਮਾਰਕਾ ਹਾਲੈਂਡ ਦੇ ਜਿਸ ’ਤੇ 3-4 ਵਿਅਕਤੀ ਬੈਠੇ ਸਨ, ਦੇ ਚਾਲਕ ਨੇ ਆਪਣੇ ਟਰੈਕਟਰ ਨੂੰ ਬੜੀ ਤੇਜ਼ੀ ਨਾਲ ਭਜਾ ਕੇ ਪੁਲਸ ਪਾਰਟੀ ਨੂੰ ਮਾਰਨ ਦੇ ਇਰਾਦੇ ਨਾਲ ਉਨ੍ਹਾਂ ਉਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਟਰੈਕਟਰ 'ਤੇ ਬੈਠੇ ਨੌਜਵਾਨ ਟਰੈਕਟਰ ਚਾਲਕ ਨੂੰ ਕਹਿ ਰਹੇ ਸਨ ਕਿ ਉਹ ਨਾ ਰੁਕੇ ਅਤੇ ਟਰੈਕਟਰ ਉਨ੍ਹਾਂ ਉੱਤੇ ਚੜ੍ਹਾ ਦੇਵੇ, ਬਾਕੀ ਸਭ ਦੇਖਿਆ ਜਾਵੇਗਾ।
ਸਬ-ਇੰਸਪੈਕਟਰ ਅਤੇ ਬਾਕੀ ਪੁਲਸ ਪਾਰਟੀ ਨੇ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ। ਉਕਤ ਟਰੈਕਟਰ ਚਾਲਕਾਂ ਵੱਲੋਂ ਵਾਰ-ਵਾਰ ਖ਼ਤਰਨਾਕ ਢੰਗ ਨਾਲ ਕੀਤੇ ਜਾ ਰਹੇ ਸਟੰਟਾਂ ਕਾਰਨ ਆਮ ਲੋਕਾਂ ਦੀ ਜਾਨ ਨੂੰ ਨੂੰ ਵੀ ਖ਼ਤਰੇ ਵਿਚ ਪਾ ਦਿੱਤਾ।
ਜਲੰਧਰ ਦੇ ਮੋਨਿਕਾ ਟਾਵਰ 'ਚ ਲੱਗ ਗਈ ਭਿਆਨਕ ਅੱਗ
NEXT STORY