ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦੇ ਬਾਅਦ ਤੋਂ ਕੈਪਟਨ ਅਮਰਿੰਦਰ ਸਿੰਘ ਸੁਰਖੀਆਂ ਵਿਚ ਛਾਏ ਹੋਏ ਹਨ। ਮੁੱਖ ਮੰਤਰੀ ਅਹੁਦਾ ਚਾਹੇ ਖੁੱਸ ਗਿਆ ਹੈ ਪਰ ਉਹ ਹਾਲੇ ਵੀ ਸ਼ਾਹੀ ਅੰਦਾਜ਼ ਵਿਚ ਸੂਬੇ ਦੀ ਰਾਜਨੀਤੀ ਵਿਚ ਆਪਣੀ ਅਹਿਮੀਅਤ ਬਣਾ ਕੇ ਰੱਖ ਰਹੇ ਹਨ। ਕਾਂਗਰਸ ਹਾਈਕਮਾਨ ਪ੍ਰਤੀ ਤਾਂ ਉਨ੍ਹਾਂ ਦੇ ਤੇਵਰ ਸਖ਼ਤ ਹਨ ਹੀ, ਸੱਤਾ ਦੇ 6 ਮਹੀਨੇ ਰਹਿੰਦੇ ਉਨ੍ਹਾਂ ਨੂੰ ਬਰਤਰਫ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਉਹ ਕਿਸੇ ਸੂਰਤ ਵਿਚ ਬਖਸ਼ਣ ਦੇ ਮੂਡ ਵਿਚ ਨਹੀਂ ਹਨ। ਉਨ੍ਹਾਂ ਦੇ ਇਸ ਹਮਲਾਵਰ ਰੁਖ਼ ਨੂੰ ਵੇਖਦੇ ਹੋਏ ਜਿੱਥੇ ਕਾਂਗਰਸ ਵਿਚ ਖਲਬਲੀ ਮੱਚੀ ਹੈ ਉਥੇ ਹੀ ਵਿਰੋਧੀ ਪਾਰਟੀ ਖੁਸ਼ ਹੈ। ਕੈਪਟਨ ਪ੍ਰਤੀ ਪਾਰਟੀ ਨੇਤਾਵਾਂ ਦੇ ਵਿਰੋਧ , ਮੁੱਖ ਮੰਤਰੀ ਅਹੁਦਾ ਜਾਣ ਤੋਂ ਬਾਅਦ ਬਣੇ ਹਾਲਾਤ ਅਤੇ ਉਨ੍ਹਾਂ ਦੀ ਭਵਿੱਖ ਦੀ ਰਾਜਨੀਤੀ ’ਤੇ ਉਨ੍ਹਾਂ ਨਾਲ ਗੱਲਬਾਤ ਕੀਤੀ ‘ਜਗ ਬਾਣੀ’ ਦੇ ਹਰੀਸ਼ਚੰਦਰ ਨੇ।
ਇਹ ਵੀ ਪੜ੍ਹੋ- ਕੈਪਟਨ ਦਾ ਸਿੱਧੂ 'ਤੇ ਹਮਲਾ, ਕਿਹਾ- ਡਰਾਮਾ ਮਾਸਟਰ ਨੂੰ ਨਹੀਂ ਬਣਨ ਦਿਆਂਗਾ CM
ਪੇਸ਼ ਹਨ ਪ੍ਰਮੁੱਖ ਅੰਸ਼ :
-ਤੁਹਾਡੀ ਪਾਰਟੀ ਦੇ ਕਈ ਨੇਤਾ ਦੋਸ਼ ਲਾ ਰਹੇ ਸਨ ਕਿ ਤੁਸੀਂ ਡਰੱਗ ਕੇਸ ਵਿਚ ਮਜੀਠੀਆ ਅਤੇ ਬੇਅਦਬੀ ਮਾਮਲੇ ਵਿਚ ਬਾਦਲਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ?
-ਉਹ ਚਾਹੁੰਦੇ ਹਨ ਕਿ ਮੈਂ ਮਜੀਠੀਆ ਨੂੰ ਅੰਦਰ ਕਰਾਂ, ਮੈਂ ਕਿਵੇਂ ਕਰ ਦੇਵਾਂ ਜਾਂ ਬਹਿਬਲਕਲਾਂ, ਕੋਟਕਪੂਰਾ, ਬਰਗਾੜੀ ’ਤੇ ਬਾਦਲਾਂ ਨੂੰ ਅੰਦਰ ਕਰ ਦੇਵਾਂ, ਕਾਨੂੰਨ ਨਾਂ ਦੀ ਵੀ ਕੋਈ ਚੀਜ਼ ਹੈ, ਮੈਂ ਕਾਨੂੰਨ ਮੁਤਾਬਕ ਕੰਮ ਕਰ ਰਿਹਾ ਸੀ। ਖੈਰ, ਹੁਣ ਉਨ੍ਹਾਂ ਦੀ ਸਰਕਾਰ ਹੈ। ਫੜ ਲਓ ਬਾਦਲ ਨੂੰ, ਫੜ ਲਓ ਮਜੀਠੇ ਨੂੰ, ਕੌਣ ਰੋਕ ਰਿਹਾ, ਤੁਹਾਡੀ ਸਰਕਾਰ ਬਣਗੀ ਹੈ। (ਹੁਣ ਤਾਂ ਉਨ੍ਹਾਂ ਦੀ ਸਰਕਾਰ ਹੈ, ਉਨ੍ਹਾਂ ਨੂੰ ਕੌਣ ਰੋਕ ਰਿਹਾ ਹੈ। ਜਾਓ ਅਤੇ ਬਾਦਲਾਂ ਅਤੇ ਮਜੀਠੀਏ ਨੂੰ ਕਰ ਦਿਓ ਅੰਦਰ) ਕੱਲ੍ਹ ਅੰਮ੍ਰਿਤਸਰ ਵਿਚ ਪੁੱਛਿਆ ਸੀ ਚੰਨੀ ਤੋਂ ਕਿ ਬਾਦਲਾਂ ਦਾ ਹੁਣ ਕੀ ਕਰਨਗੇ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਤਾਂ ਸਾਡੇ ਭਰਾ ਹਨ, ਫੜ ਲਓ ਭਰਾ ਨੂੰ ਜਾ ਕੇ। ਬਹਿਬਲਕਲਾਂ, ਕੋਟਕਪੂਰਾ, ਬਰਗਾੜੀ ਜਵਾਹਰਕੇ ਮਾਮਲੇ ਵਿਚ 4 ਵੱਖ-ਵੱਖ ਐੱਸ. ਆਈ. ਟੀ. ਕੰਮ ਕਰ ਰਹੀਆਂ ਹਨ। 19 ਲੋਕ ਗ੍ਰਿਫਤਾਰ ਕੀਤੇ, ਜੋ ਹੁਣ ਜ਼ਮਾਨਤ ’ਤੇ ਬਾਹਰ ਹਨ। ਡਰੱਗਜ਼ ਦੀ ਸਮੱਗਲਿੰਗ ਵਿਚ 66000 ਅਰੈਸਟ ਕੀਤੇ, 42000 ਹਾਲੇ ਵੀ ਜੇਲ੍ਹਾਂ ਵਿਚ ਹਨ। 5 ਕਿੰਗਪਿਨ ਵਿਦੇਸ਼ ਤੋਂ ਫੜ੍ਹ ਕੇ ਲਿਆਂਦੇ। ਉਨ੍ਹਾਂ ਨੂੰ ਅਸੀਂ ਕੇਂਦਰ ਦੀ ਮਦਦ ਤੋਂ ਬਿਨਾਂ ਤਾਂ ਨਹੀਂ ਲਿਆ ਸਕਦੇ ਸੀ। ਹੁਣ ਕੁਝ ਲੋਕ ਕਹਿ ਰਹੇ ਹਨ ਕਿ ਮੈਂ ਕੇਂਦਰ ਨਾਲ ਜਾ ਕੇ ਮਿਲਦਾ ਸੀ ਪਰ ਕੇਂਦਰ ਦੀ ਮਦਦ ਤੋਂ ਬਿਨਾਂ ਕਿਹੜਾ ਸੂਬਾ ਕੰਮ ਕਰ ਸਕਦਾ ਹੈ।
ਇਹ ਵੀ ਪੜ੍ਹੋ- 'ਆਪ' ਨੇ ਸਾਰੇ ਜ਼ਿਲ੍ਹਿਆਂ 'ਚ ਵਪਾਰ ਮੰਡਲ ਦੇ ਅਹੁਦੇਦਾਰ ਐਲਾਨੇ
-ਸੁਖਜਿੰਦਰ ਰੰਧਾਵਾ ਦਾ ਕਹਿਣਾ ਹੈ ਕਿ ਜਿਵੇਂ ਪ੍ਰਤਾਪ ਬਾਜਵਾ ਨੂੰ ਹਟਾ ਕੇ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਸੀ ਤਾਂ ਹੁਣ ਜੇਕਰ ਬਦਲਾਅ ਦੀ ਮੰਗ ਉੱਠੀ ਸੀ ਤਾਂ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਸੀ
-ਚੰਗਾ, ਤਾਂ ਕੱਲ ਰੰਧਾਵਾ ਕਿਉਂ ਲੜਿਆ ਸੀ ਸਿੱਧੂ ਨਾਲ। ਰੰਧਾਵਾ ਹੋਮ ਮਨਿਸਟਰ ਬਣਨਾ ਚਾਹੁੰਦਾ ਸੀ ਪਰ ਸਿੱਧੂ ਕਹਿੰਦਾ ਕਿ ਉਹ ਉਸ ਨੂੰ ਗ੍ਰਹਿ ਵਿਭਾਗ ਨਹੀਂ ਲੈਣ ਦੇਵੇਗਾ। ਸਿੱਧੂ ਕੌਣ ਹੈ, ਇਹ ਫੈਸਲਾ ਕਰਨ ਵਾਲਾ। ਜੇ ਰੰਧਾਵਾ ਚਾਹੁੰਦਾ ਹੈ ਤਾਂ ਬਤੌਰ ਮੁੱਖ ਮੰਤਰੀ ਇਹ ਚੰਨੀ ਨੇ ਫੈਸਲਾ ਕਰਨਾ ਹੈ ਕਿ ਕਿਸ ਨੂੰ ਕਿਹੜਾ ਵਿਭਾਗ ਦੇਣਾ ਹੈ।
-ਤੁਸੀਂ ਕਿਹਾ ਸੀ ਕਿ ਮੁੱਖ ਮੰਤਰੀ ਅਹੁਦੇ ’ਤੇ ਸਿੱਧੂ ਸਵੀਕਾਰ ਨਹੀਂ, ਹਾਈਕਮਾਨ ਨੇ ਤੁਹਾਡੀ ਗੱਲ ਮੰਨੀ ਜੋ ਚੰਨੀ ਨੂੰ ਲੈ ਆਏ?
-ਮੈਂ ਇਹ ਨਹੀਂ ਕਹਾਂਗਾ ਪਰ ਚੰਨੀ ਵਧੀਆ ਇਨਸਾਨ ਹਨ। ਉਹ ਸਿੱਧੂ ਤੋਂ 100 ਗੁਣਾ ਬਿਹਤਰ ਹਨ। ਪਿਛਲੇ ਸਾਢੇ 4 ਸਾਲਾਂ ਵਿਚ ਮੈਂ ਇੱਕ ਮੰਤਰੀ ਡਰਾਪ ਕੀਤਾ ਆਪਣੀ ਕੈਬਨਿਟ ਤੋਂ ਅਤੇ ਉਹ ਸਿੱਧੂ ਸੀ। ਕਾਰਨ, ਉਹ ਅਯੋਗ ਮੰਤਰੀ ਸਾਬਿਤ ਹੋਇਆ। ਉਸ ਦੇ ਸਥਾਨਕ ਸਰਕਾਰਾਂ ਵਿਭਾਗ ਵਿਚ 7 ਮਹੀਨਿਆਂ ਤਕ ਫਾਈਲਾਂ ਪਈਆਂ ਰਹੀਆਂ ਬਿਨਾਂ ਨਿਪਟਾਰੇ। ਜਦੋਂਕਿ ਉਹ ਸਾਡੇ ਲਈ ਬਹੁਤ ਅਹਿਮ ਵਿਭਾਗ ਸੀ, ਸ਼ਹਿਰਾਂ ਦਾ ਵਿਕਾਸ ਉਸ ਤਹਿਤ ਆਉਂਦਾ ਹੈ। ਇਸ ਲਈ ਮੈਨੂੰ ਸਿੱਧੂ ਨੂੰ ਕੱਢ ਕੇ ਬ੍ਰਹਮ ਮਹਿੰਦਰਾ ਨੂੰ ਇਹ ਵਿਭਾਗ ਦੇਣਾ ਪਿਆ। ਬਾਕੀ ਮੰਤਰੀ ਕਿਉਂ ਠੀਕ ਚੱਲੇ ਅਤੇ ਇਕੱਲਾ ਸਿੱਧੂ ਕਿਉਂ ਨਹੀਂ, ਕਿਉਂਕਿ ਉਸਦੀ ਸਮਰੱਥਾ ਨਹੀਂ ਹੈ। ਹੁਣ ਉਹ ਇੱਕ ਵਿਭਾਗ ਤਾਂ ਚਲਾ ਨਹੀਂ ਸਕਿਆ, ਪੂਰਾ ਪੰਜਾਬ ਕਿਵੇਂ ਚਲਾਏਗਾ ?
ਉਹ ਬੋਲਦਾ ਵਧੀਆ ਹੈ, ਲੋਕ ਇਕੱਠੇ ਕਰ ਲੈਂਦਾ ਹੈ, ਕੁਝ ਕ੍ਰਿਕਟ ਦਾ ਸਟਾਂਸ ਵਿਖਾ ਦੇਵੇਗਾ, ਜਿਵੇਂ ਜੋਕਰ ਕਰਦੇ ਹੈ। ਭੀੜ ਇਕੱਠੀ ਕਰ ਲਵੇਗਾ ਪਰ ਸਿੱਧੂ ਵੋਟ ਨਹੀਂ ਪੁਆ ਸਕਦਾ।
'ਆਪ' ਨੇ ਸਾਰੇ ਜ਼ਿਲ੍ਹਿਆਂ 'ਚ ਵਪਾਰ ਮੰਡਲ ਦੇ ਅਹੁਦੇਦਾਰ ਐਲਾਨੇ
NEXT STORY