ਲੁਧਿਆਣਾ (ਸਲੂਜਾ) : ਜ਼ਿਲ੍ਹਾ ਲੁਧਿਆਣਾ ’ਚ ਬੀਤੇ ਦਿਨ ਲੰਪੀ ਸਕਿਨ ਬੀਮਾਰੀ ਨਾਲ 28 ਪਸ਼ੂਆਂ ਦੀ ਮੌਤ ਹੋ ਗਈ। ਹੁਣ ਤੱਕ ਇਸ ਬੀਮਾਰੀ ਨਾਲ 53 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਣ ਵਿਭਾਗ ਲੁਧਿਆਣਾ ਦੇ ਡਿਪਟੀ ਡਾਇਰੈਕਟਰ ਪਰਮਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਲੰਪੀ ਸਕਿਨ ਬੀਮਾਰੀ ਤੋਂ ਪੀੜਤ ਪਸ਼ੂਆ ਦੇ 689 ਨਵੇਂ ਮਾਮਲੇ ਸਾਹਮਣੇ ਆਏ ਹਨ। ਲੁਧਿਆਣਾ ’ਚ ਗੋਟ ਪੌਕਸ ਵੈਕਸੀਨ ਦੀਆਂ 16,000 ਡੋਜ਼ ਪੁੱਜ ਚੁੱਕੀਆਂ ਹਨ, ਜੋ ਪੀੜਤ ਪਸ਼ੂਆਂ ਨੂੰ ਬਿਲਕੁਲ ਮੁਫ਼ਤ ਲਗਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਆਈ ਵੈਕਸੀਨ ਦੀਆਂ 5500 ਡੋਜ਼ ਪਸ਼ੂਆਂ ਨੂੰ ਲਗਾ ਦਿੱਤੀਆਂ ਗਈਆਂ ਹਨ। ਵਾਲੀਆ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਲਗਾਤਾਰ ਜ਼ਿਲ੍ਹਾ ਲੁਧਿਆਣਾ ਦੇ ਪਿੰਡਾਂ ’ਚ ਜਾ ਕੇ ਖ਼ਾਸ ਤੌਰ ’ਤੇ ਪਸ਼ੂ ਪਾਲਕਾਂ ਨੂੰ ਇਸ ਬੀਮਾਰੀ ਤੋਂ ਬਚਾਅ ਲਈ ਜਾਗਰੂਕ ਕਰ ਰਹੀਆਂ ਹਨ।
ਗਡਵਾਸੂ ਯੂਨੀਵਰਸਿਟੀ ਨੇ ਕੀਤੀ ਐਡਵਾਈਜ਼ਰੀ ਜਾਰੀ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (ਗਡਵਾਸੂ) ਨੇ ਲੰਪੀ ਸਕਿਨ ਬੀਮਾਰੀ ਸਬੰਧੀ ਪਸ਼ੂ ਪਾਲਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਕੋਈ ਵੀ ਸਲਾਹ ਜਾਂ ਜਾਣਕਾਰੀ ਲੈਣ ਲਈ ਪਸ਼ੂ ਪਾਲਕ 62832-97919, 62832-58834 ’ਤੇ ਸੰਪਰਕ ਕਰ ਸਕਦਾ ਹੈ। ਯੂਨੀਵਰਸਿਟੀ ਦੇ ਮੈਡੀਸਨ ਵਿਭਾਗ ਦੇ ਡਾ. ਅਸ਼ਵਨੀ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਬੀਮਾਰੀ ਜ਼ਿਆਦਾਤਰ ਗਰਮ ਅਤੇ ਹੁੰਮਸ ਵਾਲੇ ਮੌਸਮ ’ਚ ਹੁੰਦੀ ਹੈ। ਇਸ ਬੀਮਾਰੀ ਤੋਂ ਗ੍ਰਸਤ ਪਸ਼ੂ ਨੂੰ 2 ਤੋਂ 3 ਦਿਨ ਤੱਕ ਹਲਕਾ ਬੁਖ਼ਾਰ ਹੁੰਦਾ ਹੈ ਅਤੇ ਪੂਰੇ ਸਰੀਰ ਦੀ ਚਮੜੀ ’ਤੇ 2 ਤੋਂ 5 ਸੈਂਟੀਮੀਟਰ ਦੀਆਂ ਸਖ਼ਤ ਗੰਢਾਂ ਉੱਪਰ ਆਉਂਦੀਆਂ ਹਨ।
ਇਨ੍ਹਾਂ ਗੰਢਾਂ ’ਚੋਂ ਦੁਧੀਆ ਪੀਲੀ ਪੀਕ ਨਿਕਲਦੀ ਹੈ ਜਾਂ ਫਿਰ ਚਮੜੀ ਗਲ ਜਾਂਦੀ ਹੈ ਅਤੇ ਇਨਫੈਕਸ਼ਨ ਹੋ ਜਾਂਦੀ ਹੈ। ਪਸ਼ੂ ਨੂੰ ਤਕਲੀਫ਼ ਹੁੰਦੀ ਹੈ ਅਤੇ ਪਸ਼ੂ ਬਹੁਤ ਕਮਜ਼ੋਰ ਹੋ ਜਾਂਦਾ ਹੈ। ਪਸ਼ੂ ਦਾ ਮੂੰਹ, ਸਾਹ ਨਲੀ, ਮੇਹਦਾ ਅਤੇ ਪ੍ਰਜਨਣ ਅੰਗਾਂ ’ਚ ਜ਼ਖਮ, ਕਮਜ਼ੋਰੀ, ਸੋਜ, ਲੱਤਾਂ ’ਚ ਪਾਣੀ ਭਰਨਾ, ਦੁੱਧ 'ਚ ਕਮੀ, ਬੱਚਾ ਡਿੱਗਣਾ, ਪਸ਼ੂ ਦਾ ਬਾਂਝ ਹੋਣਾ ਅਤੇ ਕਿਸੇ-ਕਿਸੇ ਪਸ਼ੂ ਦੀ ਮੌਤ ਵੀ ਹੋ ਸਕਦੀ ਹੈ। ਬੀਮਾਰੀ ਕੰਟਰੋਲ ਅਧੀਨ ਹੈ। ਪਸ਼ੂ ਦੋ ਤੋਂ ਤਿੰਨ ਹਫ਼ਤੇ ਵਿਚ ਠੀਕ ਵੀ ਹੋ ਜਾਂਦਾ ਹੈ ਪਰ ਦੁੱਧ ਦੀ ਪੈਦਾਵਾਰ ਕਾਫੀ ਸਮੇਂ ਤੱਕ ਘੱਟ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਗੋਟ ਪੌਕਸ ਵੈਕਸੀਨ ਨਾਲ ਪੀੜਤ ਪਸ਼ੂਆਂ ਦਾ ਬਚਾਅ ਕੀਤਾ ਜਾ ਸਕਦਾ ਹੈ। ਵੈਕਸੀਨ ਕਰਨ ਦੇ ਸਮੇਂ ਹਰ ਪਸ਼ੂ ਲਈ ਨਵੀਂ ਸੂਈ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਪਾਲਕ ਮੇਲੇ, ਮੰਡੀਆਂ ਅਤੇ ਪਸ਼ੂ ਮੁਕਾਬਲਿਆਂ ’ਚ ਪਸ਼ੂਆਂ ਨੂੰ ਲੈ ਕੇ ਜਾਣ ਤੋਂ ਪਰਹੇਜ਼ ਕਰਨ।
ਭਿਆਨਕ ਹਾਦਸੇ ਨੇ ਖੋਹ ਲਈਆਂ ਖ਼ੁਸ਼ੀਆਂ, ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
NEXT STORY