ਲੁਧਿਆਣਾ (ਰਾਜ)- ਮਹਾਨਗਰ ਵਿਚ ਚੋਰੀ ਅਤੇ ਲੁੱਟ ਦੀਆਂ ਵਧਦੀਆਂ ਵਾਰਦਾਤਾਂ ਦੌਰਾਨ ਸ਼ਾਤਰ ਚੋਰਾਂ ਨੇ ਤਾਜਪੁਰ ਰੋਡ ਸਥਿਤ ਦਸਮੇਸ਼ ਡੇਅਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਡੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਸਿਰਫ ਢਾਈ ਮਿੰਟ ਅੰਦਰ ਸਾਢੇ 13 ਲੱਖ ਰੁਪਏ ਦੀ ਨਕਦੀ ’ਤੇ ਹੱਥ ਸਾਫ ਕਰ ਲਿਆ। ਪੂਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ, ਜਿਸ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਚੋਰ ਤਕਰੀਬਨ 2 ਮਿੰਟ 26 ਸੈਕਿੰਡ ਵਿਚ ਹੀ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਵੀ ਹੋ ਗਏ।
ਥਾਣਾ ਡਵੀਜ਼ਨ ਨੰ. 7 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਸਵੇਰੇ ਕਰੀਬ ਸਵਾ 4 ਵਜੇ ਕਾਰ ਸਵਾਰ ਤਿੰਨ ਤੋਂ ਚਾਰ ਨੌਜਵਾਨ ਤਾਜਪੁਰ ਰੋਡ ਸਥਿਤ ਦਸਮੇਸ਼ ਡੇਅਰੀ ਦੇ ਬਾਹਰ ਆ ਕੇ ਰੁਕੇ। ਪਹਿਲਾਂ ਉਨ੍ਹਾਂ ਨੇ ਦੁਕਾਨ ਦਾ ਛੋਟਾ ਸ਼ਟਰ ਤੋੜਨ ਦਾ ਯਤਨ ਕੀਤਾ ਪਰ ਅਸਫਲ ਹੋਣ ’ਤੇ ਵੱਡੇ ਸ਼ਟਰ ਨੂੰ ਹੀ ਪੁੱਟ ਦਿੱਤਾ।
ਇਸ ਤੋਂ ਬਾਅਦ 3 ਮੁਲਜ਼ਮ ਬਾਹਰ ਖੜ੍ਹੇ ਹੋ ਕੇ ਰੇਕੀ ਕਰਦੇ ਰਹੇ, ਜਦੋਂਕਿ ਇਕ ਮੁਲਜ਼ਮ ਦੁਕਾਨ ਦੇ ਅੰਦਰ ਦਾਖਲ ਹੋ ਗਿਆ। ਅੰਦਰ ਰੱਖੇ ਗੱਲੇ ’ਚੋਂ ਨਕਦੀ ਕੱਢ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦਾ ਪਤਾ ਉਸ ਸਮੇਂ ਲੱਗਾ, ਜਦੋਂ ਕੁਝ ਦੇਰ ਬਾਅਦ ਦੁਕਾਨ ਮਾਲਕ ਅਮਨਜੋਤ ਸਿੰਘ ਦੁਕਾਨ ’ਤੇ ਪੁੱਜੇ। ਟੁੱਟੇ ਸ਼ਟਰ ਨੂੰ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਮੁਲਾਜ਼ਮਾਂ ਦੀ ਮਦਦ ਨਾਲ ਜਦੋਂ ਸ਼ਟਰ ਚੁੱਕਿਆ ਗਿਆ ਤਾਂ ਗੱਲਾ ਬਾਹਰ ਪਿਆ ਮਿਲਿਆ ਅਤੇ ਉਸ ਵਿਚ ਰੱਖੀ ਨਕਦੀ ਗਾਇਬ ਸੀ। ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰਨ ’ਤੇ ਪੂਰੀ ਚੋਰੀ ਦੀ ਵਾਰਦਾਤ ਕੈਮਰੇ ਵਿਚ ਕੈਦ ਮਿਲੀ।
ਅਮਨਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਰੋਜ਼ਾਨਾ ਸਵੇਰ ਕਰੀਬ ਪੌਣੇ 5 ਵਜੇ ਖੁੱਲ੍ਹ ਜਾਂਦੀ ਹੈ। ਸੀ. ਸੀ. ਟੀ. ਵੀ. ਫੁਟੇਜ ਮੁਤਾਬਕ ਮੁਲਜ਼ਮ ਸਵੇਰੇ 4.18 ਵਜੇ ਦੁਕਾਨ ਦੇ ਅੰਦਰ ਦਾਖਲ ਹੋਇਆ ਅਤੇ ਕੁਝ ਹੀ ਸੈਕਿੰਡ ਵਿਚ ਨਕਦੀ ਸਮੇਟ ਕੇ ਗੱਲਾ ਚੁੱਕ ਕੇ ਲੈ ਗਿਆ। ਕਰੀਬ 4.21 ਵਜੇ ਤੇ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਕਾਰ ਦਾ ਨੰਬਰ ਕੈਮਰੇ ਵਿਚ ਸਾਫ ਨਜ਼ਰ ਨਹੀਂ ਆ ਸਕਿਆ। ਹਾਲ ਦੀ ਘੜੀ ਪੁਲਸ ਨੇ ਫੁਟੇਜ ਕਬਜ਼ੇ ਵਿਚ ਲੈ ਲਈ ਹੈ ਅਤੇ ਆਸ-ਪਾਸ ਦੇ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
31 ਦਸੰਬਰ ਨੂੰ ਮੁੱਕ ਰਹੀ ਪੰਜਾਬ ਸਰਕਾਰ ਵੱਲੋਂ ਦਿੱਤੀ ਡੈੱਡਲਾਈਨ! ਮੁਲਾਜ਼ਮਾਂ ਨੂੰ ਸਖ਼ਤ ਹੁਕਮ ਜਾਰੀ
NEXT STORY