ਚੰਡੀਗੜ੍ਹ (ਪਾਲ): ਸੁਖਨਾ ਝੀਲ ਕਲੱਬ ਵਿਖੇ ਚੱਲ ਰਹੇ 9ਵੇਂ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਆਖ਼ਰੀ ਦਿਨ ਐਤਵਾਰ ਨੂੰ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਹੁਣ ਨਾ ਸਿਰਫ਼ ਇਕ ਜ਼ਮੀਨੀ ਸ਼ਕਤੀ ਹੈ ਸਗੋਂ ਇਕ ਸਮੁੰਦਰੀ ਸ਼ਕਤੀ ਵੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਭੂਗੋਲਿਕ ਸਥਿਤੀ ਇਸ ਨੂੰ ਹਿੰਦ ਮਹਾਸਾਗਰ ਖੇਤਰ ’ਚ ਇਕ ਨਿਰਣਾਇਕ ਭੂਮਿਕਾ ਦਿੰਦੀ ਹੈ। ਅਸੀਂ ਦੁਨੀਆ ਦੇ ਉਨ੍ਹਾਂ ਦੇਸ਼ਾਂ ’ਚੋਂ ਹਾਂ, ਜੋ ਹਮੇਸ਼ਾ ਮਦਦ ਲਈ ਅੱਗੇ ਆਉਣ ਵਾਲੇ ਸਭ ਤੋਂ ਪਹਿਲਾਂ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਭਾਰਤ ਦਾ ਭਵਿੱਖ ਸਮੁੰਦਰ ਨਾਲ ਜੁੜਿਆ ਹੋਇਆ ਹੈ ਕਿਉਂਕਿ ਪੱਛਮ ’ਚ ਅਫ਼ਗਾਨਿਸਤਾਨ ਵੱਲ ਵਿਸਥਾਰ ਸੀਮਤ ਹੈ ਤੇ ਉੱਤਰ ’ਚ ਚੀਨ ਅਤੇ ਪੂਰਬ ਵਿਚ ਮਿਆਂਮਾਰ ਨਾਲ ਸਥਿਤੀ ਸਾਨੂੰ ਜ਼ਮੀਨੀ ਸਰਹੱਦਾਂ ਅੰਦਰ ਬੰਨ੍ਹਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇਕ ਪ੍ਰਮੁੱਖ ਗਲੋਬਲ ਭਾਈਵਾਲ ਬਣਨ ਲਈ ਹਿੰਦ ਮਹਾਸਾਗਰ ਖੇਤਰ ਵਿਚ ਆਪਣੀ ਰਣਨੀਤਕ ਸਥਿਤੀ ਦੀ ਪੂਰੀ ਵਰਤੋਂ ਕਰਨੀ ਚਾਹੀਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 24,00,00,000 ਰੁਪਏ ਦਾ ਵੱਡਾ ਘਪਲਾ! DGGI ਨੇ ਗ੍ਰਿਫ਼ਤਾਰ ਕੀਤੇ 2 'ਵੱਡੇ ਬੰਦੇ'
ਉਨ੍ਹਾਂ ਕਿਹਾ ਕਿ ਅੱਜ ਦੁਨੀਆ ਦੇ ਤੇਲ ਵਪਾਰ ਦਾ ਲਗਭਗ 80 ਪ੍ਰਤੀਸ਼ਤ ਅਤੇ ਸਮੁੰਦਰੀ ਵਪਾਰ ਦਾ ਇਕ ਤਿਹਾਈ ਹਿੱਸਾ ਹਿੰਦ ਮਹਾਸਾਗਰ ’ਚੋਂ ਲੰਘਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਸਥਿਰ ਰਾਜਨੀਤਕ ਦ੍ਰਿਸ਼ ਤੇ ਮਜ਼ਬੂਤ ਫ਼ੌਜੀ ਸਮਰੱਥਾ ਨਾਲ ਦੁਨੀਆ ’ਚ ਸ਼ਕਤੀ ਦੇ ਸੰਤੁਲਨ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ। ਇਸ ਦੌਰਾਨ ਫੈਸਟੀਵਲ ਦੇ ਆਖ਼ਰੀ ਦਿਨ ਛੁੱਟੀ ਹੋਣ ਕਾਰਨ ਵੱਡੀ ਗਿਣਤੀ ’ਚ ਲੋਕ ਹਥਿਆਰਾਂ ਨੂੰ ਦੇਖਣ ਲਈ ਆਏ। ਸਵੇਰ ਤੋਂ ਹੀ ਭਾਰਤੀ ਫ਼ੌਜ ਦੇ ਆਧੁਨਿਕ ਹਥਿਆਰਾਂ ਤੇ ਉਪਕਰਨ ਦੇਖਣ ਲਈ ਭਾਰੀ ਭੀੜ ਇਕੱਠੀ ਹੋ ਗਈ। ਕਈਆਂ ਨੂੰ ਹਥਿਆਰਾਂ ਤੱਕ ਪਹੁੰਚਣ ਤੇ ਉਨ੍ਹਾਂ ਨੂੰ ਆਪਣੇ ਹੱਥਾਂ ’ਚ ਫੜਨ ਲਈ 15 ਮਿੰਟ ਤੱਕ ਇੰਤਜ਼ਾਰ ਕਰਨਾ ਪਿਆ ਪਰ ਇਸ ਨਾਲ ਉਤਸ਼ਾਹ ਘੱਟ ਨਹੀਂ ਹੋਇਆ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਭਾਰਤੀ ਫ਼ੌਜ ਦੀ ਤਾਕਤ ਨੂੰ ਨੇੜਿਓਂ ਦੇਖਣ ਲਈ ਹਰ ਕਿਸੇ ਦਾ ਉਤਸ਼ਾਹ ਦੇਖਣ ਯੋਗ ਸੀ।
ਇਹ ਫੈਸਟੀਵਲ ਪੰਜਾਬ ਸਰਕਾਰ, ਚੰਡੀਗੜ੍ਹ ਪ੍ਰਸ਼ਾਸਨ ਤੇ ਪੱਛਮੀ ਕਮਾਂਡ ਹੈੱਡਕੁਆਰਟਰ ਵੱਲੋਂ ਕਰਵਾਇਆ ਗਿਆ ਸੀ। ਕਰਨਲ ਉਰਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ ’ਚ ਰਾਸ਼ਟਰੀ ਸੇਵਾ ਦੀ ਭਾਵਨਾ ਨੂੰ ਜਗਾਉਂਦੇ ਹਨ ਤੇ ਉਨ੍ਹਾਂ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਦੇ ਹਨ। ਤਿੰਨ ਦਿਨਾਂ ਦੇ ਇਸ ਸਮਾਗਮ ਨੇ ਚੰਡੀਗੜ੍ਹ ਦੇ ਲੋਕਾਂ ’ਚ ਦੇਸ਼ ਭਗਤੀ, ਅਨੁਸ਼ਾਸਨ ਅਤੇ ਫ਼ੌਜੀ ਜੀਵਨ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।
ਪੰਜਾਬ 'ਚ ਸ਼ਾਰਪ ਸ਼ੂਟਰ ਦਾ ਐਨਕਾਊਂਟਰ! ਬੰਦ ਫਲੈਟਾਂ 'ਚ ਚੱਲੀਆਂ ਤਾੜ-ਤਾੜ ਗੋਲੀਆਂ
NEXT STORY