ਅੰਮ੍ਰਿਤਸਰ (ਸਰਬਜੀਤ)- ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਪੁਰਬ ਦੇ ਮੌਕੇ 'ਤੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਸੁੰਦਰ ਜਲੌਅ ਸਜਾਏ ਗਏ ਹਨ। ਇਸ ਦੌਰਾਨ ਸੰਗਤਾਂ ਗੁਰੂ ਘਰ ਦੇ ਤੋਸ਼ਾਖਾਨੇ ਦੀਆਂ ਬੇਸ਼ਕੀਮਤੀ ਤੇ ਇਤਿਹਾਸਕ ਵਸਤੂਆਂ ਅਤੇ ਸ਼ਸਤਰਾਂ ਦੇ ਦਰਸ਼ਨ ਕਰ ਰਹੀਆਂ ਹਨ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਣ ਲਈ ਪੁੱਜ ਰਹੀਆਂ ਹਨ। ਸ਼ਾਮ ਨੂੰ ਦੀਪਮਾਲਾ ਕੀਤੀ ਜਾਵੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਭਾਈ ਪ੍ਰੇਮ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੇ ਸਰਵਣ ਕਰਵਾਇਆ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ, 12 ਜੂਨ ਤੱਕ ਹੋ ਗਈ ਵੱਡੀ ਭਵਿੱਖਬਾਣੀ, ਅੱਜ ਇਨ੍ਹਾਂ ਜ਼ਿਲ੍ਹਿਆਂ 'ਚ...
ਜਥੇਦਾਰ ਗੜਗਜ ਨੇ ਦਿੱਤਾ ਸੰਦੇਸ਼
ਅਰਦਾਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਛੇਵੇਂ ਪਾਤਸ਼ਾਹ ਜੀ ਵੱਲੋਂ ਸਿਰਜਿਆ ਸ੍ਰੀ ਅਕਾਲ ਤਖ਼ਤ ਸਾਹਿਬ ਮੀਰੀ ਤੇ ਪੀਰੀ ਦੇ ਸਿਧਾਂਤ ਦਾ ਪ੍ਰਤੱਖ ਪ੍ਰਗਟਾਵਾ ਹੈ। ਜਥੇਦਾਰ ਨੇ ਸੰਗਤ ਨੂੰ ਗੁਰੂ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਗੁਰੂ ਦੇ ਸਿਧਾਂਤਾਂ 'ਤੇ ਚੱਲਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਇਕਜੁੱਟ ਹੋ ਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਜਦੋਂ ਸਾਡੇ ਅੰਦਰ ਬਾਣੀ ਹੋਵੇਗੀ ਅਤੇ ਗੁਰੂ 'ਤੇ ਭਰੋਸਾ ਹੋਵੇਗਾ ਤਾਂ ਅਸੀਂ ਅੰਦਰੋਂ ਤੇ ਬਾਹਰੋਂ ਤਕੜੇ ਹੋਵਾਂਗੇ।

ਗੁਰੂ ਸਾਹਿਬ ਨੇ ਗੁਰਤਾਗੱਦੀ ’ਤੇ ਬਿਰਾਜਮਾਨ ਹੋ ਕੇ ਸਿੱਖਾਂ ਨੂੰ ਸ਼ਸ਼ਤਰਧਾਰੀ ਹੋਣ ਦਾ ਉਪਦੇਸ਼ ਕੀਤਾ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਹਮੇਸ਼ਾ ਗੁਰੂ ਉਪਦੇਸ਼ਾਂ ’ਤੇ ਚੱਲਦਿਆਂ ਗੁਰਬਾਣੀ ਦਾ ਜਾਪ ਕਰਕੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਹੈ। ਗੁਰਬਾਣੀ ਦੇ ਆਸਰੇ ਨਾਲ ਹੀ ਸਿੱਖ ਯੋਧਿਆਂ ਨੇ ਵੱਡੇ-ਵੱਡੇ ਸੰਘਰਸ਼ ਲੜੇ। ਸਿੱਖ ਸਿਧਾਂਤਾਂ ਦੀ ਪ੍ਰੇਰਣਾ ਹੀ ਸੀ ਕਿ ਸਿੱਖ ਯੋਧੇ ਜ਼ੁਲਮ ਖਿਲਾਫ਼ ਫਾਂਸੀਆਂ ’ਤੇ ਚੜ੍ਹ ਗਏ। ਉਨ੍ਹਾਂ ਕਿਹਾ ਕਿ ਅੱਜ ਹਕੂਮਤਾਂ ਬਿਰਤਾਂਤ ਸਿਰਜ ਕੇ ਸਿੱਖਾਂ ਨੂੰ ਗੁਰਬਾਣੀ ਤੇ ਸਿਧਾਂਤਾਂ ਨਾਲੋਂ ਤੋੜਨ ਯਤਨ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਚੋਰਾਂ ਨੇ ਲੁੱਟ ਲਿਆ ਕਿਸਾਨ ਦਾ ਘਰ, ਕਰੀਬ 40 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ 'ਤੇ ਕੀਤਾ ਹੱਥ ਸਾਫ਼
ਜਥੇਦਾਰ ਨੇ ਕਿਹਾ ਸਰਕਾਰ ਵੱਲੋਂ ਲਿਆਂਦੇ ਨਵੇਂ ਕਾਨੂੰਨ ਵਿਚਲੀਆਂ ਕੁਝ ਮੱਦਾਂ ਵੀ ਇਸੇ ਬਿਰਤਾਂਤ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਸੰਗਤਾਂ ਕਾਨੂੰਨ ਦੇ ਡਰ ਕਾਰਨ ਆਪਣੇ ਘਰਾਂ ਵਿੱਚੋਂ ਗੁਟਕਾ ਸਾਹਿਬ, ਪੋਥੀਆਂ, ਸਰੂਪ ਆਪਣੇ ਘਰਾਂ 'ਚੋਂ ਕੱਢ ਕੇ ਗੁਰੂ ਘਰਾਂ ਵਿਚ ਜਮ੍ਹਾਂ ਕਰਵਾ ਰਹੀਆਂ ਹਨ। ਜਥੇਦਾਰ ਗੜਗੱਜ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਅਜਿਹੇ ਬਿਰਤਾਂਤ ਨੂੰ ਤੋੜਨ ਦੀ ਲੋੜ ਹੈ। ਸੰਗਤਾਂ ਕਿਸੇ ਵੀ ਤਰ੍ਹਾਂ ਭੈਅ ਵਿਚ ਨਾ ਆਉਣ ਅਤੇ ਆਪਣੇ ਘਰਾਂ ਵਿਚ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਅਤੇ ਪੋਥੀਆਂ ਪੂਰੇ ਸਤਿਕਾਰ ਅਤੇ ਮਰਯਾਦਾ ਨਾਲ ਰੱਖਣ, ਨਾ ਕਿ ਜਮ੍ਹਾਂ ਕਰਵਾਉਣ। ਉਨ੍ਹਾਂ ਕਿਹਾ ਕਿ ਸਾਡਾ ਆਸਰਾ ਗੁਰਬਾਣੀ ਹੈ ਅਤੇ ਕੋਈ ਵੀ ਕਾਨੂੰਨ ਸਿੱਖ ਨੂੰ ਗੁਰਬਾਣੀ ਨਾਲੋਂ ਤੋੜ ਨਹੀਂ ਸਕਦਾ। ਸਰਕਾਰਾਂ ਦੇ ਡਰੋਂ ਜੇਕਰ ਅਸੀਂ ਗੁਰਬਾਣੀ ਤੋਂ ਦੂਰ ਹੋਏ ਤਾਂ ਸਮਝੋ ਅਸੀਂ ਆਪਣੇ ਗੁਰੂ ਤੋਂ ਦੂਰ ਹੋ ਗਏ ਹਾਂ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਸਰਕਾਰ ਨੂੰ ਕਾਨੂੰਨ ਵਿਚ ਕੁਝ ਸੋਧਾਂ ਕਰਨ ਲਈ ਆਖਿਆ ਗਿਆ ਸੀ, ਪਰ ਪੰਜਾਬ ਦੀ ਸਰਕਾਰ ਅੱਗੋਂ ਅੜੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕਰਕੇ ਇਸ ਮਾਮਲੇ ਸਬੰਧੀ ਸਿੱਖ ਪੰਥ ਦੇ ਨਾਮ ਆਦੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰਬਾਣੀ ਨਾਲੋਂ ਤੋੜਨ ਵਾਲੇ ਕਿਸੇ ਵੀ ਕਾਨੂੰਨ ਨੂੰ ਨਾ ਸਿੱਖਾਂ ਨੇ ਮੰਨਿਆ ਹੈ ਅਤੇ ਨਾ ਹੀ ਮੰਨਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖਾਂ ਨੂੰ ਮੀਰੀ ਪੀਰੀ ਦੇ ਸਿਧਾਂਤ ’ਤੇ ਪਹਿਰਾ ਦਿੰਦਿਆਂ ਰਾਜਸੀ ਤੌਰ ’ਤੇ ਮਜ਼ਬੂਤ ਹੋਣ ਲਈ ਇਕਜੁਟ ਹੋਣ ਦੀ ਲੋੜ ਹੈ। ਗੁਰੂ ਸਾਹਿਬ ਦੀ ਸ਼ਹਾਦਤ ਸਾਨੂੰ ਇਹੀ ਸਿਖਾਉਂਦੀ ਹੈ ਕਿ ਅਸੀਂ ਕਿਸੇ ਦਾ ਡਰ ਨਹੀਂ ਮੰਨਦੇ, ਅਸੀਂ ਸਿਰਫ਼ ਆਪਣੇ ਗੁਰੂ ਦਾ ਡਰ ਮੰਨਦੇ ਹਾਂ। ਉਨ੍ਹਾਂ ਕਿਹਾ ਸਾਡੇ ਲਈ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਹੈ ਅਤੇ ਗੁਰੂ ਪੰਥ ਹੈ। ਇਨ੍ਹਾਂ ਨੂੰ ਹੀ ਆਪਣੇ ਜੀਵਨ ਦਾ ਅੰਗ ਬਣਾਉਣਾ ਹੈ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ, ਗਿਆਨੀ ਮਲਕੀਤ ਸਿੰਘ, ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਮੀਤ ਸਕੱਤਰ ਬਲਵਿੰਦਰ ਸਿੰਘ ਖੈਰਾਬਾਦ, ਮੈਨੇਜਰ ਮੇਜਰ ਸਿੰਘ, ਸੁਪ੍ਰਿੰਟੈਂਡੈਂਟ ਨਿਸ਼ਾਨ ਸਿੰਘ, ਇੰਚਾਰਜ ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਬਗੀਚਾ ਸਿੰਘ, ਵਧੀਕ ਮੈਨੇਜਰ ਬਿਕਰਮ ਸਿੰਘ ਝੰਗੀ, ਗੁਰਵਿੰਦਰ ਸਿੰਘ ਦੇਵੀਦਾਸਪੁਰਾ, ਯੁਵਰਾਜ ਸਿੰਘ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਡਿੰਪਲ ਦੇ ਹੱਕ 'ਚ ਪਟਿਆਲਾ 'ਚ ਵੱਡਾ ਪ੍ਰਦਰਸ਼ਨ, ਮੁਲਜ਼ਮ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ
NEXT STORY