ਜਲੰਧਰ,(ਧਵਨ) : ਪੰਜਾਬ ਰਾਜ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਕੇਂਦਰੀ ਬਜਟ 'ਚ ਪੰਜਾਬ ਨੂੰ ਮੁਕੰਮਲ ਤੌਰ 'ਤੇ ਨਜ਼ਰਅੰਦਾਜ਼ ਕੀਤਾ ਗਿਆ ਹੈ। ਕੇਂਦਰੀ ਬਜਟ ਬਾਰੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਦੀ ਕੌਮੀ ਜਮਹੂਰੀ ਗਠਜੋੜ (ਐੱਨ. ਡੀ. ਏ.) ਸਰਕਾਰ ਨੇ ਆਪਣੇ ਜਿੰਨੇ ਵੀ ਬਜਟ ਅੱਜ ਤੱਕ ਪੇਸ਼ ਕੀਤੇ ਹਨ, ਉਨ੍ਹਾਂ 'ਚ ਪੰਜਾਬ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਗਿਆ। ਜਾਖੜ ਨੇ ਕਿਹਾ ਕਿ ਕੇਂਦਰੀ ਬਜਟ 'ਚ ਪੰਜਾਬ ਦੇ ਸਰਹੱਦੀ ਇਲਾਕਿਆਂ ਲਈ ਕੋਈ ਵਿਸ਼ੇਸ਼ ਪੈਕੇਜ ਦਾ ਐਲਾਨ ਨਹੀਂ ਕੀਤਾ ਗਿਆ ਤੇ ਨਾ ਹੀ ਪੰਜਾਬ ਦੀ ਸਨਅਤ ਲਈ ਕੋਈ ਐਲਾਨ ਹੋਇਆ ਹੈ। ਪੰਜਾਬ ਇਕ ਸਰਹੱਦੀ ਸੂਬਾ ਹੈ, ਜੋ ਪਾਕਿਸਤਾਨ ਨਾਲ ਲੱਗਦਾ ਹੈ। ਇਸ ਲਈ ਜ਼ਰੂਰੀ ਹੈ ਕਿ ਕੇਂਦਰੀ ਬਜਟ ਵਿਚ ਇਸ ਨੂੰ ਕੁਝ ਨਾ ਕੁਝ ਵਿਸ਼ੇਸ਼ ਪੈਕੇਜ ਜ਼ਰੂਰ ਦਿੱਤਾ ਜਾਵੇ। ਉਨ੍ਹਾਂ ਕਾਂਗਰਸ ਦੀ ਅਗਵਾਈ ਵਾਲੀਆਂ ਸਾਬਕਾ ਸੰਯੁਕਤ ਅਗਾਂਹਵਧੂ ਗਠਜੋੜ (ਯੂ. ਪੀ. ਏ.) ਦੀਆਂ ਸਰਕਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹਰ ਬਜਟ ਵਿਚ ਪੰਜਾਬ ਨੂੰ ਕੁਝ ਨਾ ਕੁਝ ਵਿਸ਼ੇਸ਼ ਗ੍ਰਾਂਟ ਜ਼ਰੂਰ ਦਿੱਤੀ ਜਾਂਦੀ ਰਹੀ ਹੈ।
ਕਾਂਗਰਸ ਦੇ ਸੂਬਾ ਪ੍ਰਧਾਨ ਨੇ ਬਜਟ ਨੂੰ ਨਿਰਾਸ਼ਾਵਾਦੀ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਇਸ ਵਿਚ ਕੋਈ ਪਹਿਲਕਦਮੀ ਨਹੀਂ ਕੀਤੀ ਗਈ। ਦੇਸ਼ 'ਚ ਜੀ. ਡੀ. ਪੀ. ਦੀ ਦਰ ਹੇਠਾਂ ਜਾ ਰਹੀ ਹੈ। ਬਜਟ ਵਿਚ ਆਰਥਿਕ ਵਿਕਾਸ ਦਰ ਬਾਰੇ ਜਿਹੜੀਆਂ ਉਮੀਦਾਂ ਦਰਸਾਈਆਂ ਗਈਆਂ ਹਨ, ਉਹ ਸਿਰੇ ਚੜ੍ਹਨ ਵਾਲੀਆਂ ਨਹੀਂ ਹਨ। ਦੇਸ਼ 'ਚ ਵਪਾਰ ਤੇ ਸਨਅਤੀ ਜਗਤ ਦਾ ਮਨੋਬਲ ਡਗਮਗਾਇਆ ਹੋਇਆ ਹੈ। ਰਾਜਾਂ 'ਚ ਚੋਣਾਂ ਵਿਚ ਭਾਂਜ ਹੋਣ ਤੋਂ ਬਾਅਦ ਵੀ ਕੇਂਦਰ ਸਰਕਾਰ ਦੀਆਂ ਅੱਖਾਂ ਨਹੀਂ ਖੁੱਲ੍ਹ ਰਹੀਆਂ ਸਗੋਂ ਉਸ ਨੇ ਪੂਰੀ ਤਰ੍ਹਾਂ ਸੀ. ਏ. ਏ. ਅਤੇ ਹੋਰਨਾਂ ਫੁੱਟਪਾਊ ਮੁੱਦਿਆਂ 'ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਈ ਵਾਰ ਕੇਂਦਰ ਨੂੰ 31000 ਕਰੋੜ ਰੁਪਏ ਦੇ ਅਨਾਜ ਕਰਜ਼ੇ ਦਾ ਮਸਲਾ ਹੱਲ ਕਰਨ ਲਈ ਅਪੀਲਾਂ ਕੀਤੀਆਂ ਹਨ ਪਰ ਕੇਂਦਰੀ ਵਿੱਤ ਮੰਤਰੀ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। 31000 ਕਰੋੜ ਰੁਪਏ ਦਾ ਕਰਜ਼ਾ ਸਾਬਕਾ ਅਕਾਲੀ-ਭਾਜਪਾ ਸਰਕਾਰਾਂ ਦੀਆਂ ਗਲਤੀਆਂ ਦੇ ਸਿੱਟੇ ਵਜੋਂ ਪੰਜਾਬ ਸਿਰ ਪਿਆ ਹੈ ਅਤੇ ਇਸ ਦਾ ਬੋਝ ਰਾਜ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਲਗਾਤਾਰ ਬਰਦਾਸ਼ਤ ਕਰਨਾ ਹੋਵੇਗਾ।
ਪੰਜਾਬ ਸਣੇ ਪੂਰੇ ਦੇਸ਼ ਨੂੰ ਨਿਰਾਸ਼ ਕਰ ਗਿਆ ਕੇਂਦਰੀ ਬਜਟ : ਭਗਵੰਤ ਮਾਨ
NEXT STORY