ਲੁਧਿਆਣਾ(ਸਿਆਲ)-ਤਾਜਪੁਰ ਰੋਡ ਸਥਿਤ ਸੈਂਟਰਲ ਜੇਲ ਦੇ ਕੈਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਸਤਾਖਰ ਵਾਲਾ ਪੱਤਰ ਲਿਖਿਆ ਹੈ। ਪੱਤਰ ਲਿਖਣ ਵਾਲੇ ਕੈਦੀ ਐੱਨ. ਡੀ. ਪੀ. ਐੱਸ. ਐਕਟ ਅਧੀਨ ਸਜ਼ਾ ਭੁਗਤ ਰਹੇ ਹਨ, ਜਿਨ੍ਹਾਂ ਦੀ ਗਿਣਤੀ ਜੇਲ ਵਿਚ ਬੰਦ ਕਰੀਬ 800 ਕੈਦੀਆਂ ਵਿਚੋਂ 450 ਹੈ। ਪੱਤਰ ਰਾਹੀਂ ਉਕਤ ਕੈਦੀ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਨ ਕਿ ਉਹ ਪੂਰੀ ਈਮਾਨਦਾਰੀ ਨਾਲ ਸਜ਼ਾ ਕੱਟ ਰਹੇ ਹਨ ਪ੍ਰੰਤੂ ਫਿਰ ਵੀ ਉਨ੍ਹਾਂ ਨੂੰ ਕੋਈ ਮੁਆਫੀ (ਐਨੂਅਲ ਗੁੱਡ ਕੰਡਕਟ ਰਿਮੀਸ਼ਨ) ਤੇ ਜੇਲ ਕੁਆਰਟਰ ਨਹੀਂ ਦਿੱਤੇ ਜਾਂਦੇ, ਜੋ ਕਿ ਹੋਰਨਾਂ ਕੈਦੀਆਂ ਨੂੰ ਈਮਾਨਦਾਰੀ ਨਾਲ ਮੁਸ਼ੱਕਤ ਦੇ ਬਦਲੇ ਮਿਲਦੇ ਹਨ। ਜੋ ਕੈਦੀ ਐੱਨ. ਡੀ. ਪੀ. ਐੱਸ. ਐਕਟ ਅਧੀਨ ਨਹੀਂ ਹਨ, ਉਨ੍ਹਾਂ ਨੂੰ ਪੰਜਾਬ ਜੇਲ ਮੈਨੂਅਲ ਅਨੁਸਰ ਸਾਲਾਨਾ 60 ਦਿਨ ਜੇਲ ਕੁਆਰਟਰ ਮੁਆਫੀ ਤੇ 15 ਦਿਨ ਏ. ਜੀ. ਸੀ. ਆਰ. (ਐਨੂਅਲ ਗੁੱਡ ਕੰਡਕਟ) ਮਿਲਦੀ ਹੈ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਨੂੰ ਅਪੀਲ ਹੈ ਕਿ ਐੱਨ. ਡੀ. ਪੀ. ਐੱਸ. ਐਕਟ ਅਧੀਨ ਜੋ ਕੈਦੀ ਪੂਰੀ ਈਮਾਨਦਾਰੀ ਨਾਲ ਆਪਣੀ ਸਜ਼ਾ (ਮੁਸ਼ੱਕਤ) ਕਰਦੇ ਹਨ, ਉਨ੍ਹਾਂ ਨੂੰ ਵੀ ਪੰਜਾਬ ਜੇਲ ਮੈਨੂਅਲ ਅਨੁਸਾਰ ਜੇਲ ਕੁਆਰਟਰ ਮੁਆਫੀ ਤੇ ਐਨੂਅਲ ਗੁੱਡ ਕੰਡਕਟ ਰਿਮੀਸ਼ਨ ਮੁਆਫੀ ਦਿੱਤੀ ਜਾਵੇ। ਇਸ ਦੇ ਇਲਾਵਾ ਪੰਜਾਬ ਸੁਧਾਰ ਘਰਾਂ ਵਿਚ ਸਾਲਾਨਾ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ। ਜੋ ਕੈਦੀ ਤਿਆਰੀ ਕਰ ਕੇ ਇਨ੍ਹਾਂ ਵਿਚ ਹਿੱਸਾ ਲੈਂਦੇ ਹਨ, ਉਨ੍ਹਾਂ ਨੂੰ ਵੀ ਮੁਆਫੀ ਦਾ ਲਾਭ ਦੇ ਕੇ ਚੰਗਾ ਨਾਗਰਿਕ ਬਣਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪੱਤਰ ਵਿਚ ਲਿਖਿਆ ਹੈ ਕਿ ਹਰਿਆਣਾ ਤੇ ਹੋਰਨਾਂ ਰਾਜਾਂ ਵਿਚ ਉਕਤ ਤਰ੍ਹਾਂ ਦੇ ਕੈਦੀਆਂ ਨੂੰ ਸਜ਼ਾ ਵਿਚ ਰਿਆਇਤ ਦਿੱਤੀ ਜਾਂਦੀ ਹੈ। ਪੱਤਰ ਵਿਚ ਦਸਤਖਤ ਕਰਨ ਵਾਲਿਆਂ ਵਿਚ ਨਵਜੋਤ ਅਰੋੜਾ, ਅਮ੍ਰਿਤਪਾਲ, ਰੇਸ਼ਮ ਸਿੰਘ ਬਲਵੀਰ ਸਿੰਘ, ਪਰਮਜੀਤ ਸਿੰਘ, ਅਵਤਾਰ ਸਿੰਘ, ਹਰਵਿੰਦਰ ਸਿੰਘ, ਹਰਚੰਦ ਸਿੰਘ, ਵਰਿੰਦਰ ਕੁਮਾਰ, ਮਨਪ੍ਰੀਤ ਸਿੰਘ, ਜਗਮੀਤ ਸਿੰਘ, ਮੰਗਾ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਸੰਦੀਪ ਸਿੰਘ, ਪ੍ਰਿੰਸ ਰਾਮ, ਅਮਿਤ ਕੁਮਾਰ, ਸੋਨੂ, ਸਰਬਜੀਤ ਸਿੰਘ ਦੇਸ ਰਾਜ, ਰਾਜ ਕੁਮਾਰ, ਮਨਜੀਤ ਸਿੰਘ ਸਮੇਤ ਹੋਰ ਵੀ ਸ਼ਾਮਲ ਹਨ।
ਪਲਟਿਆ ਛੋਟਾ ਹਾਥੀ, ਕਈ ਜ਼ਖ਼ਮੀ
NEXT STORY