ਅੰਮ੍ਰਿਤਸਰ (ਸਰਬਜੀਤ) - ਸੇਵਾ-ਸਿਮਰਨ ਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ’ਚ ਲੱਗੇ ਸੱਭਿਆਚਾਰਕ ਝਾਕੀ ਬੁੱਤਾਂ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਸਿੱਖ ਨੌਜਵਾਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਪ੍ਰਦਰਸ਼ਨ ਕਰਨ ਵਾਲੇ ਸਿੱਖ ਨੌਜਵਾਨਾਂ ਖਿਲਾਫ ਪੁਲਸ ਥਾਣਾ ਈ-ਡਵੀਜ਼ਨ ਵਲੋਂ ਦਰਜ ਕੀਤੇ ਗਏ ਮਾਮਲੇ ਮਗਰੋਂ ਗ੍ਰਿਫਤਾਰ ਕੀਤੇ ਸਿੱਖ ਨੌਜਵਾਨਾਂ ਦੀ ਰਿਹਾਈ ਨੂੰ ਲੈ ਕੇ ਪੰਥਕ ਹਿਤੈਸ਼ੀਆਂ ਤੇ ਪੰਥਕ ਦਰਦੀਆਂ ਦਾ ਸੰਘਰਸ਼ ਰੰਗ ਲੈ ਆਇਆ ਹੈ। ਕੇਂਦਰੀ ਜੇਲ ਫਤਾਹਪੁਰ ਤੋਂ ਸਿੱਖ ਨੌਜਵਾਨਾਂ ਦੀ ਰਿਹਾਈ ਸਮੇਂ ਉਨ੍ਹਾਂ ਦਾ ਸਵਾਗਤ ਕਰਨ ਪਹੁੰਚੇ ਸਰਬਤ ਖਾਲਸਾ ਸੰਮੇਲਨ 2015 ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਇਸ ਨੂੰ ਸਮੁੱਚੇ ਸਿੱਖ ਪੰਥ ਦੀ ਜਿੱਤ ਕਰਾਰ ਦਿੱਤਾ ਹੈ। ਵਕੀਲ ਨਵਜੀਤ ਸਿੰਘ ਤੁਰਨ ਦੇ ਹਵਾਲੇ ਨਾਲ ਭਾਈ ਜਰਨੈਲ ਸਿੰਘ ਸਖੀਰਾ ਨੇ ਦੱਸਿਆ ਕਿ ਅਦਾਲਤ ਵਲੋਂ ਸਿੱਖ ਨੌਜਵਾਨਾਂ ਦੇ ਪੱਖ ’ਚ ਹੁਕਮ ਜਾਰੀ ਕਰਦੇ ਹੋਏ ਉਨ੍ਹਾਂ ਨੂੰ ਰਿਹਾਅ ਕਰਨ ਦੇ ਆਦੇਸ਼ ਦਿੱਤੇ ਹਨ।
ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਰਿਹਾਅ ਹੋਏ ਸਿੰਘਾਂ ਦਾ ਤਰਕ ਬਿਲਕੁਲ ਸਹੀ ਅਤੇ ਦਰੁਸਤ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਇਸ ਮੁੱਖ ਮਾਰਗ ’ਤੇ ਅਜਿਹੇ ਬੁੱਤ ਸ਼ੋਭਾ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ਼ਾਰਿਆਂ ’ਤੇ ਪੁਲਸ ਵਲੋਂ ਸਿੰਘਾਂ ਖਿਲਾਫ ਮਾਮਲਾ ਦਰਜ ਕਰ ਉਨ੍ਹਾਂ ਨੂੰ ਸਲਾਖਾਂ ਦੇ ਪਿੱਛੇ ਡੱਕਣ ਨਾਲ ਸਿੱਖ ਨੌਜਵਾਨਾਂ ਦੇ ਹੌਂਸਲੇ ਕਦੇ ਢਹਿ-ਢੇਰੀ ਨਹੀਂ ਹੋਣ ਵਾਲੇ। ਇਤਿਹਾਸ ਗਵਾਹ ਹੈ ਕਿ ਗੁਰੂ ਕਾਲ ਤੋਂ ਜਦੋਂ ਕਿਸੇ ਮੌਕਾ ਪ੍ਰਸਤ ਸਰਕਾਰ ਨੇ ਸਿੱਖ ਪੰਥ ਜਾਂ ਗੁਰੂ ਘਰ ਨਾਲ ਮੱਥਾ ਲਾਇਆ ਹੈ, ਉਸ ਨੂੰ ਮੂੰਹ ਦੀ ਖਾਣੀ ਪਈ। ਫਤਾਹਪੁਰ ਜੇਲ ਤੋਂ ਸਿੰਘਾਂ ਦੀ ਰਿਹਾਈ ਇਸ ਗੱਲ ਦੀ ਜਿਊਂਦੀ ਜਾਗਦੀ ਮਿਸਾਲ ਹੈ। ਰਿਹਾਅ ਹੋਏ ਸਿੰਘਾਂ ਦਾ ਜੈਕਾਰਿਆਂ ਨਾਲ ਸਵਾਗਤ ਕਰਨ ਮਗਰੋਂ ਭਾਈ ਜਰਨੈਲ ਸਿੰਘ ਸਖੀਰਾ ਨੇ ਮਾਲੀ ਮਦਦ ਵੀ ਦਿੱਤੀ। ਇਸ ਮੌਕੇ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਮੁੱਛਲ, ਸਤਨਾਮ ਸਿੰਘ, ਕਸ਼ਮੀਰ ਸਿੰਘ ਫੌਜੀ, ਸੁਰਮੁੱਖ ਸਿੰਘ ਸਖੀਰਾ ਆਦਿ ਹਾਜ਼ਰ ਸਨ।
ਵਿਆਹੁਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ
NEXT STORY