ਚੰਡੀਗੜ੍ਹ/ਅੰਮ੍ਰਿਤਸਰ(ਰਮਨਜੀਤ): ਖੇਤੀ ਬਾਰੇ ਕੇਂਦਰੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨ ਸੰਘਰਸ਼ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਕ ਕਾਰਪੋਰੇਟ ਘਰਾਣੇ ਨਾਲ ਬਿਜਲੀ ਖਰੀਦ ਸਮਝੌਤਾ ਕਰਕੇ ਕਿਸਾਨ ਅੰਦੋਲਨ ਦੀ ਪਿੱਠ 'ਚ ਛੁਰਾ ਮਾਰਿਆ ਹੈ। ਇਹ ਦੋਸ਼ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਲਗਾਏ ਹਨ। ਭਗਵੰਤ ਮਾਨ ਨੇ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਅਤੇ ਕਾਰਪੋਰੇਟ ਘਰਾਣਿਆਂ ਬਾਰੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਕਥਨੀ ਅਤੇ ਕਰਨੀ 'ਚ ਦਿਨ-ਰਾਤ ਦਾ ਫ਼ਰਕ ਹੈ। ਇਕ ਪਾਸੇ ਕੈਪਟਨ ਅਤੇ ਕਾਂਗਰਸ ਖੇਤੀ ਕਾਨੂੰਨਾਂ ਵਿਰੁੱਧ ਤਰ੍ਹਾਂ-ਤਰ੍ਹਾਂ ਦੀਆਂ ਡਰਾਮੇਬਾਜ਼ੀਆਂ ਕਰ ਰਹੇ ਹਨ, ਦੂਜੇ ਪਾਸੇ ਕੈਪਟਨ ਸਰਕਾਰ ਵਾਰ-ਵਾਰ ਖੇਤੀ ਕਾਨੂੰਨਾਂ ਅਤੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਦੀ ਆ ਰਹੀ ਹੈ। ਕਾਰਪੋਰੇਟ ਘਰਾਣੇ ਨਾਲ ਕੀਤੇ ਤਾਜ਼ਾ ਬਿਜਲੀ ਸਮਝੌਤੇ ਨੇ ਸਾਬਤ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਮੁੱਖ ਮੰਤਰੀ ਵਾਂਗ ਕੰਮ ਕਰ ਰਹੇ ਹਨ ਅਤੇ ਮੋਦੀ ਸਰਕਾਰ ਦੇ ਇਸ਼ਾਰਿਆਂ 'ਤੇ ਨੱਚਦੇ ਹਨ।
ਇਹ ਵੀ ਪੜ੍ਹੋ : ਵਿਆਹ ਵਾਲੇ ਘਰ 'ਚ ਪਏ ਕੀਰਨੇ: ਭੈਣ ਦੇ ਵਿਆਹ ਮੌਕੇ ਭੰਗੜੇ ਪਾਉਂਦੇ ਨੌਜਵਾਨ ਦੀ ਮੌਤ, ਲੁਟੇਰੇ ਵੀ ਚੁੱਕ ਗਏ ਫ਼ਾਇਦਾ
ਭਗਵੰਤ ਮਾਨ ਨੇ ਕਿਹਾ ਕਿ ਜਦੋਂ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਅਤੇ ਦੇਸ਼ ਦੇ ਕਿਸਾਨ 26 ਨਵੰਬਰ ਨੂੰ ਦਿੱਲੀ ਕੂਚ ਦੀ ਲਾਮਬੰਦੀ ਕਰ ਰਹੇ ਸਨ ਤਾਂ ਠੀਕ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਕਾਰਪੋਰੇਟ ਘਰਾਣੇ ਨਾਲ ਬਿਜਲੀ ਖਰੀਦਣ ਦੀ ਡੀਲ ਸਿਰੇ ਚੜ੍ਹਾ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਇਹ ਕਦਮ ਕਿਸਾਨੀ ਅੰਦੋਲਨ ਦਾ ਮਨੋਬਲ ਤੋੜਨ ਦੀ ਸਾਜਿਸ਼ ਤੋਂ ਘੱਟ ਨਹੀਂ ਹੈ, ਕਿਉਂਕਿ ਇਕ ਪਾਸੇ ਕਿਸਾਨ ਕਾਰਪੋਰੇਟ ਘਰਾਣਿਆਂ ਨਾਲ ਸਬੰਧਤ ਪੈਟਰੋਲ ਪੰਪਾਂ, ਮਾਲਜ਼, ਟੋਲ ਪਲਾਜ਼ਿਆਂ ਅਤੇ ਸੈਲੋ ਗੁਦਾਮਾਂ ਸਮੇਤ ਹੋਰ ਕਾਰੋਬਾਰਾਂ ਦਾ ਬਾਈਕਾਟ ਕਰ ਰਹੇ ਹਨ, ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਇਕ ਕਾਰਪੋਰੇਟ ਘਰਾਣੇ ਨੂੰ ਪੰਜਾਬ 'ਚ ਬਿਜਲੀ ਦੇ ਕਾਰੋਬਾਰ ਦਾ ਤੋਹਫ਼ਾ ਦੇ ਦਿੱਤਾ।
ਇਹ ਵੀ ਪੜ੍ਹੋ :ਪੰਜਾਬ ਨੇ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਲਈ ਖਿੱਚੀਆਂ ਤਿਆਰੀਆਂ , ਜਾਣੋ ਕੀ ਹੈ ਰਣਨੀਤੀ
ਭਗਵੰਤ ਮਾਨ ਨੇ ਕੈਪਟਨ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਨੈਤਿਕ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਰਹਿ ਗਿਆ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਨੇ ਬਿਜਲੀ ਮਾਫ਼ੀਆ ਨੂੰ ਨੱਥ ਪਾਉਣ ਦੀ ਥਾਂ 'ਤੇ ਪਿਛਲੀ ਬਾਦਲ ਸਰਕਾਰ ਵਾਂਗ ਹਿੱਸਾ-ਪੱਤੀ (ਦਲਾਲੀ) ਨੂੰ ਹੀ ਤਰਜ਼ੀਹ ਦਿੱਤੀ। ਜੇਕਰ ਕੈ. ਅਮਰਿੰਦਰ ਸਿੰਘ ਲੋਕ ਹਿਤੈਸ਼ੀ ਹੁੰਦੇ ਤਾਂ ਉਹ ਮੋਦੀ ਸਰਕਾਰ ਦੇ ਦਬਾਅ ਹੇਠ ਆ ਕੇ ਇਹ ਬਿਜਲੀ ਸਮਝੌਤਾ ਨਾ ਕਰਦੇ ਅਤੇ ਆਪਣੇ ਚੋਣ ਵਾਅਦੇ ਅਨੁਸਾਰ ਬਾਦਲਾਂ ਵਲੋਂ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਗਏ ਮਹਿੰਗੇ ਅਤੇ ਇਕ ਤਰਫ਼ਾ ਬਿਜਲੀ ਖਰੀਦ ਸਮਝੌਤੇ (ਪੀ. ਪੀ. ਏਜ਼) ਵੀ ਰੱਦ ਕਰਦੇ।
ਨੋਟ— ਭਗਵੰਤ ਮਾਨ ਵਲੋਂ ਦਿੱਤੇ ਗਏ ਇਸ ਬਿਆਨ ਨਾਲ ਕੀ ਤੁਸੀਂ ਸਹਿਮਤ ਹੋ?
ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਸ਼ੰਭੂ ਬਾਰਡਰ 'ਤੇ ਪ੍ਰਦਰਸ਼ਨ ਕਰੇਗੀ 'ਪੰਜਾਬ ਕਾਂਗਰਸ', ਕੀਤਾ ਜਾਵੇਗਾ ਵੱਡਾ ਐਲਾਨ
NEXT STORY