ਚੰਡੀਗੜ੍ਹ(ਅਸ਼ਵਨੀ)— ਚੋਣ ਬਿਗੁਲ ਵੱਜਣ ਦੇ ਨਾਲ ਹੀ ਪੰਜਾਬ ਕਾਂਗਰਸ ਕੰਡੀ ਇਲਾਕੇ ਦੇ ਵੋਟਰਾਂ ਨੂੰ ਲੁਭਾਉਣ ਦੀ ਤਿਆਰੀ 'ਚ ਲੱਗ ਗਈ ਹੈ। ਚੋਣਾਂ ਦੀ ਤਰੀਕ ਦਾ ਐਲਾਨ ਹੋਣ ਦੇ ਅਗਲੇ ਹੀ ਦਿਨ 11 ਮਾਰਚ ਨੂੰ ਭਾਨੂਪਲੀ-ਬਿਲਾਸਪੁਰ ਰੇਲਵੇ ਲਾਈਨ ਲਈ ਜ਼ਮੀਨ ਐਕਵਾਇਰ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਸਰਕਾਰ ਨੇ ਆਪਣੀ ਇਸ ਇੱਛਾ ਨੂੰ ਸਾਫ਼ ਵੀ ਕਰ ਦਿੱਤਾ ਹੈ।
ਸਰਕਾਰ ਦੀ ਪੂਰੀ ਕੋਸ਼ਿਸ਼ ਇਸ ਰੇਲਵੇ ਲਾਈਨ ਨੂੰ ਰਫਤਾਰ ਦੇ ਕੇ ਸਿਆਸੀ ਰੱਥ 'ਤੇ ਸਵਾਰ ਹੋਣ ਦੀ ਹੈ ਤਾਂ ਕਿ ਚੋਣ ਰੈਲੀਆਂ 'ਚ ਸਰਕਾਰ ਵਲੋਂ ਵੋਟਰਾਂ ਨੂੰ ਇਹ ਦੱਸਿਆ ਜਾ ਸਕੇ ਕਿ ਪੱਛੜੇ ਹੋਏ ਕੰਡੀ ਇਲਾਕੇ ਨੂੰ ਖੁਸ਼ਹਾਲ ਬਣਾਉਣ ਲਈ ਕਾਂਗਰਸ ਸਰਕਾਰ ਬੇਹੱਦ ਗੰਭੀਰ ਹੈ। ਅਜਿਹਾ ਇਸ ਲਈ ਵੀ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ 'ਚ ਕੰਡੀ ਇਲਾਕੇ ਨੇ ਕਾਂਗਰਸ ਨੂੰ ਕਾਫ਼ੀ ਮਾਯੂਸ ਕੀਤਾ ਸੀ। ਇਸ ਲਈ ਹੁਣ ਕਾਂਗਰਸ ਕੰਡੀ ਇਲਾਕੇ ਨੂੰ ਲੈ ਕੇ ਕੋਈ ਜੋਖਮ ਨਹੀਂ ਚੁੱਕਣਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਚੋਣਾਂ ਦੇ ਐਲਾਨ ਤੋਂ ਦੋ ਦਿਨ ਪਹਿਲਾਂ ਵੀ 8 ਮਾਰਚ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ਾਹਪੁਰ ਕੰਡੀ ਡੈਮ ਯੋਜਨਾ ਨੂੰ ਦੁਬਾਰਾ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਦੇ ਹੋਏ ਕੰਡੀ ਇਲਾਕੇ ਪ੍ਰਤੀ ਆਪਣੀ ਗੰਭੀਰਤਾ ਨੂੰ ਸਾਫ਼ ਕੀਤਾ ਸੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਇਸ ਯੋਜਨਾ ਦੇ ਮੁਕੰਮਲ ਹੋਣ ਨਾਲ ਕੰਡੀ ਇਲਾਕੇ 'ਚ ਸਿੰਚਾਈ ਵਿਵਸਥਾ ਬਿਹਤਰ ਹੋਵੇਗੀ ਅਤੇ ਇਲਾਕੇ 'ਚ ਕਾਰੋਬਾਰ ਵਧੇਗਾ।
27 ਫਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਲਈ ਸਪੈਸ਼ਲ ਡਿਵੈੱਲਪਮੈਂਟ ਅਥਾਰਿਟੀ ਦਾ ਐਲਾਨ :
27 ਫਰਵਰੀ 2019 ਨੂੰ ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਲਈ ਸਪੈਸ਼ਲ ਡਿਵੈੱਲਪਮੈਂਟ ਅਥਾਰਿਟੀ ਦਾ ਐਲਾਨ ਕੀਤਾ ਸੀ। ਇਸ ਤਹਿਤ 5846 ਹੈਕਟੇਅਰ ਇਲਾਕੇ ਦੀ ਹੱਦ ਤੈਅ ਕਰਦੇ ਹੋਏ ਇਸ ਇਲਾਕੇ 'ਚ ਵਿਉਂਤਬੱਧ ਤਰੀਕੇ ਨਾਲ ਅਰਬਨ ਪਲਾਨਿੰਗ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਪਹਿਲ ਨਾਲ ਇਤਿਹਾਸਕ ਸ਼ਹਿਰ ਨੂੰ ਨਵੀਂ ਦਿਖ ਮਿਲੇਗੀ ਅਤੇ ਸੈਰ-ਸਪਾਟੇ ਦੇ ਜ਼ਰੀਏ ਇਲਾਕੇ ਦੇ ਲੋਕਾਂ ਨੂੰ ਕਾਰੋਬਾਰ ਮਿਲੇਗਾ। ਇਸ ਕੜੀ 'ਚ ਸਰਕਾਰ ਨੇ ਕੰਡੀ ਇਲਾਕੇ 'ਚ ਰੋਡ ਨੈੱਟਵਰਕ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਰਿਲੀਜ਼ ਕੀਤੀ ਹੈ। ਉਥੇ ਹੀ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਤਾ ਨੈਣਾ ਦੇਵੀ ਰੋਪਵੇ ਪ੍ਰਾਜੈਕਟ ਨੂੰ ਧਾਰਮਿਕ ਸੌਗਾਤ ਦੇ ਨਾਲ-ਨਾਲ ਕੰਡੀ ਇਲਾਕੇ ਦੇ ਵਿਕਾਸ ਨਾਲ ਜੋੜ ਕੇ ਪ੍ਰਚਾਰਿਆ ਜਾ ਰਿਹਾ ਹੈ।
ਰਣਜੀਤ ਸਾਗਰ ਈਕੋ ਟੂਰਿਜ਼ਮ ਪ੍ਰਾਜੈਕਟ ਨੂੰ ਰਫਤਾਰ :
ਸਰਕਾਰ ਨੇ ਰਣਜੀਤ ਸਾਗਰ ਡੈਮ ਦੇ ਆਸ-ਪਾਸ ਪ੍ਰਸਤਾਵਿਤ ਈਕੋ ਟੂਰਿਜ਼ਮ ਪ੍ਰਾਜੈਕਟ ਨੂੰ ਵੀ ਰਫਤਾਰ ਦੇ ਦਿੱਤੀ ਹੈ। ਸਾਬਕਾ ਅਕਾਲੀ-ਭਾਜਪਾ ਸਰਕਾਰ ਸਮੇਂ ਪ੍ਰਸਤਾਵਿਤ ਇਸ ਪ੍ਰਾਜੈਕਟ ਨੂੰ ਕੇਂਦਰ ਸਰਕਾਰ ਨੇ ਠੰਡੇ ਬਸਤੇ 'ਚ ਪਾ ਦਿੱਤਾ ਸੀ ਪਰ ਹੁਣ ਕਾਂਗਰਸ ਸਰਕਾਰ ਨੇ ਨਵੇਂ ਸਿਰੇ ਤੋਂ ਇਸ ਯੋਜਨਾ ਨੂੰ ਕੇਂਦਰ ਸਰਕਾਰ ਕੋਲ ਮਨਜ਼ੂਰੀ ਲਈ ਭੇਜਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਯੋਜਨਾ ਨਾਲ ਕੰਡੀ ਇਲਾਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਬਦਲ ਮਿਲਣਗੇ ਅਤੇ ਇਲਾਕੇ 'ਚ ਕਾਰੋਬਾਰ ਵਧੇਗਾ।
ਪਿਛਲੀਆਂ ਲੋਕ ਸਭਾ ਚੋਣਾਂ ਨੇ ਸਿਖਾਇਆ ਸਬਕ :
ਕੰਡੀ ਇਲਾਕੇ 'ਤੇ ਸਰਕਾਰੀ ਮਿਹਰ ਦਾ ਇਕ ਕਾਰਨ ਇਹ ਵੀ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ 'ਚ ਕੰਡੀ ਇਲਾਕੇ ਨੇ ਕਾਂਗਰਸ ਨੂੰ ਕਾਫੀ ਨਿਰਾਸ਼ ਕੀਤਾ ਸੀ। ਜਿੱਤ ਦਾ ਸਵਾਦ ਦੇਣ ਵਾਲੀ ਸ੍ਰੀ ਆਨੰਦਪੁਰ ਸਾਹਿਬ ਲੋਕਸਭਾ ਸੀਟ 'ਤੇ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੀ ਦਿੱਗਜ ਨੇਤਾ ਅੰਬਿਕਾ ਸੋਨੀ ਨੂੰ ਹਾਰ ਦਾ ਕੌੜਾ ਘੁੱਟ ਪੀਣਾ ਪਿਆ ਸੀ। ਇਸ ਸੀਟ 'ਤੇ ਅਕਾਲੀ-ਭਾਜਪਾ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜੇਤੂ ਹੋਏ ਸਨ। ਇਸ ਕੜੀ 'ਚ ਕੰਡੀ ਇਲਾਕਾ ਬਹੁਗਿਣਤੀ ਹੁਸ਼ਿਆਰਪੁਰ ਸੰਸਦੀ ਸੀਟ 'ਤੇ ਭਾਜਪਾ ਦੇ ਉਮੀਦਵਾਰ ਵਿਜੇ ਸਾਂਪਲਾ ਅਤੇ ਗੁਰਦਾਸਪੁਰ ਸੰਸਦੀ ਖੇਤਰ ਤੋਂ ਵਿਨੋਦ ਖੰਨਾ ਨੇ ਕਾਂਗਰਸ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਸੀ।
ਜਨਵਰੀ 2019 'ਚ ਕੰਡੀ ਏਰੀਆ ਡਿਵੈੱਲਪਮੈਂਟ ਬੋਰਡ ਦੇ ਪੁਰਨਗਠਨ ਦਾ ਐਲਾਨ :
ਪੰਜਾਬ ਸਰਕਾਰ ਨੇ ਇਸ ਸਾਲ ਮੰਤਰੀ ਮੰਡਲ ਦੀ ਬੈਠਕ 'ਚ ਕੰਡੀ ਏਰੀਆ ਡਿਵੈੱਲਪਮੈਂਟ ਬੋਰਡ ਦੇ ਪੁਰਨਗਠਨ ਦਾ ਐਲਾਨ ਕੀਤਾ ਸੀ ਅਤੇ ਸਰਕਾਰ ਨੇ ਤੱਤਕਾਲ ਪ੍ਰਭਾਵ ਨਾਲ ਇਲਾਕੇ ਦੇ ਵਿਕਾਸ ਅਤੇ ਮੁੱਢਲੀਆਂ ਸਹੂਲਤਾਂ ਲਈ 100 ਕਰੋੜ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ ਸੀ। ਉਥੇ ਹੀ ਇਲਾਕੇ 'ਚ ਪੀਣ ਵਾਲੇ ਪਾਣੀ ਦੀ ਸਹੂਲਤ ਨੂੰ ਬਿਹਤਰ ਬਣਾਉਣ ਲਈ ਡੂੰਘੇ ਟਿਊਬਵੈੱਲਾਂ ਦੀ ਖੋਦਾਈ ਲਈ ਵਾਧੂ 10 ਕਰੋੜ ਰੁਪਏ ਵੀ ਜਾਰੀ ਕੀਤੇ ਸਨ। ਮੁੱਖ ਮੰਤਰੀ ਨੇ ਬਿਜਲੀ ਵਿਭਾਗ ਨੂੰ ਇਹ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਸੀ ਕਿ ਕੰਡੀ ਇਲਾਕੇ 'ਚ 24 ਘੰਟੇ ਬਿਜਲੀ ਸਪਲਾਈ ਕੀਤੀ ਜਾਵੇ।
ਚੋਣ ਅਧਿਕਾਰੀ ਵਲੋਂ ਤਰਨਤਾਰਨ ਤੋਂ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਨੂੰ ਨੋਟਿਸ
NEXT STORY