ਚੰਡੀਗੜ੍ਹ (ਰਮਨਜੀਤ) - ਪੰਜਾਬ ਪੁਲਸ ਨੇ ਨਿਹੰਗਾਂ ਦੇ ਇਕ ਸਮੂਹ ਵਲੋਂ ਪੁਲਸ ਮੁਲਾਜ਼ਮਾਂ ’ਤੇ ਬੇਰਹਿਮੀ ਨਾਲ ਕੀਤੇ ਹਮਲੇ ਦੇ ਮੱਦੇਨਜ਼ਰ ਸਖ਼ਤ ਕਾਰਵਾਈ ਕਰਦਿਆਂ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਨਫਰਤ ਭਰੇ ਸੰਦੇਸ਼ਾਂ ਰਾਹੀਂ ਭਾਵਨਾਵਾਂ ਭੜਕਾਉਣ ਵਾਲੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਭੁਪਿੰਦਰ ਸਿੰਘ ਪੁੱਤਰ ਸਵਰਗੀ ਜੀਤ ਸਿੰਘ, ਹੁਸ਼ਿਆਰਪੁਰ, ਦਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ, ਬਟਾਲਾ ਅਤੇ ਕੁਲਜੀਤ ਸਿੰਘ ਭੁੱਲਰ ਪੁੱਤਰ ਸਵਰਨ ਸਿੰਘ ਸੋਸ਼ਲ ਮੀਡੀਆ ’ਤੇ ਨਫ਼ਰਤ ਭਰੇ ਸੰਦੇਸ਼ਾਂ ਨਾਲ ਫਿਰਕੂ ਅਸ਼ਾਂਤੀ ਭੜਕਾਉਂਦੇ ਪਾਏ ਗਏ। ਤਿੰਨਾਂ ਵਿਰੁੱਧ ਆਈ.ਪੀ.ਸੀ. 1860 ਦੀ ਧਾਰਾ 115, 153-ਏ, 188, 269, 270, 271 ਅਤੇ 505 (2), ਮਹਾਮਾਰੀ ਰੋਗ ਐਕਟ, 1897 ਦੀ ਧਾਰਾ 3 ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਐਕਟ 2005 ਦੀ ਧਾਰਾ 54 ਦੇ ਤਹਿਤ ਵੱਖ-ਵੱਖ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।
ਡੀ.ਜੀ.ਪੀ. ਨੇ ਕਿਹਾ ਕਿ ਇਹ ਵਿਅਕਤੀ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਨਫ਼ਰਤ ਭਰੇ ਪ੍ਰਚਾਰ ’ਚ ਸ਼ਾਮਲ ਹਨ। ਗੁਪਤਾ ਨੇ ਕਿਹਾ ਕਿ ਭੁਪਿੰਦਰ ਸਿੰਘ ਨੇ ਆਪਣੀ ਭੜਕਾਊ ਇੰਟਰਵਿਊ ਅਪਣੇ ਸਾਂਝ ਪੰਜਾਬ ਫੇਸਬੁੱਕ ਟੀ.ਵੀ. ਚੈਨਲ ਨੂੰ ਪੋਸਟ ਕੀਤੀ ਸੀ, ਜਿਸ ’ਚ ਉਸ ਨੇ ਨਿਹੰਗਾਂ ਦੀ ਕਾਰਵਾਈ ਦਾ ਪੱਖ ਪੂਰਿਆ ਸੀ ਪਰ ਬਾਅਦ ’ਚ ਇਸ ਇੰਟਰਵਿਊ ਨੂੰ ਹਟਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਲਸ ਫੇਸਬੁਕ ਚੈਨਲ ਵਿਰੁੱਧ ਕਾਰਵਾਈ ਕਰਨ ਲਈ ਕਾਨੂੰਨੀ ਵਿਕਲਪਾਂ ਦੀ ਭਾਲ ਕਰ ਰਹੀ ਹੈ। ਗੁਪਤਾ ਨੇ ਕਿਹਾ ਕਿ ਭੁੱਲਰ ਅਤੇ ਦਵਿੰਦਰ ਨੇ ਵੀ ਫੇਸਬੁਕ ’ਤੇ ਭਡ਼ਕਾਊ ਅਤੇ ਭੱਦੇ ਬਿਆਨ ਦਿੱਤੇ ਸਨ, ਨਿਹੰਗ ਕਾਰਵਾਈ ਦੀ ਸ਼ਲਾਘਾ ਕੀਤੀ ਅਤੇ ਨਿਹੰਗਾਂ ਨੂੰ ਹੋਰ ਅਜਿਹੇ ਹਮਲੇ ਕਰਨ ਲਈ ਅੱਗੇ ਆਉਣ ਲਈ ਉਕਸਾਇਆ। ਪੁਲਸ ਜਾਂ ਸਮਾਜ ਦੇ ਕਿਸੇ ਵੀ ਹੋਰ ਵਰਗ ਵਿਰੁੱਧ ਨਫ਼ਰਤ ਭੜਕਾਉਣ ਅਤੇ ਹਿੰਸਾ ਫੈਲਾਉਣ ਵਾਲਿਆਂ ਵਿਰੁੱਧ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੰਦਿਆਂ ਡੀ.ਜੀ.ਪੀ. ਨੇ ਕਿਹਾ ਕਿ ਕਿਸੇ ਨੂੰ ਵੀ ਕਿਸੇ ਕੀਮਤ ਤੇ ਰਾਜ ’ਚ ਨਫ਼ਰਤ ਫੈਲਾਉਣ ਜਾਂ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਫੈਲਣ ਕਾਰਨ ਪੈਦਾ ਹੋਈ ਸੰਕਟਕਾਲੀ ਸਥਿਤੀ ’ਚ ਸਮੁੱਚੀ ਪੁਲਸ ਫੋਰਸ ਦਿਨ ਰਾਤ ਕਰਫਿਊ ਲਾਗੂ ਕਰਵਾਉਣ ਲਈ ਯਤਨਸ਼ੀਲ ਹੈ ਅਤੇ ਇਨ੍ਹਾਂ ਮੁਸ਼ਕਲ ਹਾਲਤਾਂ ’ਚ ਲੋੜਵੰਦਾਂ ਨੂੰ ਰਾਹਤ ਪ੍ਰਦਾਨ ਕਰਵਾ ਰਹੀ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਕਰਫਿਊ ਦੀਆਂ ਪਾਬੰਦੀਆਂ ਦੀ ਕਿਸੇ ਵੀ ਕਿਸਮ ਨਾਲ ਉਲੰਘਣਾ ਜਾਂ ਰਾਜ ’ਚ ਅਸ਼ਾਂਤੀ ਦਾ ਮਾਹੌਲ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਵੀ ਇਸ ਸਬੰਧ ’ਚ ਪੰਜਾਬ ਪੁਲਸ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਹਨ। ਕੱਲ੍ਹ ਪਟਿਆਲਾ ਹਮਲੇ ਤੋਂ ਬਾਅਦ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਅਸੀਂ ਆਪਣੇ ਪੁਲਸ ਮੁਲਾਜ਼ਮਾਂ ਖਿਲਾਫ਼ ਅਜਿਹੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਸ ਨੇ ਅੰਮ੍ਰਿਤਸਰ ਦੇ ਇਕ ਸੁਧੀਰ ਸੂਰੀ ਅਤੇ ਪਟਿਆਲਾ ਦੇ ਅਕਾਸ਼ ਦੀਪ ਨੂੰ ਉਨ੍ਹਾਂ ਦੇ ਫਿਰਕੂ ਅਤੇ ਭੜਕਾਊ ਬਿਆਨਾਂ ਅਤੇ ਪੋਸਟਾਂ ਲਈ ਗ੍ਰਿਫ਼ਤਾਰ ਕੀਤਾ ਸੀ।
ਅਰੁਣਾ ਚੌਧਰੀ ਵਲੋਂ ਪਟਿਆਲਾ ਪੁਲਸ 'ਤੇ ਹਮਲੇ ਦੀ ਨਿਖੇਧੀ, ਬੈਂਸ ਦੇ ਬਿਆਨ ਨੂੰ ਦੱਸਿਆ ਗੈਰ-ਜ਼ਿਮੇਵਾਰਾਨਾ
NEXT STORY