ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਨਗਰ ਨਿਗਮ ਦੀਆਂ ਅਗਲੀਆਂ ਚੋਣਾਂ 26 ਦੀ ਥਾਂ 35 ਵਾਰਡਾਂ ’ਤੇ ਹੀ ਹੋਣਗੀਆਂ। ਯੂ. ਟੀ. ਪ੍ਰਸ਼ਾਸਨ ਨੇ ਵਾਰਡਬੰਦੀ ਨੂੰ ਲੈ ਕੇ ਫਾਈਨਲ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਡਰਾਫਟ ’ਤੇ ਲੋਕਾਂ ਦੇ ਸੁਝਾਅ ਅਤੇ ਇਤਰਾਜ਼ ਮੰਗੇ ਗਏ ਸਨ, ਜਿਸ ਤੋਂ ਬਾਅਦ ਹੀ 9 ਵਾਰਡਾਂ ਦੇ ਇਲਾਕੇ 'ਚ ਥੋੜ੍ਹਾ-ਬਹੁਤ ਬਦਲਾਅ ਕੀਤਾ ਗਿਆ ਹੈ। ਪ੍ਰਿੰਸੀਪਲ ਸਕੱਤਰ ਅਰੁਣ ਕੁਮਾਰ ਗੁਪਤਾ ਵਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ, ਉੱਥੇ ਹੀ ਕਾਂਗਰਸੀ ਹਾਲੇ ਵੀ ਵਾਰਡਬੰਦੀ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਕੌਂਸਲਰਾਂ ਅਨੁਸਾਰ ਹੀ ਇਹ ਨਵੀਂ ਵਾਰਡਬੰਦੀ ਕੀਤੀ ਗਈ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਨਿਗਮ 'ਚ 13 ਪਿੰਡ ਸ਼ਾਮਲ ਹੋਏ ਸਨ। ਇਨ੍ਹਾਂ ਪਿੰਡਾਂ 'ਚ ਬਹਿਲਾਣਾ, ਰਾਏਪੁਰ ਖੁਰਦ, ਰਾਇਪੁਰਕਲਾਂ, ਮੱਖਣਮਾਜਰਾ, ਦਰੀਆ, ਮੌਲੀਜਾਗਰਾਂ, ਕਿਸ਼ਨਗੜ੍ਹ, ਕੈਂਬਵਾਲਾ, ਖੁੱਡਾ ਅਲੀਸ਼ੇਰ, ਖੁੱਡਾ ਜੱਸੂ, ਖੁੱਡਾ ਲਾਹੌਰਾ, ਸਾਰੰਗਪੁਰ ਅਤੇ ਧਨਾਸ ਸ਼ਾਮਿਲ ਹਨ। ਇਨ੍ਹਾਂ 'ਚ 50 ਹਜ਼ਾਰ ਤੋਂ ਉਪਰ ਜਨਸੰਖਿਆ ਹੈ। ਇਨ੍ਹਾਂ ਪਿੰਡਾਂ ਦੇ ਨਿਗਮ 'ਚ ਆਉਣਾ ਵੀ ਵਾਰਡਾਂ ਦੀ ਗਿਣਤੀ ਵਧਾਉਣ ਦੀ ਲੋੜ ਪਈ। ਪ੍ਰਸ਼ਾਸਨ ਨੇ ਆਪਣੇ ਡਰਾਫਟ ਤੋਂ ਬਾਅਦ ਫਾਈਨਲ ਨੋਟੀਫਿਕੇਸ਼ਨ 'ਚ ਬਦਲਾਅ ਕੀਤੇ ਹਨ। ਇਸ ਤਹਿਤ ਵਾਰਡ ਨੰਬਰ-4 ਤੋਂ ਪੀਪਲੀਵਾਲਾ ਟਾਊਨ, ਹਾਊਸਿੰਗ ਬੋਰਡ ਡੁਪਲੈਕਸ ਮਨੀਮਾਜਰਾ ਨੂੰ ਹਟਾ ਦਿੱਤਾ ਗਿਆ ਹੈ, ਜਦੋਂ ਕਿ ਇਨ੍ਹਾਂ ਦੀ ਥਾਂ ਇੰਦਰਾ ਕਾਲੋਨੀ ਨੂੰ ਵਾਰਡ 'ਚ ਸ਼ਾਮਲ ਕੀਤਾ ਗਿਆ ਹੈ, ਉੱਥੇ ਹੀ ਵਾਰਡ ਨੰਬਰ-5 'ਚ ਹੁਣ ਪੀਪਲੀਵਾਲਾ ਟਾਊਨ, ਸੁਭਾਸ਼ ਨਗਰ, ਢਿੱਲੋਂ ਕੰਪਲੈਕਸ, ਮੋਟਰ ਮਾਰਕੀਟ ਮਨੀਮਾਜਰਾ ਨੂੰ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਪਹਿਲਾਂ ਇਸ ਏਰੀਏ ਨੂੰ ਵੱਖ-ਵੱਖ ਵਾਰਡ 'ਚ ਸ਼ਾਮਲ ਕੀਤਾ ਗਿਆ ਸੀ।
ਇਸੇ ਤਰ੍ਹਾਂ ਵਾਰਡ ਨੰਬਰ-9 'ਚ ਹੁਣ ਸਮਾਲ ਫਲੈਟਸ ਮੌਲੀਜਾਗਰਾਂ ਪਾਰਟ 2 ਦਾ ਏਰੀਆ ਵੀ ਸ਼ਾਮਲ ਕੀਤਾ ਗਿਆ ਹੈ। ਵਾਰਡ ਨੰਬਰ-16 'ਚ ਪਹਿਲਾਂ ਦੇ ਏਰੀਏ ਤੋਂ ਇਲਾਵਾ ਹੁਣ ਚੰਡੀਗੜ੍ਹ ਆਰਮਡ ਪੁਲਸ ਕੰਪਲੈਕਸ ਧਨਾਸ ਦਾ ਏਰੀਆ ਵੀ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਵਾਰਡ ਨੰਬਰ-26 'ਚ ਹੁਣ ਬਦਲਾਅ ਕਰ ਕੇ ਸੈਕਟਰ-38 ਵੈਸਟ ਪੁਨਰਵਾਸ ਕਾਲੋਨੀ ਦਾ ਏਰੀਆ ਸ਼ਾਮਲ ਕੀਤਾ ਗਿਆ ਹੈ, ਉੱਥੇ ਹੀ ਵਾਰਡ ਨੰਬਰ-27 'ਚ ਸੈਕਟਰ-38 ਵੈਸਟ ਪੁਨਰਵਾਸ ਕਾਲੋਨੀ ਨੂੰ ਛੱਡ ਕੇ ਸੈਕਟਰ-38 ਵੈਸਟ ਦਾ ਬਾਕੀ ਏਰੀਆ ਸ਼ਾਮਲ ਕੀਤਾ ਗਿਆ ਹੈ।
ਪਹਿਲਾਂ 2006 'ਚ ਹੋਈ ਸੀ ਵਾਰਡਬੰਦੀ
ਇਸ ਤੋਂ ਪਹਿਲਾਂ ਸ਼ਹਿਰ ਦੀ ਵਾਰਡਬੰਦੀ ਸੈਂਸਸ 2001 ਦੇ ਬੇਸ ’ਤੇ 2006 'ਚ ਹੋਈ ਸੀ। 2015 'ਚ ਵੀ ਵਾਰਡਬੰਦੀ ਕਰਨ ਦਾ ਫ਼ੈਸਲਾ ਹੋਇਆ ਸੀ। ਡੀ. ਸੀ. ਦਫ਼ਤਰ ਨੇ 33 ਵਾਰਡ ਦਾ ਖਾਕਾ ਵੀ ਤਿਆਰ ਕਰ ਲਿਆ ਸੀ, ਪਰ 13 ਪਿੰਡ ਐੱਮ. ਸੀ. 'ਚ ਸ਼ਾਮਲ ਨਾ ਕੀਤੇ ਜਾਣ ਦੇ ਵਿਰੋਧ ਦੇ ਚੱਲਦੇ ਇਹ ਯੋਜਨਾ ਸਿਰੇ ਨਹੀਂ ਚੜ੍ਹ ਸਕੀ ਸੀ। ਇਸ ਤੋਂ ਇਲਾਵਾ ਉਸ ਸਮੇਂ ਸਮਾਂ ਘੱਟ ਰਹਿਣ ਅਤੇ ਸੈਕਟਰਵਾਇਜ਼ ਸੈਂਸਸ ਦਾ ਰਿਕਾਰਡ ਮੁਹੱਈਆ ਨਾ ਹੋਣ ਦੇ ਚੱਲਦੇ ਵੀ ਇਹ ਕੰਮ ਨਹੀਂ ਹੋ ਸਕਿਆ ਸੀ।
ਆਦਮਪੁਰ ਤੋਂ ਮੁੰਬਈ ਦੀ ਫਲਾਈਟ 10 ਜਨਵਰੀ ਤੋਂ ਬਾਅਦ ਨਹੀਂ ਭਰੇਗੀ ਉਡਾਣ, ਜਾਣੋ ਕਿਉਂ
NEXT STORY