ਚੰਡੀਗੜ੍ਹ (ਸ਼ੁਸ਼ੀਲ) : ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ 32 'ਚ ਸਥਿਤ ਇਕ ਪੀ.ਜੀ. 'ਚ ਆਚਾਨਕ ਅੱਗ ਲੱਗਣ ਕਾਰਨ ਤਿੰਨ ਕੁੜੀਆਂ ਦੀ ਮੌਤ ਹੋ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆ ਚਸ਼ਮਦੀਦ ਜਗਦੀਪ ਮਹਾਜਨ ਨੇ ਦੱਸਿਆ ਕਿ ਪੀ. ਜੀ. 'ਚ ਧੂੰਆਂ ਜ਼ਿਆਦਾ ਫੈਲ ਗਿਆ ਸੀ। ਇਸ ਕਾਰਣ ਕੁਝ ਵਿਖਾਈ ਨਹੀਂ ਦੇ ਰਿਹਾ ਸੀ। ਇਕ ਲੜਕੀ ਨੇ ਜਾਨ ਬਚਾਉਣ ਲਈ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਤਿੰਨ ਲੜਕੀਆਂ ਨੂੰ ਅੱਗ ਲੱਗਣ ਦੇ 45 ਮਿੰਟ ਬਾਅਦ ਫਾਇਰਕਰਮੀਆਂ ਨੇ ਝੁਲਸੀਆਂ ਹੋਈਆਂ ਬਾਹਰ ਕੱਢਿਆ ਹੈ।
ਪਲਾਸਟਿਕ ਦਾ ਧੂੰਆਂ ਬਣਿਆ ਅੱਗ ਬੁਝਾਉਣ 'ਚ ਅੜਚਨ
ਫਾਇਰ ਸਟੇਸ਼ਨ ਮਾਸਟਰ ਲਾਲ ਬਹਾਦਰ ਗੌਤਮ ਨੇ ਦੱਸਿਆ ਕਿ ਪਲਾਸਟਿਕ ਦਾ ਧੂੰਆਂ ਹੋਣ ਕਾਰਣ ਫਾਇਰਕਰਮੀ ਕਮਰੇ 'ਚ ਨਹੀਂ ਜਾ ਪਾ ਰਹੇ ਸਨ। ਬੜੀ ਮੁਸ਼ਕਲ ਨਾਲ ਅੱਗ ਬੁਝਾ ਕੇ ਫਾਇਰਕਰਮੀ ਕਮਰੇ 'ਚ ਗਏ ਅਤੇ ਕਮਰੇ 'ਚ ਫਸੀਆਂ ਦੋ ਲੜਕੀਆਂ ਨੂੰ ਕੰਧ ਤੋੜ ਕੇ ਝੁਲਸੀ ਹਾਲਤ 'ਚ ਅਤੇ ਇਕ ਲੜਕੀ ਨੂੰ ਬੈੱਡਰੂਮ ਤੋਂ ਬਾਹਰ ਕੱਢ ਕੇ ਪੁਲਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ। ਉਨ੍ਹਾਂ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੈ।
ਤਿੰਨੇ ਵਿਦਿਆਰਥਣਾਂ ਪੜ੍ਹਾਈ ਲਈ ਆਈਆਂ ਸਨ ਚੰਡੀਗੜ੍ਹ
ਪੀ. ਜੀ. 'ਚ ਅੱਗ ਲੱਗਣ ਨਾਲ ਜਾਨ ਗੁਆਉਣ ਵਾਲੀਆਂ ਤਿੰਨੇ ਲੜਕੀਆਂ ਆਪਣਾ-ਆਪਣਾ ਘਰ ਛੱਡ ਕੇ ਪੜ੍ਹਾਈ ਕਰਨ ਚੰਡੀਗੜ੍ਹ ਆਈਆਂ ਹੋਈਆਂ ਸਨ। ਜਾਂਚ 'ਚ ਪਤਾ ਲੱਗਾ ਕਿ ਮੁਸਕਾਨ ਸੈਕਟਰ-32 ਸਥਿਤ ਐੱਸ. ਡੀ. ਕਾਲਜ 'ਚ ਐੱਮ. ਕਾਮ., ਪਾਕਸ਼ੀ ਐੱਸ. ਡੀ. ਕਾਲਜ 'ਚ ਬੀ. ਬੀ. ਏ. ਅਤੇ ਰੀਆ ਸੈਕਟਰ-36 ਤੋਂਂ ਫਰੈਂਚ ਦਾ ਕੋਰਸ ਕਰ ਰਹੀ ਸੀ। ਉਥੇ ਹੀ ਜ਼ਖ਼ਮੀ ਜੈਸਮੀਨ ਐੱਸ. ਡੀ. ਕਾਲਜ ਤੋਂ ਬੀ. ਏ. ਅਤੇ ਫੈਮੀਨਾ ਨੈੱਟ ਦੀ ਤਿਆਰੀ ਕਰ ਰਹੀ ਸੀ।
ਦੋ ਦੀ ਸਾਹ ਘੁੱਟਣ ਅਤੇ ਇਕ ਦੀ ਸੜਨ ਨਾਲ ਹੋਈ ਮੌਤ
ਅੱਗ ਲੱਗਣ ਨਾਲ ਤਿੰਨ ਲੜਕੀਆਂ 'ਚੋਂ ਦੋ ਦੀ ਸਾਹ ਘੁੱਟਣ ਅਤੇ ਇਕ ਦੀ ਮੌਤ ਝੁਲਸਣ ਨਾਲ ਹੋਈ ਹੈ। ਪੁਲਸ ਨੇ ਦੱਸਿਆ ਕਿ ਹਿਸਾਰ ਨਿਵਾਸੀ ਮੁਸਕਾਨ ਦੀ ਮੌਤ ਅੱਗ 'ਚ ਝੁਲਸਣ, ਕੋਟਕਪੁਰਾ ਨਿਵਾਸੀ ਪਾਕਸ਼ੀ ਅਤੇ ਰੀਆ ਦੀ ਮੌਤ ਸਾਹ ਘੁੱਟਣ ਨਾਲ ਹੋਈ ਹੈ। ਉਥੇ ਹੀ ਛਾਲ ਮਾਰਨ ਵਾਲੀ ਵਿਦਿਆਰਥਣ ਜਸਮੀਨ ਅਤੇ ਫੈਮੀਨਾ ਨੂੰ ਮਾਮੂਲੀ ਸੱਟ ਲੱਗੀ ਹੋਈ ਹੈ।
ਪੀ. ਜੀ. ਕੀਤਾ ਹੋਇਆ ਸੀ ਅੱਗੇ ਸਬਲੈਟ
ਸੂਤਰਾਂ ਅਨੁਸਾਰ ਸੈਕਟਰ-32 ਸਥਿਤ ਕੋਠੀ ਨੰ. 3325 'ਚ ਲੜਕੀਆਂ ਦਾ ਪੀ. ਜੀ. ਨਾਜਾਇਜ਼ ਚੱਲ ਰਿਹਾ ਸੀ। ਕੋਠੀ ਦੇ ਬਾਹਰ ਮਾਲਕ ਗੌਰਵ ਅਨੇਜਾ ਦਾ ਨਾਮ ਲਿਖਿਆ ਹੋਇਆ ਸੀ। ਸੂਤਰਾਂ ਤੋਂ ਪਤਾ ਲੱਗਾ ਕਿ ਕੋਠੀ ਮਾਲਕ ਨੇ ਪੀ. ਜੀ. ਚਲਾਉਣ ਲਈ ਕਿਸੇ ਵਿਅਕਤੀ ਨੂੰ ਦਿੱਤਾ ਹੋਇਆ ਸੀ। ਉਸ ਵਿਅਕਤੀ ਨੇ ਪੀ. ਜੀ. 'ਚ ਕੇਅਰ ਟੇਕਰ ਰੱਖਿਆ ਸੀ। ਕੇਅਰ ਟੇਕਰ ਹੀ ਪੀ. ਜੀ. ਚਲਾ ਰਿਹਾ ਸੀ।
1100 ਪੀ. ਜੀ. ਨਾਜਾਇਜ਼ ਚੱਲ ਰਹੇ
ਸੂਤਰਾਂ ਦੀ ਮੰਨੀਏ ਤਾਂ ਚੰਡੀਗੜ੍ਹ 'ਚ ਕਰੀਬ 1100 ਤੋਂ ਜ਼ਿਆਦਾ ਪੀ. ਜੀ. ਨਾਜਾਇਜ਼ ਚੱਲ ਰਹੇ ਹਨ। ਨਾਜਾਇਜ਼ ਪੀ. ਜੀਜ਼ 'ਤੇ ਕਾਰਵਾਈ ਕਰਨ ਦੀ ਥਾਂ ਅਸਟੇਟ ਆਫਿਸ ਦੇ ਅਧਿਕਾਰੀਆਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ।
ਇਨ੍ਹਾਂ ਸੈਕਟਰਾਂ 'ਚ ਚੱਲ ਰਹੇ ਜ਼ਿਆਦਾਤਰ ਪੀ. ਜੀ.
ਸ਼ਹਿਰ 'ਚ ਸਿਰਫ਼ 20 ਪੀ. ਜੀ. ਹੀ ਅਸਟੇਟ ਦਫਤਰ ਕੋਲ ਰਜਿਸਟਰਡ ਹਨ। ਸਭ ਤੋਂ ਜ਼ਿਆਦਾ ਪੀ. ਜੀ. ਸੈਕਟਰ-15, 16, 7, 8, 10, 18, 19, 21, 35, 36, 37, 40, 42, 44 'ਚ ਚੱਲ ਰਹੇ ਹਨ। ਇਹੀ ਨਹੀਂ, ਇਕ-ਇਕ ਕਮਰੇ 'ਚ ਚਾਰ ਤੋਂ ਪੰਜ ਵਿਦਿਆਰਥੀ ਤੱਕ ਰੱਖੇ ਹੋਏ ਹਨ।
ਪੀ. ਜੀ. ਸੰਚਾਲਕਾਂ ਨੂੰ ਅਸਟੇਟ ਦਫਤਰ 'ਚ ਦੇਣੀ ਹੋਵੇਗੀ ਇਹ ਜਾਣਕਾਰੀ
-ਸੰਚਾਲਕ ਅਤੇ ਮਾਲਕ ਦਾ ਨਾਮ
-ਪੀ. ਜੀ. ਦਾ ਏਰੀਆ
-ਪੀ. ਜੀ. 'ਚ ਕਿੰਨੇ ਲੋਕ ਰਹਿ ਰਹੇ ਹਨ ਅਤੇ ਕਿੰਨੇ ਲੋਕਾਂ ਨੂੰ ਰੱਖਿਆ ਜਾ ਸਕਦਾ ਹੈ
-ਅਸਟੇਟ ਆਫਿਸ ਤੋਂ ਆਕਿਊਪੈਂਸੀ ਸਰਟੀਫਿਕੇਟ ਲੈਣਾ ਲਾਜ਼ਮੀ।
ਜਲੰਧਰ : ਘੇਈ ਫਰਨੀਚਰ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ
NEXT STORY