ਚੰਡੀਗੜ੍ਹ (ਰਮਨਜੀਤ) : ਭਾਰਤੀ ਫੌਜ ਵਿਚ ਪੰਜਾਬ ਦੇ ਅਫਸਰਾਂ ਦੀ ਹਿੱਸੇਦਾਰੀ ਵਧਾਉਣ ਨੂੰ ਲੈ ਕੇ ਡਿਫੈਂਸ ਅਕੈਡਮੀ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਅਕੈਡਮੀ ਨੌਜਵਾਨਾਂ ਨੂੰ ਫ੍ਰੀ ਕੋਚਿੰਗ ਦੇਵੇਗੀ। ਚੰਡੀਗੜ੍ਹ ਡਿਫੈਂਸ ਅਕੈਡਮੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਹਾਜ਼ਰੀ 'ਚ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਐੱਨ. ਡੀ. ਏ. ਦੇ ਮਾਧਿਅਮ ਨਾਲ ਦੇਸ਼ ਦੀਆਂ ਡਿਫੈਂਸ ਸਰਵਿਸਿਜ਼ ਨਾਲ ਜੋੜਨ ਲਈ ਵਿਜ਼ਨ 2022 ਐਤਵਾਰ ਨੂੰ ਲਾਂਚ ਕੀਤਾ। ਚੰਡੀਗੜ੍ਹ ਪ੍ਰੈੱਸ ਕਲੱਬ 'ਚ ਲਾਂਚ ਮੌਕੇ ਮੌਜੂਦ ਸਪੈਸ਼ਲ ਗੈਸਟ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਚੰਡੀਗੜ੍ਹ ਡਿਫੈਂਸ ਅਕੈਡਮੀ ਦੀ ਇਸ ਮੁਹਿੰਮ ਦੀ ਕਾਫ਼ੀ ਸ਼ਲਾਘਾ ਕੀਤੀ ਅਤੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਪੂਰਾ ਸਹਿਯੋਗ ਚੰਡੀਗੜ੍ਹ ਡਿਫੈਂਸ ਅਕੈਡਮੀ ਨੂੰ ਮਿਲੇਗਾ ਤਾਂ ਕਿ ਪੰਜਾਬ ਇਕ ਵਾਰ ਫਿਰ ਭਾਰਤੀ ਸੈਨਾਵਾਂ ਅਤੇ ਡਿਫੈਂਸ ਸਰਵਿਸਿਜ਼ 'ਚ ਆਪਣਾ ਗੌਰਵਸ਼ਾਲੀ ਸਥਾਨ ਹਾਸਲ ਕਰ ਸਕੇ।
ਚੰਡੀਗੜ੍ਹ ਡਿਫੈਂਸ ਅਕਾਦਮੀ ਦੇ ਇਸ ਵਿਜ਼ਨ 2022 'ਚ ਪੰਜਾਬ ਦੇ ਨੌਜਵਾਨਾਂ ਨੂੰ ਇਕ ਵਾਰ ਫਿਰ ਤੋਂ ਦੇਸ਼ ਦੀਆਂ ਆਰਮਡ ਫੋਰਸਿਜ਼ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ ਪੰਜਾਬ ਦਾ ਨੌਜਵਾਨ ਜੋ ਅੱਜਕਲ ਸਿਰਫ ਵਿਦੇਸ਼ ਜਾਣ ਦੀ ਦੌੜ 'ਚ ਹੀ ਲੱਗਾ ਹੋਇਆ ਹੈ ਅਤੇ ਇਸ ਵਜ੍ਹਾ ਨਾਲ ਦੇਸ਼ ਦੀਆਂ ਆਰਮਡ ਫੋਰਸਿਜ਼ 'ਚ ਪੰਜਾਬ ਤੋਂ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ ਘੱਟ ਕੇ ਸਿਰਫ ਹਾਸ਼ੀਏ ਤੱਕ ਹੀ ਰਹਿ ਗਈ ਹੈ, ਨੂੰ ਲੈ ਕੇ 'ਵਿਦੇਸ਼ਾਂ ਨੂੰ ਨਹੀਂ, ਦੇਸ਼ ਨੂੰ ਚੱਲੋ' ਨਾਂ ਦੀ ਕੰਪੇਨ ਵੀ ਚੰਡੀਗੜ੍ਹ ਡਿਫੈਂਸ ਅਕੈਡਮੀ ਵੱਲੋਂ ਲਾਂਚ ਕੀਤੀ ਗਈ ਹੈ।
ਇਸ ਕੰਪੇਨ ਤਹਿਤ ਸ਼ਹੀਦਾਂ ਦੇ ਪਰਿਵਾਰਾਂ ਦੇ ਬੱਚਿਆਂ, ਯਤੀਮਖ਼ਾਨੇ 'ਚ ਰਹਿ ਕੇ ਪੜ੍ਹਾਈ ਕਰ ਰਹੇ ਹੁਸ਼ਿਆਰ ਬੱਚਿਆਂ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਸਿੰਗਲ ਮਦਰ ਦੇ ਬੱਚਿਆਂ ਨੂੰ ਤਕਰੀਬਨ 1 ਲੱਖ 80 ਹਜ਼ਾਰ ਦੀ ਸਕਾਲਰਸ਼ਿਪ (ਟਿਊਸ਼ਨ ਫੀ ਵੇਵਰ) ਚੰਡੀਗੜ੍ਹ ਡਿਫੈਂਸ ਅਕੈਡਮੀ ਵੱਲੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਰਿਟਾਇਰ ਆਰਮਡ ਫੋਰਸਿਜ਼ ਦੇ ਜਵਾਨਾਂ ਅਤੇ ਅਫਸਰਾਂ ਦੇ ਬੱਚਿਆਂ ਅਤੇ ਪੰਜਾਬ ਦੇ ਉਹ ਵਿਦਿਆਰਥੀ ਜੋ ਕਿ 10ਵੀਂ 'ਚ 80 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਆਏ ਹਨ, ਨੂੰ ਤਕਰੀਬਨ 90 ਹਜ਼ਾਰ ਰੁਪਏ ਦੀ ਸਕਾਲਰਸ਼ਿਪ (ਟਿਊਸ਼ਨ ਫੀ ਵੇਵਰ) ਦੇਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਛੇਤੀ ਹੀ ਚੰਡੀਗੜ੍ਹ ਡਿਫੈਂਸ ਅਕਾਦਮੀ ਦੇਸ਼ ਦੀ ਡਿਫੈਂਸ ਸਰਵਿਸਿਜ਼ 'ਚ ਪੰਜਾਬ ਦੇ ਉਸ ਮੁਕਾਮ ਨੂੰ ਇਕ ਵਾਰ ਫਿਰ ਤੋਂ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ, ਜਿਸ ਨੂੰ ਲੈ ਕੇ ਪੰਜਾਬ ਆਪਣੀ ਇਕ ਵੱਖ ਹੀ ਪਛਾਣ ਰੱਖਦਾ ਹੈ।
ਪੰਜਾਬ ਦੇ 12,700 ਪਿੰਡਾਂ ਨੂੰ 'ਸ਼ੁੱਧ ਪਾਣੀ' ਪਿਲਾਵੇਗਾ ਇਹ NRI
NEXT STORY