ਜਲੰਧਰ (ਖੁਰਾਣਾ) : ਪੰਜਾਬ ’ਚ ਵਿਧਾਨ ਸਭਾ ਚੋਣਾਂ ਵਿਚ ਕੁਝ ਹੀ ਮਹੀਨੇ ਬਾਕੀ ਰਹਿ ਗਏ ਹਨ, ਅਜਿਹੇ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਸਥਾਨ ’ਤੇ ਆਏ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਣਾਵੀ ਫੈਸਲਾ ਲੈਂਦਿਆਂ ਸੂਬੇ ਦੇ ਸਾਰੇ ਘਰੇਲੂ ਖਪਤਕਾਰਾਂ ਦੇ ਪੁਰਾਣੇ ਪਾਣੀ ਦੇ ਬਿੱਲ ਮੁਆਫ ਕਰ ਦਿੱਤੇ ਹਨ। ਇਸ ਐਲਾਨ ਦਾ ਅਸਰ ਜਲੰਧਰ ਨਿਗਮ ਤਹਿਤ ਆਉਂਦੇ ਹਜ਼ਾਰਾਂ ਪਰਿਵਾਰਾਂ ’ਤੇ ਵੀ ਹੋਇਆ ਹੈ। ਇਕ ਅਨੁਮਾਨ ਮੁਤਾਬਕ ਜਲੰਧਰ ਦੇ ਲਗਭਗ 50 ਹਜ਼ਾਰ ਪਰਿਵਾਰਾਂ ਵੱਲ ਖੜ੍ਹੇ ਪਾਣੀ ਦੇ ਬਿੱਲਾਂ ਦੇ ਬਕਾਏ ਵਜੋਂ 50 ਕਰੋੜ ਰੁਪਏ ਮੁਆਫ ਹੋ ਗਏ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ 5 ਮਰਲੇ ਤੋਂ ਘੱਟ ਦੇ ਮਕਾਨਾਂ ਵਿਚ ਰਹਿ ਰਹੇ ਲੋਕਾਂ ਨੂੰ ਪਾਣੀ ਦੇ ਬਿੱਲ ਮੁਆਫ ਕੀਤੇ ਹੋਏ ਹਨ। ਸਰਕਾਰ ਦੀ ਇਸ ਪੁਰਾਣੀ ਸਕੀਮ ਅਧੀਨ ਜਲੰਧਰ ਦੇ ਲਗਭਗ 80 ਹਜ਼ਾਰ ਪਰਿਵਾਰ ਪਹਿਲਾਂ ਹੀ ਮੁਆਫੀ ਦੇ ਘੇਰੇ ਵਿਚ ਹਨ। ਪੰਜਾਬ ਸਰਕਾਰ ਦੇ ਅੱਜ ਦੇ ਫੈਸਲੇ ਅਨੁਸਾਰ ਹੁਣ ਘਰੇਲੂ ਖਪਤਕਾਰਾਂ ਵੱਲ ਨਿਗਮ ਦਾ ਕੋਈ ਵੀ ਬਕਾਇਆ ਨਹੀਂ ਖੜ੍ਹਾ ਅਤੇ ਸ਼ਹਿਰ ਦੇ ਸਿਰਫ ਕਮਰਸ਼ੀਅਲ ਕੁਨੈਕਸ਼ਨਾਂ ਕੋਲੋਂ ਨਿਗਮ ਨੇ ਪਾਣੀ ਦੇ ਬਿੱਲ ਲੈਣੇ ਹਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਟਵੀਟ ’ਤੇ ਕੈਪਟਨ ਦਾ ਪਲਟਵਾਰ ਬੋਲੇ, ਦਿੱਤਾ ਠੋਕਵਾਂ ਜਵਾਬ
ਆਉਣ ਵਾਲੇ ਸਮੇਂ ’ਚ ਵੀ ਪਾਣੀ ਦਾ ਬਿੱਲ ਆਵੇਗਾ ਘੱਟ
ਸਰਕਾਰ ਵੱਲੋਂ ਵਾਟਰ ਬਿੱਲਾਂ ਦੇ ਮਾਮਲੇ ਵਿਚ ਲਏ ਗਏ ਫੈਸਲੇ ਅਨੁਸਾਰ ਜਿਥੇ ਘਰੇਲੂ ਖਪਤਕਾਰਾਂ ਦੇ ਸਾਰੇ ਪੁਰਾਣੇ ਬਿੱਲ ਮੁਆਫ ਕਰ ਦਿੱਤੇ ਗਏ ਹਨ, ਉਥੇ ਹੀ ਆਉਣ ਵਾਲੇ ਸਮੇਂ ਵਿਚ ਵੀ ਘਰੇਲੂ ਖਪਤਕਾਰਾਂ ਅਤੇ ਹੋਰ ਸ਼੍ਰੇਣੀਆਂ ਨੂੰ ਸਿਰਫ 50 ਰੁਪਏ ਮਹੀਨਾ ਵਾਟਰ ਯੂਜ਼ਰਜ਼ ਚਾਰਜ ਦੇਣਾ ਹੋਵੇਗਾ ਅਤੇ ਸੀਵਰੇਜ ਚਾਰਜ ਦੀ ਦਰ ਪਹਿਲਾਂ ਵਾਲੀ ਹੀ ਰਹੇਗੀ। ਉਸਨੂੰ ਇਕ ਚਾਰਟ ਦੇ ਜ਼ਰੀਏ ਸਮਝਿਆ ਜਾ ਸਕਦਾ ਹੈ। ਜਲੰਧਰ ਵਿਚ ਜੇਕਰ ਕੋਈ ਮਕਾਨ 10 ਤੋਂ ਲੈ ਕੇ 20 ਮਰਲੇ ਤੱਕ ਵਿਚ ਹੈ ਤਾਂ ਨਿਗਮ ਉਸ ਕੋਲੋਂ 280 ਰੁਪਏ ਪ੍ਰਤੀ ਮਹੀਨਾ ਦੇ (140 ਪਾਣੀ ਦੇ ਤੇ 140 ਸੀਵਰ ਦੇ) ਹਿਸਾਬ ਨਾਲ 3 ਮਹੀਨੇ ਦਾ 840 ਰੁਪਏ ਯੂਜ਼ਰਜ਼ ਚਾਰਜ ਵਸੂਲਦਾ ਹੈ। ਹੁਣ ਉਸੇ ਖਪਤਕਾਰ ਨੂੰ ਪਾਣੀ ਦੇ 50 ਅਤੇ ਸੀਵਰ ਦੇ 140 ਰੁਪਏ ਮਿਲਾ ਕੇ ਪ੍ਰਤੀ ਮਹੀਨਾ 190 ਅਤੇ 3 ਮਹੀਨਿਆਂ ਦੇ 570 ਰੁਪਏ ਦੇਣੇ ਪੈਣਗੇ। ਇਸ ਤਰ੍ਹਾਂ ਉਸ ਨੂੰ 270 ਰੁਪਏ 3 ਮਹੀਨਿਆਂ ਦੀ ਰਾਹਤ ਮਿਲੇਗੀ।
ਨਿਗਮ ਦੀ ਲੈਣਦਾਰੀ ਹੁਣ 80 ਕਰੋੜ ਦੀ ਬਜਾਏ ਰਹਿ ਜਾਵੇਗੀ ਸਿਰਫ 25 ਕਰੋੜ
ਚੰਨੀ ਸਰਕਾਰ ਦੇ ਫੈਸਲੇ ਨੇ ਨਗਰ ਨਿਗਮ ਦੀ ਆਰਥਿਕ ਹਾਲਤ ਪਤਲੀ ਕਰ ਦਿੱਤੀ ਹੈ। ਨਿਗਮ ਨੇ ਵਾਟਰ ਟੈਕਸ ਡਿਫਾਲਟਰਾਂ ਕੋਲੋਂ ਲਗਭਗ 80 ਕਰੋੜ ਦੀ ਰਾਸ਼ੀ ਲੈਣੀ ਸੀ। ਇਸ ਦੇ ਲਈ ਵਾਟਰ ਟੈਕਸ ਸ਼ਾਖਾ ਨੇ ਮੁਹਿੰਮ ਵੀ ਛੇੜੀ ਹੋਈ ਸੀ। ਹੁਣ ਆਉਣ ਵਾਲੇ ਸਮੇਂ ਵਿਚ ਵੀ ਨਿਗਮ ਨੂੰ ਵਾਟਰ ਬਿੱਲਾਂ ਵਜੋਂ ਘੱਟ ਆਮਦਨ ਹੋਇਆ ਕਰੇਗੀ। ਨਿਗਮ ਦਾ ਕੌਂਸਲਰ ਹਾਊਸ ਜਿਥੇ ਅੱਧੇ ਬਿੱਲਾਂ ਦੀ ਮੁਆਫੀ ਮੰਗ ਰਿਹਾ ਸੀ, ਉਥੇ ਹੀ ਸਰਕਾਰ ਨੇ ਸਾਰੇ ਬਿੱਲ ਮੁਆਫ ਕਰ ਕੇ ਖਜ਼ਾਨੇ ਦਾ ਹੀ ਮੂੰਹ ਖੋਲ੍ਹ ਦਿੱਤਾ ਹੈ।
ਇਹ ਵੀ ਪੜ੍ਹੋ : ਵਿਧਾਇਕ ਬੈਂਸ ’ਤੇ ਸਰੀਰਕ ਸੋਸ਼ਣ ਦੇ ਦੋਸ਼ ਲਾਉਣ ਵਾਲੀ ਔਰਤ ਦਾ ਯੂ-ਟਰਨ, ਵਾਪਸ ਲਈ ਦਰਖ਼ਾਸਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਲਈ ਦੋ ਹੋਰ ਉਮੀਦਵਾਰਾਂ ਦਾ ਐਲਾਨ
NEXT STORY