ਚੰਡੀਗੜ੍ਹ(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਬਰਸਾਤ ਤੇ ਗੜ੍ਹੇਮਾਰੀ ਕਾਰਣ ਖਰਾਬ ਹੋਈਆਂ ਫਸਲਾਂ ਦਾ ਸੌ ਫੀਸਦੀ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਸੰਧਵਾਂ ਨੇ ਕਿਹਾ ਕਿ ਹਾਲਾਂਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਕਦੇ ਵੀ ਪੂਰੇ ਨਹੀਂ ਕੀਤੇ ਪਰ ਚਹੁੰਤਰਫ਼ਾ ਮਾਰ ਝੱਲ ਰਹੇ ਕਿਸਾਨਾਂ ਦਾ ਸਹਾਰਾ ਬਣਦਿਆਂ ਸਰਕਾਰ ਨੂੰ ਮੁਆਵਜ਼ਾ ਤਤਕਾਲ ਜਾਰੀ ਕਰਨਾ ਚਾਹੀਦਾ ਹੈ।
ਸੰਧਵਾਂ ਨੇ ਕਿਹਾ ਕਿ ਕਾਂਗਰਸ ਦੇ ਸੂਬੇ ’ਚ ਨਾ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਇਆ, ਨਾ ਕਦੇ ਫ਼ਸਲਾਂ ਦਾ ਸਹੀ ਮੁਆਵਜਾ ਮਿਲਿਆ ਹੈ। ਪਿਛਲੇ ਸੀਜਨ ’ਚ ਬਾਰਦਾਨੇ ਦੀ ਘਾਟ ਕਾਰਣ ਕਿਸਾਨ ਪ੍ਰੇਸ਼ਾਨ ਹੋਏ ਸਨ ਅਤੇ ਹੁਣ ਝੋਨੇ ’ਚ ਜ਼ਿਆਦਾ ਨਮੀ ਦੇ ਨਾਂ ’ਤੇ ਕਿਸਾਨਾਂ ਦੀ ਫ਼ਸਲ ਨਾ ਖ਼ਰੀਦ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਭਾਂਵੇਂ ਖੇਤਾਂ ’ਚ ਖ਼ਰਾਬ ਹੋਵੇ ਜਾਂ ਮੰਡੀਆਂ ’ਚ ਬੈਠੇ ਕਿਸਾਨ ਪ੍ਰੇਸ਼ਾਨ ਹੋਣ, ਚੰਨੀ ਸਰਕਾਰ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਹੀ।
ਸੰਧਵਾਂ ਨੇ ਕਿਹਾ ਕਿ ਖੇਤੀ ਕੁਦਰਤ ’ਤੇ ਨਿਰਭਰ ਰਹੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਅਤੇ ਤਰਨਤਾਰਨ ਸਮੇਤ ਪੰਜਾਬ ਦੇ ਕੁੱਝ ਜ਼ਿਲ੍ਹਿਆਂ ’ਚ ਗੜ੍ਹੇ ਪੈਣ ਕਾਰਣ ਅਤੇ ਮਾਲਵਾ ਖੇਤਰ ’ਚ ਗੁਲਾਬੀ ਸੁੰਡੀ ਦੀ ਹਮਲੇ ਕਾਰਨ ਬਰਬਾਦ ਹੋਈਆਂ ਫ਼ਸਲਾਂ ਦਾ ਜਲਦ ਤੋਂ ਜਲਦ ਮੁਆਵਜਾ ਦਿੱਤਾ ਜਾਵੇ। ਨਾਲ ਹੀ ਝੋਨੇ ਦੀ ਨਮੀ ਦੀ ਮਾਤਰਾ ’ਚ ਛੋਟ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ ’ਚ ਰੁਲਣਾ ਨਾ ਪਵੇ।
ਸੰਧਵਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਕਿ ਝੋਨੇ ਦੀ ਫ਼ਸਲ ’ਚ ਨਮੀਂ ਦੀ ਮਾਤਰਾ ਤੋਂ ਛੋਟ ਹਾਸਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਂਝੇ ਵਫ਼ਦ ਰਾਹੀਂ ਮੁਲਾਕਤ ਕੀਤੀ ਜਾਵੇ ਤਾਂ ਜੋ ਕੇਂਦਰ ਸਰਕਾਰ ’ਤੇ ਦਬਾਅ ਪਾਇਆ ਜਾਵੇ ਕਿ ਮੀਂਹ ਕਾਰਣ ਝੋਨੇ ਦੀ ਫ਼ਸਲ ’ਚ ਵਧੀ ਨਮੀ ਨੂੰ ਦੇਖਦਿਆਂ ਫ਼ਸਲ ਵਿਚਲੀ ਨਮੀ ਦੀ ਸ਼ਰਤ ’ਚ ਛੋਟ ਦਿੱਤੀ ਜਾਵੇ ਅਤੇ ਝੋਨੇ ਦੀ ਖ਼ਰੀਦ ਨੂੰ ਤੇਜ਼ ਕੀਤਾ ਜਾਵੇ।
ਮੁੱਖ ਮੰਤਰੀ ਵੱਲੋਂ ਚਮਕੌਰ ਸਾਹਿਬ ਹਲਕੇ 'ਚ ਖਰੜ ਬਲਾਕ ਦੇ 35 ਪਿੰਡਾਂ ਦੇ ਵਿਕਾਸ ਲਈ 68 ਕਰੋੜ ਰੁਪਏ ਮਨਜ਼ੂਰ
NEXT STORY