ਜ਼ੀਰਕਪੁਰ (ਗੁਰਪ੍ਰੀਤ) : ਛੱਤਬੀੜ ਚਿੜੀਆਘਰ 'ਚ ਇੰਫਰਾਸਟਰੱਕਚਰ ਅਪਗ੍ਰੇਡੇਸ਼ਨ ਦਾ ਕੰਮ ਜਾਰੀ ਹੈ। ਜਲਦੀ ਹੀ ਡਾਇਨਾਸੋਰ ਪਾਰਕ ਅਤੇ ਫੂਡ ਪਲਾਜ਼ਾ ਨੂੰ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। ਇਹ ਗੱਲ ਛੱਤਬੀੜ ਚਿੜੀਆਘਰ 'ਚ ਸਮਾਰੋਹ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਹੀ। ਇਸ ਮੌਕੇ ਧਰਮਸੋਤ ਨੇ ਕੁਦਰਤੀ ਚੱਕਰ ਨੂੰ ਬਣਾਈ ਰੱਖਣ ਲਈ ਜੰਗਲੀ ਜੀਵਨ ਸੰਭਾਲ ਅਤੇ ਵਿਕਾਸ ਨੂੰ ਆਪਸ 'ਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਛੱਤਬੀੜ ਚਿੜੀਆਘਰ ’ਤੇ ਤਿਆਰ ਕੀਤੇ ਗਏ ਦਸਤਾਵੇਜ਼ੀ ਪੱਤਰਾਂ ਦੇ ਟੀਜ਼ਰ ਨੂੰ ਜਾਰੀ ਕਰਦਿਆਂ ਮੰਤਰੀ ਨੇ ਦੱਸਿਆ ਕਿ ਛੱਤਬੀੜ ਚਿੜੀਆਘਰ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਹੋ ਚੁੱਕਾ ਹੈ ਅਤੇ ਚਿੜੀਆਘਰ ਅਤੇ ਐਕੁਏਰੀਅਮ ਵਿਸ਼ਵ ਐਸੋਸੀਏਸ਼ਨ ‘ਵਾਜਾ’ ਦੀ ਮੈਂਬਰਸ਼ਿਪ ਹਾਸਲ ਕਰ ਚੁੱਕਾ ਹੈ। ਧਰਮਸੋਤ ਨੇ ਦੱਸਿਆ ਕਿ ਯੂ. ਪੀ. ਤੋਂ ਬਾਅਦ ਵੈੱਟਲੈਂਡ ਰਮਸਰ ਸਾਈਟਾਂ ਬਣਾਉਣ ਦੇ ਮਾਮਲੇ ’ਚ ਪੰਜਾਬ ਦੇਸ਼ 'ਚ ਦੂਜੇ ਨੰਬਰ ’ਤੇ ਹੈ।
ਪੰਜਾਬ ’ਚ 6 ਸਾਈਟਾਂ ਹਨ, ਜਦੋਂ ਕਿ ਉੱਤਰ ਪ੍ਰਦੇਸ਼ ’ਚ 7 ਹਨ। ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮ ਤਹਿਤ ਛੇਤੀ ਹੀ ਬਾਘਾ ਅਤੇ ਰਿੱਛਾਂ ਦੀਆਂ ਨਵੀਆਂ ਕਿਸਮਾਂ ਵੀ ਛੱਤਬੀੜ ਚਿੜੀਆਘਰ 'ਚ ਲਿਆਂਦੀਆਂ ਜਾਣਗੀਆਂ। ਪਿਛਲੇ ਸਾਲ ਬਿਆਸ 'ਚ ਘੜਿਆਲ ਨੂੰ ਸਫਲਤਾ ਪੂਰਵਕ ਛੱਡੇ ਜਾਣ ਤੋਂ ਬਾਅਦ, ਪਾਣੀ ਦਾ ਪੱਧਰ ਵੱਧਣ ਤੋਂ ਬਾਅਦ, ਸਾਲ ਦੇ ਅਖੀਰ ਤੱਕ ਬਿਆਸ 'ਚ 25 ਤੋਂ 30 ਹੋਰ ਘੜਿਆਲ ਛੱਡੇ ਜਾਣਗੇ। ਉਨ੍ਹਾਂ ਦੱਸਿਆ ਕਿ ਸਿੰਧ ਘਾਟੀ ਡੋਲਫਿਨ ਸੰਭਾਲ ਯੋਜਨਾ ਦੇ ਵਿਕਾਸ ਅਤੇ ਹਰੀਕੇ ਅਤੇ ਸਿਸਵਾਨ ਈਕੋ ਟੂਰਿਜ਼ਮ ਯੋਜਨਾਵਾਂ ਪਾਈਪ ਲਾਈਨ 'ਚ ਹਨ।
ਉਨ੍ਹਾਂ ਚਿੜੀਆਘਰ ਵਿਚ ਪੈਦਾ ਹੋਏ ਬਹੁਤ ਘੱਟ ਗਿਣਤੀ 'ਚ ਪਾਈ ਜਾਂਦੀ ਭਾਰਤੀ ਪ੍ਰਜਾਤੀ ਦੀ ਲੂੰਬੜੀ ਦੇ ਬੱਚੇ ਲੋਕਾਂ ਨੂੰ ਸਮਰਪਿਤ ਕੀਤੇ। ਸਮਾਗਮ ਨੂੰ ਪ੍ਰਿੰਸੀਪਲ ਚੀਫ ਕਨਜ਼ਰਵੇਟਰ ਜਤਿੰਦਰ ਸ਼ਰਮਾ, ਏ. ਸੀ. ਐੱਸ. ਜੰਗਲਾਤ ਰਵਨੀਤ ਕੌਰ, ਚੀਫ ਵਾਈਲਡ ਲਾਈਫ ਵਾਰਡਨ ਪੰਜਾਬ ਆਰ. ਕੇ. ਮਿਸ਼ਰਾ, ਡਾਇਰੈਕਟਰ ਛੱਤਬੀੜ ਚਿੜੀਆਘਰ ਸੁਦਾਗਰ ਆਈ. ਏ. ਐੱਸ. ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੰਤਰੀ ਵਲੋਂ ਜੰਗਲੀ ਜੀਵਾਂ ਦੀ ਰੱਖਿਆ 'ਚ ਕੰਮ ਕਰ ਰਹੇ ਵੱਖ-ਵੱਖ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਨਮਾਨਤ ਕੀਤਾ ਗਿਆ।
ਲਾਲੜੂ ਰੇਲਵੇ ਸਟੇਸ਼ਨ 'ਤੇ 7 ਦਿਨਾਂ ਤੋਂ ਤੰਬੂ ਲਾ ਕੇ ਧਰਨੇ 'ਤੇ ਬੈਠੇ ਕਿਸਾਨ
NEXT STORY