ਬਰਨਾਲਾ (ਵਿਵੇਕ ਸਿੰਧਵਾਨੀ)- ਨਗਰ ਕੌਂਸਲ ਬਰਨਾਲਾ ਦਾ ਮਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ 'ਚ ਪੁੱਜ ਗਿਆ ਹੈ। ਕਾਂਗਰਸੀ ਨਗਰ ਕੌਂਸਲਰ ਮਹੇਸ਼ ਕੁਮਾਰ ਲੋਟਾ ਤੇ ਕੁਲਦੀਪ ਕੁਮਾਰ ਧਰਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੱਤਰ ਲਿੱਖ ਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਦੀ ਬਦਲੀ ਕਰਨ ਦੀ ਮੰਗ ਕੀਤੀ ਹੈ।
ਕੀ ਲਿਖਿਆ ਹੈ ਪੱਤਰ 'ਚ
ਦੋਵਾਂ ਨਗਰ ਕੌਂਸਲਰਾਂ ਨੇ ਪੱਤਰ 'ਚ ਲਿਖਿਆ ਹੈ ਕਿ ਨਗਰ ਕੌਂਸਲ ਬਰਨਾਲਾ 'ਚ 31 ਨਗਰ ਕੌਂਸਲਰ ਹਨ, ਜਿਨ੍ਹਾਂ 'ਚੋਂ ਸਿਰਫ 3 ਕੌਂਸਲਰ ਹੀ ਕਾਂਗਰਸ ਦੀ ਟਿਕਟ 'ਤੇ ਚੋਣ ਜਿੱਤੇ ਸਨ। ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਬਰਨਾਲਾ ਦੇ ਹੁਕਮਾਂ 'ਤੇ ਸ਼ਹਿਰ 'ਚ ਬੇਸਹਾਰਾ ਪਸ਼ੂ ਫੜਨ ਦੀ ਡਿਊਟੀ ਨਗਰ ਕੌਂਸਲ ਬਰਨਾਲਾ ਦੀ ਲਾਈ ਗਈ ਸੀ। ਇਹ ਪਸ਼ੂ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੇ ਫੜੇ ਸਨ ਪਰ ਕਾਰਜ ਸਾਧਕ ਅਫਸਰ ਨੇ ਇਸ ਦਾ 1 ਲੱਖ 55 ਹਜ਼ਾਰ ਰੁਪਏ ਦਾ ਬੋਗਸ ਖਰਚਾ ਪਾ ਦਿੱਤਾ। ਇਸ ਸੰਬੰਧੀ ਨਗਰ ਕੌਂਸਲ ਦੇ ਸਫਾਈ ਸੇਵਕਾਂ ਦਾ ਇਕ ਵਫਦ ਉਨ੍ਹਾਂ ਨੂੰ ਮਿਲਿਆ ਸੀ, ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਵੱਲੋਂ ਬੇਸਹਾਰਾ ਪਸ਼ੂਆਂ ਨੂੰ ਫੜਨ ਲਈ ਪਾਏ ਗਏ ਖਰਚਿਆਂ 'ਚੋਂ ਇਕ ਵੀ ਰੁਪਿਆ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ।
ਇਸ ਸੰਬੰਧੀ ਏ. ਡੀ. ਸੀ. ਵੱਲੋਂ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਵੀ ਸੌਂਪ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹੰਡਿਆਇਆ ਰੋਡ 'ਤੇ ਮਹੇਸ਼ ਨਗਰ ਦਾ ਸੀਵਰੇਜ ਦਾ ਕੁਨੈਕਸ਼ਨ ਜੋੜਨ ਸੰਬੰਧੀ ਵੀ ਜਾਂਚ ਚੱਲ ਰਹੀ ਹੈ। ਜੇਕਰ ਕਾਰਜ ਸਾਧਕ ਅਫਸਰ ਬਰਨਾਲਾ 'ਚ ਹੀ ਰਹਿੰਦੇ ਹਨ ਤਾਂ ਕਾਰਵਾਈ ਨੂੰ ਪ੍ਰਭਾਵਿਤ ਕਰ ਸਕਦੇ ਹਨ, ਇਸ ਲਈ ਕਾਰਜ ਸਾਧਕ ਅਫਸਰ ਦੀ ਬਦਲੀ ਕੀਤੀ ਜਾਵੇ ਤਾਂ ਜੋ ਜਾਂਚ ਦਾ ਸਹੀ ਨਤੀਜਾ ਸਾਹਮਣੇ ਆ ਸਕੇ। ਇਸ ਤੋਂ ਇਲਾਵਾ 25 ਸਤੰਬਰ 2017 ਨੂੰ ਨਗਰ ਕੌਂਸਲ ਬਰਨਾਲਾ ਦੀ ਮੀਟਿੰਗ 'ਚ ਧਨੌਲਾ ਰੋਡ ਦੀ ਜਾਂਚ ਵਿਜੀਲੈਂਸ ਤੋਂ ਕਰਵਾਉਣ ਤੇ 2015 ਤੋਂ ਹੋਏ ਵਿਕਾਸ ਕਾਰਜਾਂ ਦੀ ਜਾਂਚ 3 ਮੈਂਬਰੀ ਕਮੇਟੀ ਬਣਾ ਕੇ ਕਰਵਾਉਣ ਦੀ ਮੰਗ ਕੀਤੀ ਗਈ ਸੀ ਕਿਉਂਕਿ ਮੈਂਬਰਾਂ ਦੀ ਸ਼ਿਕਾਇਤ ਸੀ ਕਿ ਜੋ ਸੜਕਾਂ ਬਣੀਆਂ ਹਨ, ਉਹ ਬਹੁਤ ਜਲਦ ਟੁੱਟ ਗਈਆਂ ਪਰ ਇਸ ਕਾਰਜ ਸਾਧਕ ਅਫਸਰ ਨੇ ਸਰਕਾਰ ਨੂੰ ਜੋ ਪ੍ਰੋਸੀਡਿੰਗ ਭੇਜੀ, ਉਸ ਵਿਚ ਉਕਤ ਦੋਵੇਂ ਮੰਗਾਂ ਕੱਟ ਦਿੱਤੀਆਂ ਗਈਆਂ, ਜਿਸ ਬਾਰੇ ਉਨ੍ਹਾਂ ਨੂੰ ਬਾਅਦ 'ਚ ਮੀਟਿੰਗ ਦੀ ਕਾਰਵਾਈ ਪੜ੍ਹ ਕੇ ਪਤਾ ਲੱਗਾ।
ਹੁਣ ਪੰਜਾਬ 'ਚ 10 ਸਾਲਾਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ ਤੇ ਜੇਕਰ ਇਸੇ ਤਰ੍ਹਾਂ ਹੀ ਕਾਂਗਰਸ ਦੇ ਮੈਂਬਰਾਂ ਦਾ ਅਪਮਾਨ ਹੁੰਦਾ ਰਿਹਾ ਤਾਂ ਅਸੀਂ ਲੋਕਾਂ ਦੇ ਕੰਮ ਕਿੱਥੋਂ ਕਰਵਾ ਸਕਾਂਗੇ। ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਮੈਂ 3 ਵਾਰ ਜਿੱਤਿਆ ਹੋਇਆ ਸਭ ਤੋਂ ਸੀਨੀਅਰ ਕੌਂਸਲਰ ਹਾਂ ਤੇ ਜੇਕਰ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਕਾਂਗਰਸ ਪਾਰਟੀ 'ਚ ਰਹਿ ਕੇ ਕੀ ਕਰਨਾ ਹੈ?
ਨੋਟਬੰਦੀ ਤੇ ਜੀ. ਐੱਸ. ਟੀ. ਨਾਲ ਰੱਦੀ ਬਣੀਆਂ ਇੰਜੀਨੀਅਰਿੰਗ ਦੀਆਂ ਡਿਗਰੀਆਂ
NEXT STORY