ਸਾਹਨੇਵਾਲ (ਜ. ਬ.) : ਆਪਣੀ ਮਾਂ ਅਤੇ ਭੈਣਾਂ ਨਾਲ ਮੇਲੇ ’ਚ ਗਏ ਇਕ 7 ਸਾਲਾ ਬੱਚੇ ਲਈ ਡਾਂਸ ਵਾਲੇ ਝੂਲੇ ’ਚ ਝੂਟੇ ਲੈਣ ਦੀ ਜ਼ਿੱਦ ਉਸ ਦਾ ਕਾਲ ਬਣ ਗਈ ਅਤੇ ਉਸ ਮਾਸੂਮ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ, ਜਿਸ ਕਾਰਨ ਪੂਰੇ ਪਰਿਵਾਰ 'ਤੇ ਦੁਸਹਿਰੇ ਦਾ ਤਿਉਹਾਰ ਦੁੱਖਾਂ ਦਾ ਪਹਾੜ ਬਣ ਕੇ ਟੁੱਟਾ। ਜਾਣਕਾਰੀ ਅਨੁਸਾਰ ਸ਼ਿਮਲਾਪੁਰੀ ਦੇ ਮੁਹੱਲਾ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਮਨਜੀਤ ਸਿੰਘ ਦਾ 7 ਸਾਲਾ ਬੱਚਾ ਖੁਸ਼ਪ੍ਰੀਤ ਆਪਣੀ ਮਾਂ ਅਤੇ ਤਿੰਨ ਭੈਣਾਂ ਨਾਲ ਗਿਆਸਪੁਰਾ ਸਥਿਤ ਦੁਸਹਿਰਾ ਮੇਲਾ ਦੇਖਣ ਲਈ ਗਿਆ ਸੀ, ਜਿੱਥੇ ਡਾਂਸਿੰਗ ਝੂਲੇ ’ਚ ਖੁਸ਼ਪ੍ਰੀਤ ਨੇ ਮਾਂ ਅਤੇ ਭੈਣਾਂ ਨਾਲ ਇਕ ਵਾਰ ਝੂਟੇ ਲਏ।
ਜਿਸ ਤੋਂ ਬਾਅਦ ਮੁੜ ਉਹ ਝੂਲੇ ’ਚ ਝੂਟੇ ਲੈਣ ਦੀ ਜ਼ਿੱਦ ਕਰਨ ਲੱਗਾ ਤਾਂ ਉਸ ਦੀ ਮਾਂ ਨੇ ਝੂਲੇ ਵਾਲੇ ਆਪਰੇਟਰ ਦੇ ਮਨ੍ਹਾਂ ਕਰਨ ਤੋਂ ਬਾਅਦ ਵੀ ਆਪਣੀ 15 ਸਾਲਾ ਧੀ ਨਾਲ ਖੁਸ਼ਪ੍ਰੀਤ ਨੂੰ ਝੂਲੇ ਉੱਪਰ ਬਿਠਾ ਦਿੱਤਾ ਪਰ ਮੁੜ ਝੂਟੇ ਲੈਣਾ ਖੁਸ਼ਪ੍ਰੀਤ ਨੂੰ ਨਸੀਬ ਨਹੀਂ ਹੋਇਆ ਅਤੇ ਪਹਿਲੇ ਚੱਕਰ ’ਚ ਹੀ ਸੰਤੁਲਨ ਵਿਗੜਨ ਨਾਲ ਖੁਸ਼ਪ੍ਰੀਤ ਅਤੇ ਉਸ ਦੀ ਭੈਣ ਝੂਲੇ ਤੋਂ ਹੇਠਾਂ ਡਿੱਗ ਗਏ। ਇਸ ਘਟਨਾ ਦੌਰਾਨ ਖ਼ੁਸਪ੍ਰੀਤ ਦੇ ਸਿਰ ’ਚ ਗੰਭੀਰ ਸੱਟ ਵੱਜ ਗਈ, ਜਿਸ ਨੂੰ ਤੁਰੰਤ ਈ. ਐੱਸ. ਆਈ. ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਖੁਸ਼ਪ੍ਰੀਤ ਨੂੰ ਮ੍ਰਿਤਕ ਐਲਾਨ ਦਿੱਤਾ। ਚੌਂਕੀ ਕੰਗਣਵਾਲ ਦੇ ਇੰਚਾਰਜ ਸਬ-ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਖੁਸ਼ਪ੍ਰੀਤ ਦੇ ਪਿਤਾ ਮਨਜੀਤ ਸਿੰਘ ਦੇ ਬਿਆਨਾਂ ’ਤੇ ਪੁਲਸ ਨੇ 174 ਦੀ ਕਾਰਵਾਈ ਅਮਲ ’ਚ ਲਿਆਉਂਦੇ ਹੋਏ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਲਾਸ ਵਾਰਸਾਂ ਦੇ ਹਵਾਲੇ ਕਰ ਦਿੱਤੀ।
ਸਿੰਘੂ ਬਾਰਡਰ ’ਤੇ ਕਤਲ ਕੀਤੇ ਲਖਬੀਰ ਨੂੰ ਨਿਆਂ ਦਿਵਾਉਣ ਲਈ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਤੋਂ ਮੰਗ
NEXT STORY