ਦੇਵੀਗੜ੍ਹ, (ਭੁਪਿੰਦਰ)— ਦੇਵੀਗੜ੍ਹ ਇਲਾਕੇ ਦੇ ਪਿੰਡ ਭਸਮੜਾ ਨੇੜੇ ਉਦੋਂ ਇਕ ਮਾੜੀ ਘਟਨਾ ਵਾਪਰ ਗਈ ਜਦੋਂ ਘੱਗਰ ਦਰਿਆ 'ਤੇ ਬਣੇ ਲੱਕੜ ਦੇ ਪੁਲ ਨੂੰ ਪਾਰ ਕਰਦਿਆਂ ਇਕ ਸਕੂਲੀ ਬੱਚਾ ਦਰਿਆ ਵਿਚ ਡਿੱਗ ਪਿਆ। ਉਸ ਨੂੰ ਬਚਾਉਣ ਲਈ ਨਾਲ ਚੱਲ ਰਹੇ ਦੂਜੇ ਬੱਚੇ ਨੇ ਵੀ ਦਰਿਆ ਵਿਚ ਛਾਲ ਮਾਰ ਦਿੱਤੀ। ਇਸ ਦੌਰਾਨ ਪਹਿਲੇ ਬੱਚੇ ਦੀ ਡੁੱਬਣ ਨਾਲ ਦਰਦਨਾਕ ਮੌਤ ਹੋ ਗਈ। ਦੂਜੇ ਨੂੰ ਰਾਹਗੀਰਾਂ ਵੱਲੋਂ ਬਚਾਅ ਲੈਣ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਪਿੰਡ ਭਸਮੜਾ ਦਾ 12ਵੀਂ ਦਾ ਵਿਦਿਆਰਥੀ ਸ਼ਮਸ਼ੇਰ ਸਿੰਘ (17) ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਭਸਮੜਾ ਤੇ ਉਸ ਦਾ ਚਚੇਰਾ ਭਰਾ ਜਸਵੀਰ ਸਿੰਘ ਜੱਸੀ ਪੁੱਤਰ ਰਾਮਪਾਲ ਸਿੰਘ ਵਾਸੀ ਹਦਾਇਤਪੁਰਾ ਰਾਜਪੁਰਾ ਜ਼ਿਲਾ ਪਟਿਆਲਾ ਪਿੰਡ ਨੇੜੇ ਘੱਗਰ ਦਰਿਆ ਨੂੰ ਪਾਰ ਕਰਨ ਲਈ ਇਕ ਲੱਕੜ ਦੇ ਬਣੇ ਪੁਲ ਉੱਤੋਂ ਲੰਘ ਰਹੇ ਸਨ। ਇਸ ਦੌਰਾਨ ਸ਼ਮਸ਼ੇਰ ਸਿੰਘ ਪੁਲ ਤੋਂ ਹੇਠਾਂ ਦਰਿਆ 'ਚ ਡਿੱਗ ਪਿਆ। ਉਸ ਨੂੰ ਬਚਾਉਣ ਲਈ ਜਸਵੀਰ ਸਿੰਘ ਜੱਸੀ ਨੇ ਵੀ ਦਰਿਆ ਵਿਚ ਛਾਲ ਮਾਰ ਦਿੱਤੀ। ਇਨ੍ਹਾਂ ਨੂੰ ਡੁਬਦਾ ਦੇਖ ਕੇ ਸ਼ਮਸ਼ੇਰ ਸਿੰਘ ਦੇ ਛੋਟੇ ਭਰਾ ਗੁਰਵਿੰਦਰ ਸਿੰਘ ਨੇ ਰੌਲਾ ਪਾ ਦਿੱਤਾ, ਜਿਸ ਕਾਰਨ ਦਰਿਆ ਨੇੜੇ ਖੇਤਾਂ ਵਿਚ ਕੰਮ ਕਰਦੇ ਲੋਕ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਅਤੇ ਦਰਿਆ ਵਿਚ ਛਾਲ ਮਾਰ ਕੇ ਡੁੱਬ ਰਹੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਦੋਂ ਦੋਹਾਂ ਬੱਚਿਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਤਾਂ ਸ਼ਮਸ਼ੇਰ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਜਸਵੀਰ ਸਿੰਘ ਜੱਸੀ ਜ਼ੇਰੇ-ਇਲਾਜ ਹੈ। ਇਸ ਘਟਨਾ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਫਤਿਹਵੀਰ ਸਬੰਧੀ ਭਗਵੰਤ ਮਾਨ ਨੇ ਕੀਤੀ ਕੇਂਦਰੀ ਗ੍ਰਹਿ ਮੰਤਰਾਲੇ ਤਕ ਪਹੁੰਚ
NEXT STORY